
ਸਸਤੇ ਸਫਰ ਦਾ ਆਨੰਦ ਦੇਣ ਲਈ ਪੀ.ਆਰ.ਟੀ.ਸੀ. ਨੇ ਦੋ ਏ ਸੀ ਵੋਲਵੋ ਬੱਸਾਂ ਕੀਤੀਆਂ ਲੋਕ ਸਪੁਰਦ
ਪਟਿਆਲਾ, 10 ਨਵੰਬਰ - ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੁਖਾਲੇ ਸਫਰ ਲਈ ਦੋ ਬੱਸਾਂ ਹੋਰ ਸ਼ਾਮਲ ਕੀਤੀਆਂ ਗਈਆਂ ਹਨ।
ਪਟਿਆਲਾ, 10 ਨਵੰਬਰ - ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੁਖਾਲੇ ਸਫਰ ਲਈ ਦੋ ਬੱਸਾਂ ਹੋਰ ਸ਼ਾਮਲ ਕੀਤੀਆਂ ਗਈਆਂ ਹਨ। ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਚੇਅਰਮੈਨ ਪੀ.ਆਰ.ਟੀ.ਸੀ ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੇ ਚੰਗੇ ਕਾਮਿਆਂ ਦੇ ਹਰ ਤਰ੍ਹਾਂ ਨਾਲ ਮਿਲ ਰਹੇ ਸਾਥ ਨਾਲ ਵਿਭਾਗ ਜਲਦ ਵਾਧੇ ਦਾ ਵਿਭਾਗ ਬਣ ਕੇ ਉਭਰੇਗਾ। ਹਡਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੁਣ ਤਕ ਇਸ ਮਹਿਕਮੇ ਨੂੰ ਅਕਸਰ ਘਾਟੇ ਵਿੱਚ ਦਿਖਾਇਆ ਜਾਂਦਾ ਸੀ ਜਿਸ ਦਾ ਸਭ ਤੋਂ ਵੱਡਾ ਕਾਰਨ 70 ਸਾਲ ਤੋਂ ਕਬਜ਼ਾ ਕਰੀ ਬੈਠੀਆਂ ਸਰਕਾਰਾਂ ਅਤੇ ਮਹਿਕਮੇ ਦੇ ਕੁਝ ਸ਼ਰਾਰਤੀ ਅਨਸਰ ਸਨ, ਜੋ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਘੁਣ ਵਾਂਗ ਖਾ ਰਹੇ ਸਨ। ਇਹ ਹੀ ਨਹੀਂ ਬਲਕਿ ਸਾਬਕਾ ਸਰਕਾਰਾਂ ਦੀ ਸ਼ਹਿ ਤੇ ਮੋਟੇ ਪੈਸੇ ਕਮਾ ਚੁੱਕੇ ਕੁੱਝ ਪ੍ਰਾਈਵੇਟ ਬੱਸ ਮਾਲਕ ਦੇਰ ਰਾਤ ਨਜਾਇਜ ਬੱਸਾਂ ਚਲਾ ਕੇ ਮਹਿਕਮੇ ਦਾ ਸਿਰ ਦਰਦ ਬਣੇ ਹੋਏ ਸਨ। ਜਿਨ੍ਹਾਂ ਵਿਚੋਂ ਹੁਣ ਤੱਕ 21 ਦੇ ਕਰੀਬ ਪ੍ਰਾਈਵੇਟ ਨਜਾਇਜ਼ ਬੱਸਾਂ ਨੂੰ ਫੜ ਕੇ ਸਟੇਟ ਟਰਾਂਸਪੋਰਟ ਤਹਿਤ ਬਣਦੀ ਕਾਰਵਾਈ ਕਰ ਕੇ ਮੋਟਾ ਜੁਰਮਾਨਾ ਜਾ ਬੰਦ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੋਰੀ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਕੀਤਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਲਗਾਤਾਰ ਚੈਕਿੰਗ ਦੌਰਾਨ ਪੀ ਆਰ ਟੀ ਸੀ ਦੇ ਵੱਖ ਵੱਖ ਡਿਪੂਆਂ ਦੇ 16 ਡਰਾਇਵਰਾਂ ਤੋਂ ਅੰਦਾਜ਼ਨ 500 ਲੀਟਰ ਡੀਜ਼ਲ ਚੋਰੀ ਕਰਦੇ ਫੜਿਆ ਗਿਆ, ਜਿਸ ਦੀ ਕੀਮਤ ਲਗਭਗ 42409 ਰੁਪਏ ਬਣਦੀ ਹੈ। ਉਨ੍ਹਾਂ ਦਾਵਾ ਕੀਤਾ ਕਿ ਪੀ ਆਰ ਟੀ ਸੀ ਅਹਿਮ ਜ਼ਿੰਮੇਵਾਰੀ ਨਿਭਾਵੇਗਾ। ਇਸ ਨਾਲ ਜਿਥੇ ਮਹਿਕਮੇ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ ਉਥੇ ਕਰਮਚਾਰੀਆਂ ਦੇ ਤਨਖਾਹ, ਪੈਨਸ਼ਨਾਂ ਆਦਿ ਦੇ ਮਸਲੇ ਪੈਦਾ ਨਹੀ ਹੋਣਗੇ। ਇਸ ਮੌਕੇ ਪਟਿਆਲਾ ਡਿਪੂ ਦੇ ਜੀ ਐਮ ਅਮਨਵੀਰ ਸਿੰਘ ਟਿਵਾਣਾ, ਜਨਰਲ ਮੈਨੇਜਰ ਐਮ ਪੀ ਸਿੰਘ, ਜਨਰਲ ਮੇਨੈਜਰ ਮਨਿੰਦਰਪਾਲ ਸਿੰਘ ਸਿੱਧੂ, ਐਕਸੀਅਨ ਜਤਿੰਦਰਪਾਲ ਸਿੰਘ ਗਰੇਵਾਲ, ਰਮਨਜੋਤ ਸਿੰਘ ਪੀ ਏ ਟੂ ਚੇਅਰਮੈਨ ਪੀ ਆਰ ਟੀ ਸੀ, ਹਰਪਿੰਦਰ ਚੀਮਾ ਤੇ ਹੋਰ ਕਈ ਅਧਿਕਾਰੀ ਅਤੇ ਵਿਭਾਗ ਦੇ ਕਰਮਚਾਰੀ ਮੌਜੂਦ ਰਹੇ।
