
ਕੁਸ਼ਟ ਰੋਗ ਨਾ ਤਾਂ ਖਾਨਦਾਨੀ ਬਿਮਾਰੀ ਨਾ ਹੀ ਕੋਈ ਦੈਵੀ ਸ਼ਰਾਪ - ਡਾ. ਵਰਿੰਦਰ ਕੁਮਾਰ
ਨਵਾਂਸ਼ਹਿਰ - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਕੁਸ਼ਟ ਵਿਰੋਧੀ ਦਿਵਸ ਦੇ ਮੱਦੇਨਜ਼ਰ ਮਿਤੀ 30 ਜਨਵਰੀ, 2024 ਤੋਂ 12 ਫਰਵਰੀ, 2024 ਤੱਕ ਚਲਾਈ ਜਾ ਰਹੀ "ਸਪਰਸ਼ ਜਾਗਰੂਕਤਾ" ਮੁਹਿੰਮ ਤਹਿਤ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਵਰਿੰਦਰ ਕੁਮਾਰ ਨੇ ਅੱਜ ਦੋਆਬਾ ਕੁਸ਼ਟ ਆਸ਼ਰਮ, ਨਵਾਂਸ਼ਹਿਰ ਦਾ ਦੌਰਾ ਕੀਤਾ।
ਨਵਾਂਸ਼ਹਿਰ - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਕੁਸ਼ਟ ਵਿਰੋਧੀ ਦਿਵਸ ਦੇ ਮੱਦੇਨਜ਼ਰ ਮਿਤੀ 30 ਜਨਵਰੀ, 2024 ਤੋਂ 12 ਫਰਵਰੀ, 2024 ਤੱਕ ਚਲਾਈ ਜਾ ਰਹੀ "ਸਪਰਸ਼ ਜਾਗਰੂਕਤਾ" ਮੁਹਿੰਮ ਤਹਿਤ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਵਰਿੰਦਰ ਕੁਮਾਰ ਨੇ ਅੱਜ ਦੋਆਬਾ ਕੁਸ਼ਟ ਆਸ਼ਰਮ, ਨਵਾਂਸ਼ਹਿਰ ਦਾ ਦੌਰਾ ਕੀਤਾ।
ਇਸ ਮੌਕੇ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੁਸ਼ਟ ਰੋਗ ਤੋਂ ਪੀੜਤ ਵਿਅਕਤੀਆਂ ਨੂੰ 30 ਸੈਲਫ-ਕੇਅਰ ਕਿੱਟਾਂ ਅਤੇ 59 ਬੂਟਾਂ ਦੇ ਜੋੜੇ ਵੰਡੇ ਗਏ। ਇਸ ਮੌਕੇ ਜਿਲ੍ਹਾ ਲੈਪਰੋਸੀ ਅਫਸਰ ਡਾ. ਵਰਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ 12 ਫ਼ਰਵਰੀ ਤੱਕ ਮਨਾਏ ਜਾ ਰਹੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੰਦਰਵਾੜੇ ਤਹਿਤ ਕੁਸ਼ਟ ਰੋਗੀਆਂ ਨਾਲ ਕਿਸੇ ਕਿਸਮ ਦਾ ਭੇਦਭਾਵ ਨਾ ਕਰਨ ਅਤੇ ਕੁਸ਼ਟ ਰੋਗ ਦੇ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਤੋਂ ਪੀੜਤ ਵਿਅਕਤੀ ਨੂੰ ਛੂਹਣ ਨਾਲ, ਹੱਥ ਮਿਲਾਉਣ, ਨਾਲ ਖੇਡਣ ਜਾਂ ਕੰਮ ਕਰਨ ਨਾਲ ਨਹੀਂ ਫੈਲਦਾ ਹੈ। ਉਨਾਂ ਦੱਸਿਆ ਕਿ ਕੁਸ਼ਟ ਰੋਗ ਇਲਾਜ਼ਯੋਗ ਹੈ ਅਤੇ ਇਸ ਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਮੁੱਢਲੀ ਅਵਸਥਾ ਵਿੱਚ ਇਸ ਦੇ ਚਿੰਨ੍ਹਾਂ ਦੀ ਪਛਾਣ ਕਰਕੇ ਤੁਰੰਤ ਇਲਾਜ ਸ਼ੁਰੂ ਕਰਵਾਇਆ ਜਾਵੇ।ਉਨ੍ਹਾਂ ਦੱਸਿਆ ਕਿ ਕੁਸ਼ਟ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀਆਂ ਨਾਲ ਸਮਾਜ ਨੂੰ ਹਮੇਸਾਂ ਚੰਗਾ ਵਿਹਾਰ ਕਰਨਾ ਚਾਹੀਦਾ ਹੈ ਤਾਂ ਕਿ ਪੀੜਤ ਵਿਅਕਤੀ ਮਾਨਸਿਕ ਪੱਖੋਂ ਤਕੜਾ ਹੋ ਕੇ ਬਿਮਾਰੀ ਨੂੰ ਮਾਤ ਦੇ ਸਕੇ। ਡਾ. ਕੁਮਾਰ ਨੇ ਦੱਸਿਆ ਕਿ ਚਮੜੀ ਦੇ ਰੰਗ ਨਾਲੋਂ ਫਿੱਕਾ, ਇੱਕ ਜਾਂ ਇੱਕ ਤੋਂ ਜ਼ਿਆਦਾ ਦਾਗ/ਧੱਬੇ ਜੋ ਸੁੰਨ ਹੋਣ ਤੇ ਸੁੱਕੇ ਹੋਣ, ਪਸੀਨਾ ਨਾ ਆਉਣਾ, ਖਾਰਿਸ਼, ਜਲਣ ਜਾਂ ਚੁਭਣ ਨਾ ਹੋਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ। ਉਨਾਂ ਦੱਸਿਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ 'ਤੇ ਮਰੀਜ਼ ਨੂੰ ਠੰਡੇ-ਤੱਤੇ ਅਤੇ ਕਿਸੇ ਵੀ ਤਰਾਂ ਦੀ ਸੱਟ ਲੱਗਣ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਸਰੀਰ ਦੀ ਅੰਗਹੀਣਤਾ ਹੋ ਜਾਂਦੀ ਹੈ। ਜ਼ਿਲ੍ਹਾ ਲੈਪਰੋਸੀ ਅਫਸਰ ਨੇ ਦੱਸਿਆ ਕਿ ਕੁਸ਼ਟ ਰੋਗ ਨਾ ਤਾਂ ਖਾਨਦਾਨੀ ਬਿਮਾਰੀ ਹੈ ਨਾ ਹੀ ਕੋਈ ਦੈਵੀ ਸ਼ਰਾਪ ਹੈ, ਸਗੋਂ ਇਹ ਰੋਗ ਮਾਮੂਲੀ ਬਿਮਾਰੀ ਹੈ, ਜੋ ਕਿ ਇੱਕ ਜੀਵਾਣੂ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਮਿਲਦਾ ਹੈ।ਇਸ ਦੇ ਇਲਾਜ ਦਾ ਸਮਾਂ 6 ਮਹੀਨੇ ਜਾਂ 12 ਮਹੀਨੇ ਹੁੰਦਾ ਹੈ।
