ਸ਼ਹਿਰ ਦੀ ਸਫਾਈ ਦੇ ਮੁੱਦੇ ’ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਐਸ ਏ ਐਸ ਨਗਰ, 28 ਮਈ- ਮੁਹਾਲੀ ਸ਼ਹਿਰ ਵਿਚ ਦਿਨੋਂ-ਦਿਨ ਵੱਧ ਰਹੀ ਗੰਦਗੀ ਅਤੇ ਕੂੜੇ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੁਹਾਲੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਕਾਰਨ ਸ਼ਹਿਰ ਦੇ ਵਾਸੀਆਂ ਦੀ ਸਿਹਤ ਲਈ ਪੈਦਾ ਹੋਏ ਗੰਭੀਰ ਖਤਰੇ ਤੋਂ ਬਚਾਅ ਲਈ ਉਹ ਤੁਰੰਤ ਦਖਲਅੰਦਾਜੀ ਕਰਨ ਅਤੇ ਗਮਾਡਾ ਨਾਲ ਤਾਲਮੇਲ ਕਰਕੇ ਕੂੜਾ ਨਿਪਟਾਰੇ ਲਈ ਜਮੀਨ ਮੁਹਈਆ ਕਰਵਾਉਣ।

ਉਹਨਾਂ ਪੱਤਰ ਵਿਚ ਕਿਹਾ ਹੈ ਕਿ ਕੂੜੇ ਦਾ ਨਿਪਟਾਰਾ ਨਾ ਹੋਣ ਕਾਰਨ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਮੁੱਖ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਹਨ ਜਿਹਨਾਂ ਕਾਰਨ ਨਾ ਸਿਰਫ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗਿਆ ਹੈ ਬਲਕਿ ਇਸ ਕਾਰਨ ਗੰਭੀਰ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਸਥਿਤੀ ਪੈਦਾ ਹੋ ਗਈ ਹੈ। ਉਹਨਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮੌਜੂਦਾ ਸਮੱਸਿਆ ਦਾ ਮੁੱਖ ਕਾਰਨ ਕੂੜਾ ਡੰਪ ਕਰਨ ਲਈ ਢੁਕਵੀਂ ਸਥਾਨ ਦੀ ਘਾਟ ਹੈ। ਹਾਈਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਕਰਕੇ ਮੌਜੂਦਾ ਡੰਪਿੰਗ ਗ੍ਰਾਊਂਡ ਬੰਦ ਹੋ ਚੁੱਕਾ ਹੈ ਅਤੇ ਗਮਾਡਾ ਵੱਲੋਂ ਕੋਈ ਨਵੀਂ ਥਾਂ ਉਪਲਬਧ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਨਗਰ ਨਿਗਮ ਵੱਲੋਂ ਆਰ.ਐਮ.ਸੀ. ਪੁਆਇੰਟਾਂ ਉੱਤੇ ਕੂੜੇ ਦਾ ਨਿਪਟਾਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਇਹ ਨਾਕਾਫੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਕੋਲ ਆਪਣੀ ਕੋਈ ਜਮੀਨ ਨਹੀਂ ਹੈ ਅਤੇ ਉਹ ਗਮਾਡਾ ਦੀ ਜਮੀਨ ਉੱਤੇ ਨਿਰਭਰ ਹੈ। ਉਹਨਾਂ ਦੱਸਿਆ ਕਿ ਗਮਾਡਾ ਵੱਲੋਂ ਜਮੀਨਾਂ ਵੇਚ ਕੇ ਕਰੋੜਾਂ ਰੁਪਏ ਦੀ ਆਮਦਨ ਕੀਤੀ ਜਾ ਰਹੀ ਹੈ, ਪਰ ਸ਼ਹਿਰ ਦੀ ਬੁਨਿਆਦੀ ਸਮੱਸਿਆ (ਕੂੜੇ ਦਾ ਨਿਪਟਾਰਾ ਕਰਨ) ਲਈ ਕੋਈ ਢੁਕਵੀਂ ਜਗ੍ਹਾ ਉਪਲਬਧ ਨਹੀਂ ਕਰਵਾਈ ਜਾ ਰਹੀ।
ਪੱਤਰ ਵਿਚ ਉਹਨਾਂ ਚਿੰਤਾ ਜਾਹਿਰ ਕੀਤੀ ਕਿ ਗਰਮੀ ਦੇ ਮੌਸਮ ਵਿਚ ਥਾਂ-ਥਾਂ ਕੂੜੇ ਨੂੰ ਅੱਗ ਲੱਗ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਲੋਕਾਂ ਦੇ ਜੀਵਨ ਲਈ ਖਤਰਾ ਬਣ ਰਿਹਾ ਹੈ। ਉਹਨਾਂ ਕਿਹਾ ਕਿ ਅੱਗੇ ਬਰਸਾਤਾਂ ਦਾ ਮੌਸਮ ਆ ਰਿਹਾ ਹੈ ਅਤੇ ਕੂੜੇ ਦਾ ਮਸਲਾ ਹੱਲ ਨਾ ਹੋਇਆ ਤਾਂ ਸ਼ਹਿਰ ਵਾਸਤੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਉਹਨਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਸ਼ਹਿਰ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਗਮਾਡਾ ਅਤੇ ਨਗਰ ਨਿਗਮ ਵਿਚਕਾਰ ਤਾਲਮੇਲ ਕਰਵਾਉਣ ਅਤੇ ਜਲਦੀ ਤੋਂ ਜਲਦੀ ਢੁਕਵੀਂ ਜਗ੍ਹਾ ਮੁਹਈਆ ਕਰਵਾਉਣ ਲਈ ਲਾਜਮੀ ਕਦਮ ਚੁੱਕਣ। ਇਹ ਉਪਰਾਲਾ ਸਿਰਫ ਮੁਹਾਲੀ ਦੀ ਸਫਾਈ ਵਿਵਸਥਾ ਨੂੰ ਸੁਧਾਰਨ ਵਿਚ ਸਹਾਇਕ ਹੋਵੇਗਾ, ਸਗੋਂ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵੀ ਅਹਿਮ ਹੋਵੇਗਾ।