
ਸ਼ਹੀਦ ਊਧਮ ਸਿੰਘ ਯਾਦਗਾਰੀ ਸਮਾਗਮ ਨੇ ਦਿੱਤਾ ਕਾਰਪੋਰੇਟ ਅਤੇ ਫਾਸ਼ੀ ਹੱਲੇ ਖ਼ਿਲਾਫ ਜੂਝਣ ਦਾ ਸੱਦਾ
ਜਲੰਧਰ- ''ਗ਼ਦਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਰੌਸ਼ਨੀ 'ਚ ਦੇਸੀ ਅਤੇ ਬਦੇਸ਼ੀ ਹਰ ਵੰਨਗੀ ਦੇ ਦਾਬੇ, ਗ਼ੁਲਾਮੀ, ਵਿਤਕਰੇ ਅਤੇ ਜ਼ਬਰ ਤੋਂ ਮੁਕਤ, ਆਜ਼ਾਦ, ਖੁਸ਼ਹਾਲ ਅਤੇ ਬਰਾਬਰੀ ਦੀ ਆਧਾਰਸ਼ਿਲਾ 'ਤੇ ਟਿਕਿਆ ਖ਼ੂਬਸੂਰਤ ਸਮਾਜ ਸਿਰਜਣ ਲਈ ਇਨਕਲਾਬ ਦਾ ਚਿੰਨ੍ਹ ਬਣਕੇ ਚਮਕਦੇ ਊਧਮ ਸਿੰਘ ਤੋਂ ਸਾਡੇ ਸਮਿਆਂ ਦੀ ਜੁਆਨੀ, ਮਜ਼ਦੂਰ ਜਮਾਤ ਅਤੇ ਕਿਰਸਾਨੀ ਨੂੰ ਰੌਸ਼ਨੀ ਲੈਣ ਦੀ ਲੋੜ ਹੈ।''
ਜਲੰਧਰ- ''ਗ਼ਦਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਰੌਸ਼ਨੀ 'ਚ ਦੇਸੀ ਅਤੇ ਬਦੇਸ਼ੀ ਹਰ ਵੰਨਗੀ ਦੇ ਦਾਬੇ, ਗ਼ੁਲਾਮੀ, ਵਿਤਕਰੇ ਅਤੇ ਜ਼ਬਰ ਤੋਂ ਮੁਕਤ, ਆਜ਼ਾਦ, ਖੁਸ਼ਹਾਲ ਅਤੇ ਬਰਾਬਰੀ ਦੀ ਆਧਾਰਸ਼ਿਲਾ 'ਤੇ ਟਿਕਿਆ ਖ਼ੂਬਸੂਰਤ ਸਮਾਜ ਸਿਰਜਣ ਲਈ ਇਨਕਲਾਬ ਦਾ ਚਿੰਨ੍ਹ ਬਣਕੇ ਚਮਕਦੇ ਊਧਮ ਸਿੰਘ ਤੋਂ ਸਾਡੇ ਸਮਿਆਂ ਦੀ ਜੁਆਨੀ, ਮਜ਼ਦੂਰ ਜਮਾਤ ਅਤੇ ਕਿਰਸਾਨੀ ਨੂੰ ਰੌਸ਼ਨੀ ਲੈਣ ਦੀ ਲੋੜ ਹੈ।''
ਇਹ ਸੁਨੇਹਾ ਦਿੱਤਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹੋਈ ਵਿਚਾਰ-ਚਰਚਾ ਨੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਊਧਮ ਸਿੰਘ ਕਿਤੇ ਨਹੀਂ ਗਿਆ। ਉਹ ਅੱਜ ਵੀ ਜਿਉਂਦਾ ਹੈ ਵਿਦਿਆਰਥੀਆਂ, ਜੁਆਨੀ ਅਤੇ ਕਿਸਾਨੀ ਦੇ ਘੋਲਾਂ ਵਿੱਚ। ਉਹਨਾਂ ਨੇ ਉਚੇਚਾ ਜ਼ਿਕਰ ਕੀਤਾ ਕਿ ਆਦਿਵਾਸੀ ਬਸਤਰ ਖੇਤਰ ਵਿੱਚ ਜੰਗਲ, ਜਲ, ਜ਼ਮੀਨ ਅਤੇ ਕੁਦਰਤੀ ਅਨਮੋਲ ਖਜ਼ਾਨਿਆਂ ਉਪਰ ਡਾਕਾ ਮਾਰਨ ਲਈ ਦੇਸੀ ਬਦੇਸ਼ੀ ਕਾਰਪੋਰੇਟ ਘਰਾਣੇ ਨਿਸੰਗ ਹੱਲਾ ਬੋਲ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਰੇਆਮ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਮਾਰਚ 2026 ਬਾਅਦ ਕੋਈ ਨਕਸਲਬਾੜੀ, ਮਾਓਵਾਦ ਭਾਵ ਕਮਿਊਨਿਸਟ ਇਨਕਲਾਬੀਆਂ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦਿੱਤਾ ਜਾਏਗਾ ਤਾਂ ਭਾਜਪਾ ਹਕੂਮਤ ਦੇ ਅਜੇਹੇ ਫਾਸ਼ੀ ਹੱਲੇ ਦਾ ਜਨਤਕ ਟਾਕਰਾ ਕਰਨ ਲਈ ਸ਼ਹੀਦ ਊਧਮ ਸਿੰਘ ਵਰਗੀ ਮਚਲਦੀ ਭਾਵਨਾ ਵਿਸ਼ਾਲ ਲੋਕਾਈ 'ਚ ਲਿਜਾਣ ਦੀ ਲੋੜ ਹੈ। ਉਹਨਾਂ ਚੌਕਸ ਕੀਤਾ ਕਿ ਇਹ ਹੱਲਾ ਹੱਕ, ਸੱਚ, ਇਨਸਾਫ਼ ਦੀ ਸੰਘੀ ਨੱਪਣ ਲਈ ਭਵਿੱਖ਼ 'ਚ ਹੋਰ ਵਿਆਪਕ ਅਤੇ ਤਿੱਖਾ ਹੋਏਗਾ।
ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਤੋਂ ਲੈ ਕੇ ਕਿਸਾਨ ਸੰਘਰਸ਼ ਤੱਕ ਦੇ ਸਫ਼ਰ 'ਚ ਊਧਮ ਸਿੰਘ ਦੀ ਰੌਸ਼ਨ ਭਾਵਨਾ ਤੋਂ ਬਹੁਤ ਕੁੱਝ ਸਿਖਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਨੂੰ ਆਪਣੇ ਸਿਲੇਬਸ ਦੇ ਨਾਲ ਨਾਲ਼ ਜ਼ਿੰਦਗੀ ਦੇ ਸਫ਼ਰ ਦਾ ਸਿਲੇਬਸ ਵੀ ਪੜ੍ਹਨ ਅਤੇ ਅਧਿਐਨ ਕਰਨ ਦੀ ਲੋੜ ਹੈ।
ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਊਧਮ ਸਿੰਘ ਦੇ ਹਵਾਲੇ ਨਾਲ ਗ਼ਦਰ ਲਹਿਰ ਅਤੇ ਸਮੁੱਚੀ ਇਨਕਲਾਬੀ ਤਵਾਰੀਖ਼ ਦਾ ਪ੍ਰਸੰਗ ਸਾਂਝਾ ਕੀਤਾ। ਉਹਨਾਂ ਕਿਹਾ ਕਿ ਊਧਮ ਸਿੰਘ ਗ਼ਦਰ ਲਹਿਰ ਦੀ ਨਿਰੰਤਰ ਲੜੀ ਅਤੇ ਕੜੀ ਦਾ ਨਗੀਨਾ ਸੀ, ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਚੇਤਨਾ, ਜਾਗਰਤੀ ਅਤੇ ਕੁਰਬਾਨੀ ਦਾ ਚਾਨਣ ਹਾਸਲ ਕਰਦੀਆਂ ਰਹਿਣਗੀਆਂ।
ਕਮੇਟੀ ਮੈਂਬਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਊਧਮ ਸਿੰਘ ਦੇ ਸੰਗਰਾਮੀ ਸਫ਼ਰ ਦੀਆਂ ਪੈੜਾਂ ਵਿਚੋਂ ਸਾਨੂੰ ਗ਼ਦਰੀ ਗੁਲਾਬ ਕੌਰ ਦੀ ਸ਼ਤਾਬਦੀ ਦੀਆਂ ਪੈੜਾਂ ਵੀ ਪੜ੍ਹਨ ਦੀ ਲੋੜ ਹੈ ਕਿਉਂਕਿ ਕੋਈ ਵੀ ਲੋਕ-ਲਹਿਰ ਔਰਤਾਂ-ਮਰਦਾਂ ਦੇ ਮੋਢੇ ਸੰਗ ਮੋਢਾ ਜੋੜਕੇ ਤੁਰਨ ਨਾਲ ਹੀ ਸਫ਼ਲਤਾ ਦਾ ਮੁਕਾਮ ਹਾਸਲ ਕਰ ਸਕਦੀ ਹੈ।
ਉਹਨਾਂ ਕਿਹਾ ਕਿ ਦਿੱਲੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਕੇ, ਅਸਹਿ ਤਸ਼ੱਦਦ ਢਾਹਿਆ ਜਾਣਾ ਇਹ ਦਰਸਾਉਂਦਾ ਹੈ ਕਿ ਊਧਮ ਸਿੰਘ ਨੂੰ ਅੱਜ ਵੀ ਕੋਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੁਲੈਹਣੀਆਂ ਹਨੇਰੀਆਂ 'ਚ ਆਮ ਲੋਕਾਂ ਦੇ ਘਰ ਸੁਰੱਖਿਅਤ ਨਹੀਂ ਰਿਹਾ ਕਰਦੇ, ਇਹ ਸੁਨੇਹਾ ਹੈ ਸਮਾਗਮ ਦਾ।
ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਊਧਮ ਸਿੰਘ ਦੇ ਜੀਵਨ ਝਰੋਖੇ ਨਾਲ ਮੇਲ਼ ਖਾਂਦੀਆਂ ਕਵਿਤਾਵਾਂ ਦਾ ਹਵਾਲਾ ਦਿੰਦੇ ਹੋਏ ਉਸਦੀ ਲਾਸਾਨੀ ਕੁਰਬਾਨੀ ਨੂੰ ਮਨ ਦੀ ਡਾਇਰੀ 'ਤੇ ਲਿਖ ਰੱਖਣ ਅਤੇ ਅਮਲ ਦੇ ਚਿਰਾਗ਼ ਬਣਨ ਦਾ ਸੱਦਾ ਦਿੱਤਾ।
ਕਮੇਟੀ ਮੈਂਬਰ ਰਣਜੀਤ ਸਿੰਘ ਔਲਖ ਨੇ ਸਮਾਗਮ ਸਬੰਧੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਊਧਮ ਸਿੰਘ ਵਰਗਿਆਂ ਦੀ ਦੇਣ ਤੋਂ ਸਬਕ ਲੈਣ ਦੀ ਲੋੜ ਹੈ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਸਿਰਫ਼ ਬਦਲੇ ਤੱਕ ਸੀਮਤ ਕਰਨਾ ਉਸਦੀ ਅਮਿੱਟ ਦੇਣ ਨਾਲ ਇਨਸਾਫ਼ ਨਹੀਂ।
ਕਿਉਂਕਿ ਅਸਲ 'ਚ ਊਧਮ ਸਿੰਘ ਬਦਲੇ ਦਾ ਨਹੀਂ ਸਗੋਂ ਬਦਲਾਅ ਦਾ ਚਿੰਨ੍ਹ ਹੈ। ਉਹਨਾਂ ਕਿਹਾ ਕਿ ਇੰਗਲੈਂਡ, ਅਮਰੀਕਾ ਅਤੇ ਸਮੁੱਚੇ ਵਿਸ਼ਵ ਵਿਆਪੀ ਕਾਰਪੋਰੇਟ ਘਰਾਣਿਆਂ ਨਾਲ ਸੰਧੀਆਂ ਦੇ ਨਾਂਅ 'ਤੇ ਜਿਵੇਂ ਮੁਲਕ ਵੇਚੂ, ਲੋਕ-ਵੇਚੂ ਸੌਦੇ ਕੀਤੇ ਜਾ ਰਹੇ ਨੇ ਇਹ ਭਵਿੱਖ਼ ਵਿੱਚ ਮੁਲਕ ਦੇ ਲੋਕਾਂ ਦੇ ਸਭਨਾਂ ਸਾਧਨਾਂ ਅਤੇ ਜ਼ਿੰਦਗੀਆਂ ਨਾਲ ਖਿਲਵਾੜ ਕਰਨਾ ਹੈ, ਜਿਸ ਬਾਰੇ ਜਾਗਰੂਕ ਹੋਣਾ ਸਮੇਂ ਦੀ ਲੋੜ ਹੈ।
ਵਿਚਾਰ-ਚਰਚਾ 'ਚ ਸੱਦਾ ਦਿੱਤਾ ਗਿਆ ਕਿ ਪਹਿਲੀ ਨਵੰਬਰ ਦਾ ਮੇਲਾ ਗ਼ਦਰੀ ਬਾਬਿਆਂ ਦਾ ਜੋ ਕਿ ਬੀਬੀ ਗੁਲਾਬ ਕੌਰ ਸ਼ਤਾਬਦੀ ਨੂੰ ਸਮਰਪਤ ਹੈ ਉਸਨੂੰ ਸਫ਼ਲ ਕਰਨ ਲਈ ਹੁਣ ਤੋਂ ਹੀ ਜ਼ੋਰਦਾਰ ਮੁਹਿੰਮ ਛੇੜਨ ਦੀ ਲੋੜ ਹੈ। ਸਮਾਗਮ ਨੇ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਮੜ੍ਹਕੇ ਜ਼ਬਰੀ ਜ਼ਮੀਨਾਂ ਹਥਿਆਉਣ ਵਰਗੀਆਂ ਨੀਤੀਆਂ ਵਾਪਸ ਲੈਣ ਦੀ ਭਾਵਨਾ ਦਾ ਵੀ ਪ੍ਰਗਟਾਵਾ ਕੀਤਾ।
