ਸੜਕਾਂ 'ਤੇ ਰਹਿ ਰਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਣ ਬਸੇਰੇ 'ਚ ਪਹੁੰਚਾਇਆ

ਪਟਿਆਲਾ, 13 ਜਨਵਰੀ - ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹਦਾਇਤਾਂ ਅਨੁਸਾਰ ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਰਹਿ ਰਹੇ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਕੇ ਰੈਣ ਬਸੇਰੇ 'ਚ ਪਹੁੰਚਾਇਆ ਗਿਆ।

ਪਟਿਆਲਾ, 13 ਜਨਵਰੀ - ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਹਦਾਇਤਾਂ ਅਨੁਸਾਰ ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਰਹਿ ਰਹੇ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਨਗਰ ਨਿਗਮ ਪਟਿਆਲਾ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਕੇ ਰੈਣ ਬਸੇਰੇ 'ਚ ਪਹੁੰਚਾਇਆ ਗਿਆ। ਠੰਡ ਦੇ ਅਲਰਟ ਦੇ ਚਲਦਿਆਂ ਟੀਮ ਵੱਲੋਂ ਸ੍ਰੀ ਦੁਖਨਿਵਾਰਨ ਸਾਹਿਬ, ਬਾਰਾਂਦਰੀ ਬਾਗ, ਮਾਲ ਰੋਡ ਅਤੇ ਲੀਲਾ ਭਵਨ ਦੇ ਨਜ਼ਦੀਕ ਬੈਠੇ ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ 'ਚ ਪਹੁੰਚਾਇਆ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਟੀਮ ਵੱਲੋਂ ਉਕਤ ਸਥਾਨਾਂ 'ਤੇ ਬੈਠੇ ਲੋਕਾਂ ਨੂੰ ਸਮਝਾਇਆ ਗਿਆ ਅਤੇ ਠੰਡ ਕਾਰਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕਾਂ ਨੇ ਰੈਣ ਬਸੇਰੇ 'ਚ ਜਾਣ ਲਈ ਟੀਮ ਦਾ ਸਹਿਯੋਗ ਕੀਤਾ। ਇਸ ਟੀਮ ਵਿੱਚ ਨਗਰ ਨਿਗਮ ਤੋਂ ਇੰਸਪੈਕਟਰ ਵਿਸ਼ਾਲ ਸ਼ਰਮਾ, ਸੁਪਰਡੈਂਟ ਸੰਜੀਵ ਗਰਗ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ, ਪੁਲਿਸ ਵਿਭਾਗ ਤੋਂ ਸੁਖਦੇਵ ਸਿੰਘ ਅਤੇ ਪਰਮਿੰਦਰ ਸਿੰਘ, ਨਗਰ ਨਿਗਮ ਤੋਂ ਰੋਹਿਤ ਗੋਇਲ, ਪੁਨੀਤ ਸਿੰਗਲਾ ਵੀ ਸ਼ਾਮਲ ਸਨ।
ਰੈਣ ਬਸੇਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਅੰਦਰ ਲੋੜਵੰਦਾਂ ਲਈ ਰੈਣ ਬਸੇਰੇ ਬਣਾਏ ਹਨ, ਜਿੱਥੇ ਠੰਢ ਦੇ ਇਸ ਮੌਸਮ ਵਿੱਚ ਸੜਕਾਂ ਕਿਨਾਰੇ ਰਾਤਾਂ ਗੁਜ਼ਾਰਨ ਵਾਲੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਰਾਤ ਸਮੇਂ ਸੌਣ ਲਈ ਬਿਸਤਰਾ ਤੇ ਸਿਰ 'ਤੇ ਛੱਤ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰੈਣ ਬਸੇਰਿਆਂ ਵਿਖੇ ਨਹਾਉਣ ਲਈ ਗਰਮ ਪਾਣੀ, ਫਸਟ ਏਡ ਕਿਟ, ਸਾਫ਼-ਸੁਥਰੇ ਬਿਸਤਰੇ, ਸੀ.ਸੀ.ਟੀ.ਵੀ. ਕੈਮਰੇ, ਆਰ.ਓ. ਪਾਣੀ ਅਤੇ ਅੱਗ ਬੁਝਾਊ ਯੰਤਰਾਂ, ਸਾਫ਼ ਸਫਾਈ, ਟਾਇਲੈਟ ਤੋਂ ਇਲਾਵਾ ਸੁਰੱਖਿਆ ਦਾ ਵੀ ਇੰਤਜ਼ਾਮ ਹੈ।