ਡੇਂਗੂ ਤੇ ਕਾਬੂ ਕਰਨ ਲਈ ਪਿੰਡਾਂ ਵਿੱਚ ਫੋਗਿੰਗ ਕਰਵਾਏ ਪ੍ਰਸ਼ਾਸਨ: ਮਛਲੀ ਕਲਾਂ
ਐਸ.ਏ.ਐਸ ਨਗਰ, 6 ਨਵੰਬਰ -ਸਹਿਕਾਰੀ ਬੈਂਕ ਜ਼ਿਲ੍ਹਾ ਮੁਹਾਲੀ ਦੇ ਡਾਇਰੈਕਟਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹੇ ਵਿਚ ਫੈਲੇ ਡੇਂਗੂ ਦੇ ਪ੍ਰਕੋਪ ਤੇ ਕਾਬੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਕੋਲੋਂ ਫੌਰੀ ਤੌਰ ਤੇ ਪਿੰਡਾਂ ਵਿੱਚ ਫੋਗਿੰਗ ਕਰਵਾਈ ਜਾਵੇ।

ਇਥੇ ਜਾਰੀ ਇਕ ਬਿਆਨ ਵਿੱਚ ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਦੇ ਲਗਭਗ ਹਰੇਕ ਪਿੰਡ ਵਿੱਚ ਡੇਂਗੂ ਦੀ ਬੀਮਾਰੀ ਦੇ ਮਰੀਜ਼ ਪਾਏ ਜਾ ਰਹੇ ਹਨ ਅਤੇ ਕਈ ਵਿਅਕਤੀ ਇਸ ਬੀਮਾਰੀ ਕਾਰਨ ਆਪਣੀ ਜਾਨ ਤੱਕ ਗੁਆ ਚੁਕੇ ਹਨ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਅੰਦਰ ਗੰਦਗੀ ਦੀ ਵੀ ਬਹੁਤ ਭਰਮਾਰ ਹੈ ਕਿਉਂਕਿ ਪਾਣੀ ਦੇ ਟੋਭਿਆਂ ਵਿਚ ਮੱਛਰ ਪੈਦਾ ਹੋ ਰਹੇ ਹਨ ਅਤੇ ਰੂੜ੍ਹੀਆਂ ਉਤੇ ਕੂੜੇ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ ਜੋ ਕਿ ਡੇਂਗੂ ਅਤੇ ਹੋਰ ਬੀਮਾਰੀਆਂ ਦਾ ਕਾਰਨ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਵਲੋਂ ਪਿੰਡਾਂ ਅੰਦਰ ਫੋਗਿੰਗ ਨਹੀਂ ਕਰਵਾਈ ਗਈ ਅਤੇ ਨਾ ਹੀ ਪਿੰਡਾਂ ਵਿਚ ਮੈਡੀਕਲ ਜਾਂਚ ਕੈਂਪ ਜਾਂ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਪਿੰਡਾਂ ਦੇ ਲੋਕ ਅਕਸਰ ਹੀ ਡੇਂਗੂ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣ ਨਹੀਂ ਪਾਉਂਦੇ ਅਤੇ ਜਦੋਂ ਬੀਮਾਰੀ ਪੂਰੀ ਤਰ੍ਹਾਂ ਮਰੀਜ਼ ਨੂੰ ਜਕੜ ਲੈਂਦੀ ਹੈ ਉਦੋਂ ਹੀ ਹਸਪਤਾਲ ਵਿਚ ਇਲਾਜ ਲਈ ਪਹੁੰਚਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਵਲੋਂ ਇਸ ਗੰਭੀਰ ਮਸਲੇ ਦੇ ਹਲ ਵੱਲ ਤੁਰੰਤ ਧਿਆਨ ਦਿੱਤਾ ਜਾਵੇ।