ਦਸਵੇਂ ਦਿਨ ਵਿੱਚ ਦਾਖਿਲ ਹੋਇਆ 108 ਐਬੂਲੈਂਸ ਕਰਮਚਾਰੀਆਂ ਦਾ ਮਰਨ ਵਰਤ, ਇਕ ਦੀ ਹਾਲਤ ਗੰਭੀਰ

ਐਸ ਏ ਐਸ ਨਗਰ, 29 ਦਸੰਬਰ - 108 ਐਬੂਲੈਂਸ ਇੰਪਲਾਈਜ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤਾ ਜਾ ਰਿਹਾ ਮਰਨ ਵਰਤ ਅੱਜ ਦਸਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਇਸ ਦੌਰਾਨ ਮਰਨ ਵਰਤ ਤੇ ਬੈਠੇ ਇੱਕ ਕਰਮਚਾਰੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਐਸ ਏ ਐਸ ਨਗਰ, 29 ਦਸੰਬਰ - 108 ਐਬੂਲੈਂਸ ਇੰਪਲਾਈਜ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੀਤਾ ਜਾ ਰਿਹਾ ਮਰਨ ਵਰਤ ਅੱਜ ਦਸਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਇਸ ਦੌਰਾਨ ਮਰਨ ਵਰਤ ਤੇ ਬੈਠੇ ਇੱਕ ਕਰਮਚਾਰੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

108 ਐਂਬੂਲੈਂਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਨਵੰਬਰ ਮਹੀਨੇ ਤੋਂ ਸਮੂਹ ਮੁਲਾਜਮ ਪਾਇਲਟ ਅਤੇ ਈ. ਐਮ. ਟੀ ਆਪਣੀਆਂ ਜਾਇਜ ਮੰਗਾਂ ਦੇ ਹੱਕ ਵਿੱਚ ਸਮੂਹਕ ਭੁੱਖ ਹੜਤਾਲ ਤੇ ਹਨ ਅਤੇ ਭੁੱਖ ਹੜਤਾਲ ਦੌਰਾਨ ਐਬੂਲੈਂਸ ਚਲਾ ਕੇ ਆਪਣਾ ਰੋਸ ਜਾਹਰ ਕਰ ਰਹੇ ਹਨ ਪਰੰਤੂ ਐਬੂਲੈਂਸਾ ਦਾ ਰੱਖ ਰਖਾਓ ਕਰਨ ਵਾਲੀ ਹੈਲਥ ਕੇਅਰ ਕੰਪਨੀ ਵੱਲੋਂ ਮੁਲਾਜਮ ਮੰਗਾਂ ਦਾ ਨਿਪਟਾਰਾ ਕਰਨ ਦੀ ਥਾਂ ਸਟਾਫ ਦੀਆਂ ਫਰਜੀ ਹਾਜਰੀਆਂ ਲਗਾ ਕੇ ਸਰਕਾਰ ਤੋਂ ਖੜੀਆਂ ਗੱਡੀਆਂ ਦੇ ਕਲੇਮ ਹਾਸਿਲ ਕੀਤੇ ਜਾ ਰਹੇ ਹਨ ਅਤੇ ਕੰਪਨੀ ਦੇ ਇਸ ਵਰਤਾਰੇ ਦਾ ਵਿਰੋਧ ਕਰਨ ਵਾਲੇ ਕਰਮਚਾਰੀਆਂ ਦਾ ਮਨੋਬਲ ਤੋੜਨ ਲਈ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ। ਅਵਾਜ ਨੂੰ ਦਬਾਇਆ ਜਾ ਰਿਹਾ ਹੈ।

ਉਹਨਾਂ ਇਲਜਾਮ ਲਗਾਇਆ ਕਿ ਕੰਪਨੀ ਦੇ ਅਧਿਕਾਰੀ ਆਪਣੀ ਜਾਨ ਪਹਿਚਾਣ ਦੇ ਲੋਕਲ ਮਿਸਤਰੀਆਂ ਕੋਲੋਂ ਗੱਡੀਆਂ ਦਾ ਕੰਮ ਕਰਵਾਉਂਦੇ ਹਨ ਅਤੇ ਏਜੰਸੀ ਤੋਂ ਸਹੀ ਸਮੇ ਸਰਵਿਸ ਨਾ ਕਰਵਾਏ ਜਾਣ ਕਾਰਨ ਗੱਡੀਆਂ ਦੀ ਵਰੰਟੀ ਸਮੇ ਤੋਂ ਪਹਿਲਾ ਖਤਮ ਹੋ ਰਹੀ ਹੈ। ਉਹਨਾਂ ਜੀਵਨ ਰੱਖਿਆ ਪ੍ਰਣਾਲੀ ਵਿੱਚ ਵਰਤੇ ਜਾਣ ਵਾਲੇ ਸਾਮਾਨ ਦੇ ਵੀ ਖਰਾਬ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕੇ ਸਾਮਾਨ ਖਰਾਬ ਹੋਣ ਕਾਰਨ ਉਹਨਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਜਿਲਾ ਪੱਧਰ ਤੇ ਡਿਪਟੀ ਮੈਡੀਕਲ ਕਮਿਸ਼ਨਰਾਂ) ਅਤੇ ਰਾਜ ਪੱਧਰ ਤੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਰਾਹੀਂ ਪੱਤਰ ਭੇਜ ਕੇ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਸੰਬੰਧੀ ਯੂਨੀਅਨ ਵਲੋਂ ਐਸ ਐਸ ਪੀ ਮੁਹਾਲੀ ਨੂੰ ਪੱਤਰ ਭੇਜਿਆ ਗਿਆ ਹੈ ਜਿਸਦੀ ਪੜਤਾਲ ਐਸ.ਪੀ ਦਿਹਾਤੀ ਸz ਮਨਪ੍ਰੀਤ ਸਿੰਘ ਪੀ.ਪੀ.ਐਸ ਪਾਸ ਪੈਂਡਿੰਗ ਹੈ।

ਯੂਨੀਅਨ ਪ੍ਰਧਾਨ ਅਤੇ ਸੂਬਾ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਸਾਥੀ ਗੁਰਜੀਤ ਸਿੰਘ, ਬਲਜਿੰਦਰ ਸਿੰਘ, ਹਰਮੀਤ ਸਿੰਘ, ਬਲਵਿੰਦਰ ਗੁਰੂ ਅਤੇ ਸ਼ਰਨਜੀਤ ਕੌਰ ਨੇ 20 ਦਸੰਬਰ ਤੋਂ ਮੋਹਾਲੀ ਐਬੂਲੈਂਸ ਬੇਸ ਤੇ ਭੁੱਖ ਹੜਤਾਲ ਨੂੰ ਮਰਨ ਵਰਤ ਵਿਚ ਤਬਦੀਲ ਕਰ ਦਿੱਤਾ ਸੀ ਜਿਸਨੂੰ ਅੱਜ 10ਵਾਂ ਦਿਨ ਹੈ। ਉਹਨਾਂ ਕਿਹਾ ਕਿ ਕੱਲ ਨੌਵੇਂ ਦਿਨ ਇਕ ਸਾਥੀ ਕਰਮਚਾਰੀ ਹਰਮੀਤ ਸਿੰਘ ਦੀ ਹਾਲਤ ਵਿਗੜ ਗਈ ਸੀ ਜ਼ੋ ਸਿਵਲ ਹਸਪਤਾਲ, ਮੁਹਾਲੀ ਵਿਖੇ ਜ਼ੇਰੇ ਇਲਾਜ਼ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮਰਨ ਵਰਤ ਤੇ ਬੈਠੇ ਅਤੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ 1500 ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਆ ਕੇ ਮੁੱਖ ਮੰਤਰੀ ਨੂੰ ਚਾਬੀਆਂ ਸੌਂਪ ਦੇਣਗੇ। ਇਸਦੇ ਨਾਲ ਹੀ ਸੂਬਾ ਪੱਧਰੀ ਇਕੱਠ ਕਰਕੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਮਾਨਯੋਗ ਹਾਈ ਕੋਰਟ ਅਤੇ ਸੀ.ਬੀ.ਆਈ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਪਰਮਿੰਦਰ ਸਿੰਘ, ਸੁਖਰਾਜ ਸਿੰਘ, ਸਾਗਰ ਅਰੋੜਾ, ਅਰਵਿੰਦ ਚੌਹਾਨ, ਗੁਰਪ੍ਰੀਤ ਸਿੰਘ, ਅਮਨ ਸੰਗਰੂਰ ਆਦਿ ਅਤੇ ਮਰਨ ਵਰਤ ਤੇ ਬੈਠੇ ਸਾਥੀ ਮੌਜੂਦ ਸੀ।