ਜ਼ਿਲ੍ਹਾ ਪ੍ਰਸ਼ਾਸਨ ਤੇ ਕਿਸਾਨਾਂ ਦਰਮਿਆਨ ਹੋਈ ਸਹਿਮਤੀ, ਅੰਦੋਲਨ ਖ਼ਤਮ, ਜੇਲ ਭੇਜੇ ਕਿਸਾਨ ਰਿਹਾਅ

ਮੌੜ ਮੰਡੀ/ਬਠਿੰਡਾ- ਸੀਵਰੇਜ ਮਸਲੇ ਨੂੰ ਲੈਕੇ ਜਿੱਥੇ ਲੀਡਰਾਂ ਦੀ ਆਪਸੀ ਬਿਆਨਬਾਜ਼ੀ ਨਾਲ ਮੌੜ ਦੀ ਸਿਆਸਤ ਗਰਮਾਈ ਹੋਈ ਹੈ ਉੱਥੇ ਪਿੰਡ ਘਸੋਖਾਨਾ ਵਿਚ ਸੀਵਰੇਜ਼ ਪਾਈਪ ਲਾਈਨ ਪਾਉਣ ਨੂੰ ਲੈਕੇ ਚੱਲ ਰਿਹਾ ਅੰਦੋਲਨ ਇੱਕ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਘਰਸ਼ਕਾਰੀ ਕਿਸਾਨਾਂ ਦਰਮਿਆਨ ਹੋਈ ਸਹਿਮਤੀ ਮਗਰੋਂ ਖਤਮ ਹੋ ਗਿਆ।

ਮੌੜ ਮੰਡੀ/ਬਠਿੰਡਾ- ਸੀਵਰੇਜ ਮਸਲੇ ਨੂੰ ਲੈਕੇ ਜਿੱਥੇ ਲੀਡਰਾਂ ਦੀ ਆਪਸੀ ਬਿਆਨਬਾਜ਼ੀ ਨਾਲ ਮੌੜ ਦੀ ਸਿਆਸਤ ਗਰਮਾਈ ਹੋਈ ਹੈ ਉੱਥੇ ਪਿੰਡ ਘਸੋਖਾਨਾ ਵਿਚ ਸੀਵਰੇਜ਼ ਪਾਈਪ ਲਾਈਨ ਪਾਉਣ ਨੂੰ ਲੈਕੇ ਚੱਲ ਰਿਹਾ ਅੰਦੋਲਨ ਇੱਕ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਘਰਸ਼ਕਾਰੀ ਕਿਸਾਨਾਂ ਦਰਮਿਆਨ ਹੋਈ ਸਹਿਮਤੀ ਮਗਰੋਂ ਖਤਮ ਹੋ ਗਿਆ। 
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਅਤੇ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂਆਂ ਨੇ ਆਪਣਾ ਵਰਤ ਖੋਲ ਲਿਆ। ਪ੍ਰਸ਼ਾਸਨ ਨੇ ਵੀ ਕਿਸਾਨਾਂ ਨਾਲ ਹੋਈ ਸਹਿਮਤੀ ਮੁਤਾਬਿਕ ਪਿੰਡ ਦੇ ਖੇਤਰ ਵਿੱਚ ਸੀਵਰੇਜ਼ ਪਾਈਪ ਲਾਈਨ ਪਾਉਣ ਦੇ ਕੰਮ ਨੂੰ ਰੋਕ ਦਿੱਤਾ, ਜਦਕਿ ਬਾਕੀ ਖੇਤਰ ਵਿੱਚ ਪਾਈਪ ਲਾਈਨ ਪਾਉਣ ਦਾ ਕੰਮ ਲਗਾਤਾਰ ਚੱਲੇਗਾ‌। 
ਦੱਸਣਯੋਗ ਹੈ ਕਿ ਮੌੜ ਮੰਡੀ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡ ਘਸੋਖਾਨਾ ਵਿੱਚੋਂ ਸੀਵਰੇਜ ਪਾਈਪ ਲਾਈਨ ਪਾਈ ਜਾ ਰਹੀ ਹੈ ਜਿਸਦਾ ਪਿੰਡ ਵਾਸੀ ਵਿਰੋਧ ਕਰ ਰਹੇ ਸਨ। ਪਿੰਡ ਵਾਸੀਆਂ ਨਾਲ ਹੁੰਦੀ ਧੱਕੇਸ਼ਾਹੀ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਮੋਰਚਾ ਖੋਲ੍ਹਦਿਆਂ ਪ੍ਰਦਰਸ਼ਨ ਕੀਤੇ ਜਿਸਦੇ ਮਗਰੋਂ ਪੁਲੀਸ ਨੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਸੀ। 
ਇਸ ਦੌਰਾਨ ਐਸ ਕੇ ਐੱਮ ਗੈਰ ਰਾਜਨੀਤਿਕ ਦੇ ਸੱਦੇ ਤਹਿਤ ਜੱਥੇਬੰਦੀ ਨੇ 'ਜੇਲ ਭਰੋ ਅੰਦੋਲਨ' ਸ਼ੁਰੂ ਕੀਤਾ ਤੇ 126 ਕਿਸਾਨਾਂ ਨੂੰ ਜੇਲ੍ਹ ਭੇਜਿਆ ਦੂਸਰੇ ਪਾਸੇ ਪੁਲਿਸ ਵੱਲੋਂ ਲਿਆਂਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਵਿੱਚ ਅੱਧੀ ਦਰਜਨ ਕਿਸਾਨਾਂ, ਜੋ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ, ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਕਿਸਾਨਾਂ ਵੱਲੋਂ ਰੋਜ਼ਾਨਾ ਗ੍ਰਿਫ਼ਤਾਰੀਆਂ ਦੇਣ ਦੇ ਚੱਲਦਿਆਂ ਡੀ ਆਈ ਜੀ ਬਠਿੰਡਾ, ਡਿਪਟੀ ਕਮਿਸ਼ਨਰ ਬਠਿੰਡਾ, ਅਤੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਦੀ ਉਕਤ ਮਸਲੇ ਨੂੰ ਲੈਕੇ ਕਿਸਾਨ ਆਗੂਆਂ ਨਾਲ ਲੰਬਾ ਸਮਾਂ ਮੀਟਿੰਗ ਹੋਈ।
 ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਘਸੋਖਾਨਾ ਦੇ ਖੇਤਰ ਵਿੱਚ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਰੋਕਣ, ਗ੍ਰਿਫਤਾਰ ਕੀਤੇ ਸਾਰੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਰਿਹਾਅ ਕਰਨ ਦੀ ਸਹਿਮਤੀ ਦਿੱਤੀ ਅਤੇ ਕਿਸਾਨਾਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਲਈ ਕਿਹਾ। 
ਪ੍ਰਸ਼ਾਸਨਿਕ ਭਰੋਸੇ ਮਗਰੋਂ ਏ ਡੀ ਸੀ,ਐਸ ਡੀ ਐਮ ਅਤੇ ਐੱਸ ਪੀ ਸਿਟੀ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਬਲਦੇਵ ਸਿੰਘ ਸੰਦੋਹਾ, ਲਖਵਿੰਦਰ ਸਿੰਘ ਲੱਖੀ ਜੰਗਲ, ਹਰਭਜਨ ਮਹਿਤਾ, ਨਛੱਤਰ ਸਿੰਘ ਘਸੋਖਾਨਾ, ਗੁਰਮੀਤ ਸਿੰਘ ਘਸੋਖਾਨਾ ਅਤੇ ਹਰਬੰਸ ਸਿੰਘ ਘਸੋਖਾਨਾ ਨੂੰ ਮੌਕੇ ਤੇ ਪਹੁੰਚੇ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜੂਸ ਪਿਆ ਕੇ ਉਹਨਾਂ ਦਾ ਵਰਤ ਤੋੜਿਆ।
ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਤੇ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪਿੰਡ ਘਸੋਖਾਨਾ ਦੇ ਲੋਕਾਂ ਨਾਲ ਧੱਕੇ ਨਾਲ ਸੀਵਰੇਜ ਪਾਈਪ ਲਾਈਨ ਪਾਉਣ ਨੂੰ ਲੈਕੇ ਹੋਈ ਬੇਇਨਸਾਫ਼ੀ ਲਈ ਲੰਬੀ ਲੜਾਈ ਲੜੀ ਗਈ ਹੈ ਕਿਸਾਨਾਂ ਦੇ ਸੰਘਰਸ਼ ਦਾ ਸਿੱਟਾ ਹੈ ਕਿ ਪ੍ਰਸ਼ਾਸਨ ਇਸ ਗੱਲ ਤੇ ਸਹਿਮਤ ਹੋਇਆ ਕਿ ਅਸੀਂ ਪਿੰਡ ਘਸੋਖਾਨਾ 'ਚ ਕੰਮ ਬੰਦ ਕਰਦੇ ਹਾਂ ਅਤੇ ਜਿੱਥੇ ਕੋਈ ਅੜਿੱਕਾ ਨਹੀਂ, ਉੱਥੇ ਕੰਮ ਕਰਾਂਗੇ। ਕਿਸਾਨਾਂ ਦੇ ਤਰਕਾਂ ਤੇ ਵਿਚਾਰ ਕਰਾਂਗੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਕਰਦਾ ਹੈ ਤਾਂ ਉਹ ਦੁਬਾਰਾ ਅੰਦੋਲਨ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੇ।