ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਧਾਰਮਿਕ ਸਮਾਗਮ 12 ਨਵੰਬਰ ਨੂੰ,

ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਪਿਛਲੇ ਲਗਭਗ 10 ਸਾਲਾਂ ਤੋਂ ਤਥਾਗਤ ਭਗਵਾਨ ਬੁੱਧ ਦੀਆਂ ਕਲਿਆਣਕਾਰੀ ਸਿੱਖਆਵਾਂ ਤੇ ਰੋਜ਼ਾਨਾ ਧਿਆਨ ਸਾਧਨਾ ਦੇ ਅਭਿਆਸ ਰਾਹੀਂ ਸਚਿਆਈ ਦੇ ਮਾਰਗ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈl

ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਪਿਛਲੇ ਲਗਭਗ 10 ਸਾਲਾਂ ਤੋਂ ਤਥਾਗਤ ਭਗਵਾਨ ਬੁੱਧ ਦੀਆਂ ਕਲਿਆਣਕਾਰੀ  ਸਿੱਖਆਵਾਂ ਤੇ ਰੋਜ਼ਾਨਾ ਧਿਆਨ ਸਾਧਨਾ ਦੇ ਅਭਿਆਸ ਰਾਹੀਂ ਸਚਿਆਈ ਦੇ ਮਾਰਗ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈl ਇਸੇ ਲੜੀ ਨੂੰ ਜਾਰੀ ਰੱਖਦਿਆਂ 12 ਨਵੰਬਰ ਦਿਨ ਐਤਵਾਰ ਨੂੰ ਸਵੇਰੇ 11 ਤੋਂ 12 ਵਜੇ ਤੱਕ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 'ਬੁੱਧ ਧੰਮ ਦੀਪ ਦਾਨ ਸਮਾਰੋਹ ਮੌਕੇ ਇੱਕ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈl ਇਸ ਦਿਨ ਸਭ ਤੋਂ ਪਹਿਲਾਂ ਬੁੱਧ ਵੰਦਨਾ ਕੀਤੀ ਜਾਵੇਗੀ, ਉਪਰੰਤ ਤਥਾਗਤ ਭਗਵਾਨ ਬੁੱਧ ਅਤੇ ਹੋਰ ਬੁੱਧ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਆਸਥਾ ਦੇ ਪ੍ਰਤੀਕ ਵਜੋਂ ਮੋਮਬੱਤੀ ਅਤੇ ਅਗਰਬੱਤੀ ਬਾਲੀ ਜਾਏਗੀl ਉਸ ਤੋਂ ਬਾਅਦ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਵੇਗੀl ਚਾਹ ਪਾਣੀ ਦਾ ਖਾਸ ਪ੍ਰਬੰਧ ਹੋਵੇਗਾl ਵਰਨਣਯੋਗ ਹੈ ਕਿ ਬੁੱਧ ਧਰਮ ਵਿੱਚ ਇਸ ਦਿਨ ਦੀ ਵਿਸ਼ੇਸ਼ ਮਹੱਤਤਾ ਹੈl ਦਿਵਾਲੀ ਦੇ ਦਿਨ ਅੱਜ ਤੋਂ 2560 ਸਾਲ ਪਹਿਲਾਂ ਤਥਾਗਤ ਭਗਵਾਨ ਬੁੱਧ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਆਪਣੀ ਜਨਮਭੂਮੀ  ਕਪਲਵਸਤੂ ਵਿਖੇ  ਗਏ ਸਨl ਉਨਾਂ ਦੇ ਕਪਲਵਸਤੂ ਆਉਣ ਦੀ ਖੁਸ਼ੀ ਵਿੱਚ ਉਹਨਾਂ ਦੇ ਸ਼ਰਧਾਲੂਆਂ ਨੇ ਖੁਸ਼ੀ ਵਿੱਚ ਦੀਵੇ ਜਗਾ ਕੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਸੀl ਇਸ ਮੌਕੇ ਤਥਾਗਤ ਭਗਵਾਨ ਬੁੱਧ ਨੇ ਆਪਣੇ ਪ੍ਰਵਚਨਾਂ ਵਿੱਚ ਹਾਜ਼ਰ ਸੰਗਤਾਂ ਨੂੰ 'ਆਪਣਾ ਦੀਪਕ ਆਪ ਬਣਨ' ਦਾ ਸੰਦੇਸ਼ ਦਿੱਤਾ ਅਤੇ ਇਸ ਦੇ ਨਾਲ ਹੀ ਗਿਆਨਵਾਨ ਅਤੇ ਵਿਵੇਕਸ਼ੀਲ ਬਣਕੇ  ਆਪਣੇ ਦੁੱਖਾਂ ਦੇ ਕਾਰਨਾਂ ਨੂੰ ਜਾਣ ਕੇ ਉਹਨਾਂ ਨੂੰ ਹੱਲ ਕਰਨ ਦਾ ਰਸਤਾ ਅਪਣਾ ਕੇ ਸੁਖ ਸ਼ਾਂਤੀ ਦਾ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾl ਇਸੇ ਤਰ੍ਹਾਂ ਤਥਾਗਤ ਭਗਵਾਨ ਬੁੱਧ ਤੋਂ ਤਕਰੀਬਨ 250 ਸਾਲ ਬਾਅਦ ਚੱਕਰਵਰਤੀ ਸਮਰਾਟ ਅਸ਼ੋਕ ਨੇ ਕਲਿੰਗਾ ਦੇ ਯੁੱਧ ਦੌਰਾਨ ਯੁੱਧ ਦਾ ਰਸਤਾ ਛੱਡ ਕੇ ਬੁੱਧ ਦੇ ਧੰਮ ਦਾ ਰਸਤਾ ਫੜ ਲਿਆ ਸੀl ਇਸ ਤੋਂ ਬਾਅਦ ਸਮਰਾਟ ਅਸ਼ੋਕ ਨੇ ਦੇਸ਼ ਵਿਦੇਸ਼ ਵਿੱਚ ਬੁੱਧ ਧਰਮ ਦਾ ਪ੍ਰਚਾਰ ਕੀਤਾ ਅਤੇ ਤਥਾਗਤ ਭਗਵਾਨ ਬੁੱਧ ਦੇ ਅਨੇਕਾਂ ਹੀ ਸਤੂਪ ਅਤੇ ਮੂਰਤੀਆਂ ਦਾ ਨਿਰਮਾਣ ਕਰਵਾਇਆl ਸਮਰਾਟ ਅਸ਼ੋਕ ਦੇ ਇਸ ਪ੍ਰਚਾਰ ਸਦਕਾ ਹੀ  ਏਸ਼ੀਆ ਮਹਾਂਦੀਪ ਵਿੱਚ ਬੁੱਧ ਧਰਮ ਦਾ ਪ੍ਰਚਾਰ ਪ੍ਰਸਾਰ ਸੰਭਵ ਹੋ ਸਕਿਆl ਬੁੱਧ ਧਰਮ ਦੇ ਮੰਨਣ ਵਾਲੇ ਇਸ ਦਿਨ ਨੂੰ ਬੁੱਧ ਧਰਮ ਦੀਪ ਦਾਨ ਸਮਾਰੋਹ ਕਰਕੇ ਮਨਾਉਂਦੇ ਹਨl ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 14 ਅਕਤੂਬਰ 1956 ਨੂੰ ਨਾਗਪੁਰ ਦੀ ਪਵਿੱਤਰ ਧਰਤੀ ਤੇ 6 ਲੱਖ ਲੋਕਾਂ ਦੀ ਹਾਜ਼ਰੀ ਵਿੱਚ ਬੁੱਧ ਧਰਮ ਅਪਣਾ ਕੇ ਭਾਰਤ ਵਿੱਚ ਇਸ ਧਰਮ ਨੂੰ ਪੁਨਰਜੀਵਿਤ ਕੀਤਾl ਅੱਜ ਕਰੋੜਾਂ ਹੀ ਲੋਕ ਤਥਾਗਤ ਭਗਵਾਨ ਬੁੱਧ ਦੇ ਸ਼ਾਂਤੀ ਦੇ ਰਸਤੇ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ l