‘ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ: ਸੁਝਾਅ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
Chandigarh March 28, 2024:- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਸਿਖ ਰਿਸਰਚ ਇੰਸਟੀਟਿਊਟ (ਯੂ. ਐੱਸ. ਏ.) ਅਤੇ ਨਾਮ ਸ਼ਬਦ ਫਾਉਂਡੇਸ਼ਨ, ਚੰਡੀਗੜ੍ਹ ਵੱਲੋਂ ਹੋਲੇ-ਮਹੱਲੇ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ‘ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ: ਸੁਝਾਅ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਪਿਛਲੇ ਪੰਜ ਸਾਲਾਂ ਤੋਂ ‘ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ’ ਅੰਤਰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੇਕ ਪੱਖਾਂ ਨੂੰ ਲੈ ਕੇ ਕੀਤੇ ਜਾ ਰਹੇ ਖੋਜ ਕਾਰਜ ਨੂੰ ਵਿਚਾਰਿਆ ਗਿਆ।
Chandigarh March 28, 2024:- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਸਿਖ ਰਿਸਰਚ ਇੰਸਟੀਟਿਊਟ (ਯੂ. ਐੱਸ. ਏ.) ਅਤੇ ਨਾਮ ਸ਼ਬਦ ਫਾਉਂਡੇਸ਼ਨ, ਚੰਡੀਗੜ੍ਹ ਵੱਲੋਂ ਹੋਲੇ-ਮਹੱਲੇ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ‘ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ: ਸੁਝਾਅ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਪਿਛਲੇ ਪੰਜ ਸਾਲਾਂ ਤੋਂ ‘ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ’ ਅੰਤਰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੇਕ ਪੱਖਾਂ ਨੂੰ ਲੈ ਕੇ ਕੀਤੇ ਜਾ ਰਹੇ ਖੋਜ ਕਾਰਜ ਨੂੰ ਵਿਚਾਰਿਆ ਗਿਆ। ਸੈਮੀਨਾਰ ਦਾ ਆਰੰਭ ਭਾਈ ਨਵਦੀਪ ਸਿੰਘ ਵੱਲੋਂ ਗਾਇਨ ਕੀਤੇ ‘ਹੋਲੀ ਕੀਨੀ ਸੰਤ ਸੇਵ’ ਦੇ ਸ਼ਬਦ ਨਾਲ ਹੋਇਆ। ਪ੍ਰੋ. ਸਰਬਜੀਤ ਸਿੰਘ, ਪੰਜਾਬੀ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਏ ਹੋਏ ਸਰੋਤਿਆਂ ਨੂੰ ‘ਜੀ ਆਇਆਂ’ ਕਹਿੰਦਿਆਂ ਇਸ ਪ੍ਰੌਜੈਕਟ ਨੂੰ ਸਮੇਂ ਦੀ ਮੁਖ ਲੋੜ ਮੰਨਿਆਂ। ਪ੍ਰੌਜੈਕਟ ਲੀਡ ਸ੍ਰ. ਹਰਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰੌਜੈਕਟ ਇਕ ਲੰਮੀ ਰੀਝ ਵਿਚੋਂ ਪੈਦਾ ਹੋਇਆ ਹੈ। ਸਿਖ ਰਿਸਰਚ ਇੰਸਟੀਟਿਊਟ ਨਾਲ ਜੁੜੇ ਹੋਏ ਸਮੂਹ ਸੱਜਣਾ ਦੇ ਦਿਲ ਦੀ ਇਹ ਰੀਝ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਜਿਹੜਾ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਵਿਸ਼ਾਲ ਗਿਆਨ ਸਾਨੂੰ ਮਿਲਿਆ ਹੈ, ਉਸ ਨੂੰ ਕੁਲ ਲੋਕਾਈ ਨਾਲ ਸਾਂਝਾ ਕੀਤਾ ਜਾਵੇ। ਇਸ ਭਾਵਨਾ ਤਹਿਤ ਸ਼ੁਰੂ ਕੀਤਾ ਗਿਆ ਇਹ ਪ੍ਰੌਜੈਕਟ ਆਪਣੇ ਲਗਭਗ ਵੀਹ ਸਾਲ ਦੇ ਮਿੱਥੇ ਸਮੇਂ ਵਿਚੋਂ ਪੰਜ ਸਾਲ ਦਾ ਸਮਾਂ ਸਫਲਤਾ ਪੂਰਵਕ ਅਤੇ ਆਪਣੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਦਾ ਹੋਇਆ ਮੁਕੰਮਲ ਕਰ ਚੁੱਕਾ ਹੈ।
ਇਸ ਪ੍ਰੌਜੈਕਟ ਦੇ ਕੰਨਟੈਂਟ ਲੀਡ ਡਾ. ਜਸਵੰਤ ਸਿੰਘ ਨੇ ਕਿਹਾ ਕਿ ਇਸ ਪ੍ਰੌਜੈਕਟ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਾਬਦਕ ਤੇ ਭਾਵਆਰਥਕ-ਸਿਰਜਣਾਤਮਕ ਅਨੁਵਾਦ ਦੇ ਨਾਲ-ਨਾਲ ਬਾਣੀ ਦਾ ਇਤਿਹਾਸਕ, ਸੰਗੀਤਕ, ਵਿਆਖਿਆਤਮਕ, ਕਾਵਿਕ ਆਦਿ ਪੱਖਾਂ ਤੋਂ ਵੀ ਅਧਿਐਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰ ਇਕ ਸ਼ਬਦ ਦੀ ਵਿਉਤਪਤੀ ਅਤੇ ਵਿਆਕਰਣ ਸੰਬੰਧੀ ਇਕ ਵਿਸ਼ਾਲ ਕੋਸ਼ ਵੀ ਤਿਆਰ ਕੀਤਾ ਜਾ ਰਿਹਾ ਹੈ। ਇਹ ਸਾਰਾ ਕਾਰਜ ਇੰਸਟੀਟਿਊਟ ਦੀ ਵੈਬਸਾਇਟ:gurugranthsahibproject.io ’ਤੇ ਮੌਜੂਦ ਹੈ। ਪੰਜਾਬੀ ਅਤੇ ਅੰਗ਼ਰੇਜ਼ੀ ਭਾਸ਼ਾਵਾਂ ਵਿਚ ਆਨ-ਲਾਇਨ ਰੂਪ ਵਿਚ ਹਰ ਇਕ ਦੀ ਪਹੁੰਚ ਵਾਲਾ ਇਹ ਪ੍ਰੌਜੈਕਟ ਇਕ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਗੂਗਲ ਤਿਆਰ ਕੀਤਾ ਜਾ ਰਿਹਾ ਹੈ। ਡਾ. ਜਸਪਾਲ ਕੌਰ ਕਾਂਗ, ਸਾਬਕਾ ਮੁਖੀ, ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕਿਹਾ ਕਿਇਹ ਬਹੁਤ ਖੁਸ਼ੀ ਦੀ ਗੱਲ ਹੈ ਇਸ ਸੈਮੀਨਾਰ ਦੇ ਮਾਧਿਅਮ ਰਾਹੀਂ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵੱਡੀ ਗਿਣਤੀ ਵਿਚ ਇਕ ਮੰਚ ’ਤੇ ਇਕੱਠੇ ਹੋਏ ਹਨ।
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਬਾਬਾ ਸਰਬਜੋਤ ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੂਚਨਾ ਅਤੇ ਤਕਨਾਲੋਜੀ ਦੇ ਇਸ ਯੁਗ ਵਿਚ ਇਹ ਮੁਖ ਲੋੜ ਹੈ ਕਿ ਧਾਰਮਿਕ ਵਿਚਾਰਾਂ ਨੂੰ ਵੀ ਇਨ੍ਹਾਂ ਦੇ ਮਾਧਿਅਮਾਂ ਰਾਹੀ ਕੁੱਲ ਲੋਕਾਈ ਤੱਕ ਵਿਸ਼ਵਾਸਯੋਗ ਰੂਪ ਵਿਚ ਪਹੁੰਚਾਇਆ। ਸਿਖ ਰਿਸਰਚ ਇੰਸਟੀਟਿਊਟ ਦਾ ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ ਇਸ ਲੋੜ ਨੂੰ ਬਾਖੂਬੀ ਪੂਰਾ ਕਰ ਰਿਹਾ ਹੈ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਇਹ ਪ੍ਰੌਜੈਕਟ ਨਿਰਧਾਰਤ ਸਮੇਂ ਵਿਚ ਨਿਰਵਿਘਨਤਾ ਸਹਿਤ ਆਪਣੇ ਟੀਚਿਆਂ ਨੂੰ ਪ੍ਰਾਪਤ ਕਰੇਗਾ। ਉਨ੍ਹਾਂ ਆਪਣੇ ਵੱਲੋਂ ਇਸ ਪ੍ਰੌਜੈਕਟ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਵੀ ਦਿੱਤਾ।ਉਨ੍ਹਾਂ ਵੱਖ-ਵੱਖ ਬੁਲਾਰਿਆਂ ਦੇ ਵਿਚਾਰਾਂ ਨੂੰ ਸਮੇਟਦਿਆਂ ਕਿਹਾ ਕਿ ਮੁਕੰਮਲ ਹੋ ਜਾਣ ਉਪਰੰਤ ਇਹ ਪ੍ਰੌਜੈਕਟ ਇਕ ਮੀਲ ਪੱਥਰ ਸਾਬਤ ਹੋਵੇਗਾ। ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਸੰਬੰਧੀ ਇਹ ਇਕ ਪਹਿਲਾ ਪ੍ਰੌਜੈਕਟ ਹੈ, ਜਿਸ ਵਿਚ ਇਕ ਵੱਡੀ ਟੀਮ ਵੱਲੋਂ ਸਮੂਹਕ ਰੂਪ ਵਿਚ ਇੰਨੀ ਵਿਸ਼ਾਲ ਪੱਧਰ ’ਤੇ ਖੋਜ-ਕਾਰਜ ਕੀਤਾ ਜਾ ਰਿਹਾ ਹੈ। ਇਸ ਸੈਸ਼ਨ ਵਿਚ ਪ੍ਰੌਜੈਕਟ ਦੀ ਅੰਗ਼ਰੇਜ਼ੀ ਟੀਮ ਵੱਲੋਂ ਜਸਲੀਨ ਕੌਰ ਤੇ ਸੁਖਮਨ ਕੌਰ ਨੇ ਅੰਗ਼ਰੇਜ਼ੀ ਟੀਮ ਦੀ ਕਾਰਜ-ਪ੍ਰਣਾਲੀ ਸੰਬੰਧੀ ਜਾਣਕਾਰੀ ਦਿੱਤੀ।
ਬਾਅਦ ਦੁਪਹਿਰ ਦੇ ਪੈਨਲ ਡਿਸਕਸ਼ਨ ਸੈਸ਼ਨ ਵਿਚ ਬਾਬਾ ਤੇਜਾ ਸਿੰਘ ਖੁੱਡੇ ਵਾਲੇ, ਪ੍ਰੋ. ਮਨਪ੍ਰੀਤ ਸਿੰਘ, ਉਪ-ਕੁਲਪਤੀ, ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ, ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਬੀਬੀ ਹਰਜਿੰਦਰ ਕੌਰ, ਸਾਬਕਾ ਮੇਅਰ, ਚੰਡੀਗੜ੍ਹ, ਸ. ਜਸਵੰਤ ਸਿੰਘ ਜ਼ਫ਼ਰ, ਸ. ਗੁਰਮੀਤ ਸਿੰਘ, ਸੰਸਥਾਪਕ ਪ੍ਰਧਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਵੱਲੋਂ ਪੈਨਲ ਵਿਚਾਰ-ਚਰਚਾ ਕੀਤੀ ਗਈ। ਸਮੂਹ ਬੁਲਾਰਿਆਂ ਨੇ ਜਿੱਥੇ ਇਸ ਪ੍ਰੌਜੈਕਟ ਨੂੰ ਮੌਜੂਦਾ ਸਮੇਂ ਦੀ ਮੁੱਖ ਲੋੜ ਮੰਨਿਆਂ ਉੱਥੇ ਇਸ ਪ੍ਰੌਜੈਕਟ ਵਿਚ ਕੀਤੇ ਜਾ ਰਹੇ ਖੋਜ-ਕਾਰਜ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਵੀ ਕੀਤਾ। ਅੰਤ ਵਿਚ ਪ੍ਰੋ. ਅਵਤਾਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦੌਰਾਨ ਮੰਚ-ਸੰਚਾਲਕਾਂ ਦੀ ਭੂਮਿਕਾ ਡਾ. ਸੋਹਨ ਸਿੰਘ ਅਤੇ ਡਾ. ਵਿਕਰਮ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰੋ. ਉਮਾ ਸੇਠੀ, ਪ੍ਰੋ. ਗੁਰਪ੍ਰੀਤ ਕੌਰ, ਡਾ. ਰੋਹਿਨੀ ਸ਼ਰਮਾ, ਪ੍ਰੋ. ਨੀਰਜ ਜੈਨ, ਪ੍ਰੋ. ਸੁਮਨ ਮੱਕੜ, ਡਾ. ਗੁਰਚਰਨ ਸਿੰਘ, ਚੇਤਨ ਸਿੰਘ, ਸ. ਐੱਮ. ਐੱਸ. ਗਿੱਲ, ਡਾ. ਰਾਜਿੰਦਰ ਸਿੰਘ ਆਦਿ ਸਮੇਤ ਵੱਖ-ਵੱਖ ਸੰਪ੍ਰਦਾਵਾਂ, ਪ੍ਰੰਪਰਾਵਾਂ ਤੇ ਵਿੱਦਿਅਕ ਅਦਾਰਿਆਂ ਤੋਂ ਬਹੁ-ਗਿਣਤੀ ਵਿਚ ਵਿਦਵਾਨ ਮੌਜੂਦ ਸਨ।
