
ਪਟਿਆਲਾ ਜੇਲ੍ਹ ਵਿੱਚ ਕੈਦੀਆਂ ਨੂੰ ਫੋਨ ਤੇ ਹੋਰ ਸਮਾਨ ਮੁਹਈਆ ਕਰਨ ਵਾਲਾ ਕਾਂਸਟੇਬਲ ਗ੍ਰਿਫ਼ਤਾਰ
ਪਟਿਆਲਾ, 30 ਅਕਤੂਬਰ : ਪੰਜਾਬ ਪੁਲਿਸ ਨੇ ਆਪਣੇ ਹੀ ਉਸ ਸੀਨੀਅਰ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਵੱਧ ਕੀਮਤ 'ਤੇ ਮੋਬਾਈਲ ਫੋਨ, ਅਫ਼ੀਮ ਤੇ ਹੋਰ ਸਮਾਨ ਮੁਹਈਆ ਕਰਦਾ ਸੀ।
ਪਟਿਆਲਾ, 30 ਅਕਤੂਬਰ : ਪੰਜਾਬ ਪੁਲਿਸ ਨੇ ਆਪਣੇ ਹੀ ਉਸ ਸੀਨੀਅਰ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਵੱਧ ਕੀਮਤ 'ਤੇ ਮੋਬਾਈਲ ਫੋਨ, ਅਫ਼ੀਮ ਤੇ ਹੋਰ ਸਮਾਨ ਮੁਹਈਆ ਕਰਦਾ ਸੀ। ਜਸਪਾਲ ਸਿੰਘ ਨਾਮੀਂ ਇਹ ਕਾਂਸਟੇਬਲ ਪਿਛਲੇ ਦੋ ਸਾਲਾਂ ਤੋਂ ਪਟਿਆਲਾ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਦੇ ਸੰਪਰਕ ਵਿੱਚ ਸੀ। ਬੀਤੇ ਕੱਲ੍ਹ ਜਦੋਂ ਉਹ ਜੇਲ੍ਹ ਵਿੱਚ ਗਾਰਡ ਦੀ ਡਿਊਟੀ 'ਤੇ ਆਇਆ ਤਾਂ ਉਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 27.5 ਗ੍ਰਾਮ ਅਫ਼ੀਮ ਅਤੇ ਇੱਕ ਟਚ ਫ਼ੋਨ ਬ੍ਰਾਮਦ ਕੀਤਾ ਗਿਆ। ਇੱਕ ਜੇਲ੍ਹ ਅਧਿਕਾਰੀ ਦੇ ਬਿਆਨ ਮਗਰੋਂ ਉਸ ਵਿਰੁੱਧ ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਕਾਂਸਟੇਬਲ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਜਿੱਥੋਂ ਜ਼ਰਦੇ ਦੀਆਂ 13 ਪੁੜੀਆਂ ਤੋਂ ਇਲਾਵਾ ਈਅਰ ਫੋਨ ਤੇ ਚਾਰ ਚਾਰਜਿੰਗ ਕੇਬਲ ਵੀ ਮਿਲੀਆਂ। ਇਸ ਕਥਿਤ ਦੋਸ਼ੀ ਤੇ ਮਾਮਲੇ ਬਾਰੇ ਹੋਰ ਜਾਣਕਾਰੀ ਲੈਣ ਲਈ ਥਾਣਾ ਤ੍ਰਿਪੜੀ ਦੇ ਐਸ ਐਚ ਓ ਪੀ.ਐਸ. ਬਾਜਵਾ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਾ ਬਣ ਸਕਿਆ।
