
ਸੋਭਾ ਸਿੰਘ ਚਿੱਤਰਕਾਰ 'ਤੇ ਲਿਖੀ ਸੁਚਿੱਤਰ ਪੁਸਤਕ ਗੁਰਦੁਆਰਾ ਮਿਲਵੁਡਜ਼ ਐਡਮਿੰਟਨ ਵਿਖੇ ਕੀਤੀ ਰਿਲੀਜ਼
ਐਡਮਿੰਟਨ, 19 ਨਵੰਬਰ - ਪਿਛਲੇ ਦਿਨੀਂ ਡਾ. ਹਿਰਦੇਪਾਲ ਸਿੰਘ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਸੋਭਾ ਸਿੰਘ ਆਰਟਿਸਟ ਲਾਈਫ ਐਂਡ ਲੈਗੇਸੀ’ ਨੂੰ ਗੁਰਦੁਆਰਾ ਮਿਲਵੁਡਜ਼ (ਗੁਰਸਿੱਖ ਸੁਸਾਇਟੀ ਆਫ ਐਡਮਿੰਟਨ) ਵਿਖੇ ਸੰਗਤਾਂ ਦੇ ਭਰੇ ਦੀਵਾਨ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕੀਤੀ ਗਈ।
ਐਡਮਿੰਟਨ, 19 ਨਵੰਬਰ - ਪਿਛਲੇ ਦਿਨੀਂ ਡਾ. ਹਿਰਦੇਪਾਲ ਸਿੰਘ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਸੋਭਾ ਸਿੰਘ ਆਰਟਿਸਟ ਲਾਈਫ ਐਂਡ ਲੈਗੇਸੀ’ ਨੂੰ ਗੁਰਦੁਆਰਾ ਮਿਲਵੁਡਜ਼ (ਗੁਰਸਿੱਖ ਸੁਸਾਇਟੀ ਆਫ ਐਡਮਿੰਟਨ) ਵਿਖੇ ਸੰਗਤਾਂ ਦੇ ਭਰੇ ਦੀਵਾਨ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕੀਤੀ ਗਈ। ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਹੂੰਝਣ, ਜਨਰਲ ਸਕੱਤਰ ਬਲਬੀਰ ਸਿੰਘ ਚਾਨਾ, ਸੀਨੀਅਰ ਮੀਤ ਪ੍ਰਧਾਨ ਭਾਈ ਨਰਿੰਦਰ ਸਿੰਘ, ਪਰਮਜੀਤ ਸਿੰਘ ਉੱਭੀ (ਪ੍ਰਿੰਸੀਪਲ ਰਾਮਗੜ੍ਹੀਆ ਖਾਲਸਾ ਸਕੂਲ) ਤੋਂ ਇਲਾਵਾ ਕਮੇਟੀ ਮੈਂਬਰ ਪਵਿੱਤਰ ਸਿੰਘ ਮਖੂ, ਗੁਰਦੀਪ ਸਿੰਘ ਝਾਜੀ, ਨਿਰਮਲ ਸਿੰਘ ਭੂਈ ਅਤੇ ਗਿਆਨੀ ਗੁਰਮੀਤ ਸਿੰਘ ਨੇ ਅਦਾ ਕੀਤੀ। ਇਸ ਅਵਸਰ 'ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਹੂੰਝਣ ਨੇ ਕਿਹਾ ਕਿ ਸੋਭਾ ਸਿੰਘ ਸਿੱਖ ਕੌਮ ਦਾ ਮਾਨ ਅਤੇ ਸ਼ਾਨ ਸਨ ਜਿਨ੍ਹਾਂ ਆਪਣੀ ਸੂਖ਼ਮ ਕਲਾ ਰਾਹੀਂ ਸਿੱਖ ਗੁਰੂ ਸਾਹਿਬਾਨ, ਭਗਤਾਂ, ਸਿੱਖ ਸ਼ਹੀਦਾਂ ਦੇ ਜੋ ਪੋਰਟਰੇਟ ਬਣਾਏ ਉਹ ਕਾਬਲੇ ਤਾਰੀਫ ਹਨ। ਉਹਨਾਂ ਦੇ ਸਿਖਰਾਂ ਛੋਂਹਦੇ ਹੁਨਰ ਅਤੇ ਉੱਤਮ ਕਲਾ ਕਰਕੇ ਭਾਰਤ ਸਰਕਾਰ ਨੇ ਉਹਨਾਂ ਨੂੰ ਸਰਬਉੱਚ ਐਵਾਰਡ "ਪਦਮ ਸ਼੍ਰੀ" ਨਾਲ ਨਿਵਾਜ਼ਿਆ। ਉਹ ਭਾਰਤ ਦੇ ਪਹਿਲੇ ਚਿੱਤਰਕਾਰ ਸਨ ਜਿਨ੍ਹਾਂ ਦੀ ਯਾਦ ਵਿਚ ਭਾਰਤ ਸਰਕਾਰ ਨੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ। ਗੁਰੂ ਘਰ ਦੇ ਜਨਰਲ ਸਕੱਤਰ ਬਲਵੀਰ ਸਿੰਘ ਚਾਨਾ ਨੇ ਦੱਸਿਆ ਤੇ ਉਹਨਾਂ ਦੀਆਂ ਕਲਾ ਕਿਰਤਾਂ ਪੂਰੇ ਵਿਸ਼ਵ ਵਿੱਚ ਆਪਣੀ ਮਹਿਕ ਖਿੰਡਾ ਰਹੀਆਂ ਹਨ। ਗੁਰੂ ਨਾਨਕ ਜੀ ਦੇ ਸੁੰਦਰ ਪੋਰਟਰੇਟ ਮਿਊਜ਼ੀਅਮ ਤੇ ਆਰਟ ਗੈਲਰੀ ਚੰਡੀਗੜ੍ਹ ਵਿੱਚ ਸਮੁੱਚੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕਰਦੇ ਹਨ। ਗੁਰਦੁਆਰਾ ਮਿਲਵੁਡਜ਼ ਦੀ ਸਮੁੱਚੀ ਕਮੇਟੀ ਵੱਲੋਂ ਡਾ. ਹਿਰਦੇਪਾਲ ਸਿੰਘ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ ਗਈ ਅਤੇ ਉੱਘੇ ਵਿਦਵਾਨ ਜੈਤੇਗ ਸਿੰਘ ਅਨੰਤ ਦੀ ਸਿਹਤਯਾਬੀ ਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ।
