ਡਿਪਟੀ ਕਮਿਸ਼ਨਰ ਵੱਲੋਂ ਪੜ੍ਹਾਈ ਦੀ ਉਮਰ ‘ਚ ਬਾਲ ਮਜਦੂਰੀ ਕਰ ਰਹੇ ਬੱਚਿਆਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼

ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦਫਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲ੍ਹੇ ਵਿੱਚ ਅਜਿਹੇ ਬੱਚਿਆਂ ਦੀ ਪਛਾਣ ਕੀਤੀ ਜਾਵੇ ਜਿਹੜੇ ਪੜਾਈ ਦੀ ਉਮਰ ਵਿੱਚ ਸੜਕਾਂ ‘ਤੇ ਬਾਲ ਮਜਦੂਰੀ ਕਰ ਰਹੇ ਹਨ ਅਤੇ ਇਨ੍ਹਾਂ ਬੱਚਿਆਂ ਦੀ ਪੁਰਨਵਾਸ ਲਈ ਲੋੜੀਂਦੇ ਕਦਮ ਚੁੱਕੇ ਜਾਣ।

ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦਫਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲ੍ਹੇ ਵਿੱਚ ਅਜਿਹੇ ਬੱਚਿਆਂ ਦੀ ਪਛਾਣ ਕੀਤੀ ਜਾਵੇ ਜਿਹੜੇ   ਪੜਾਈ ਦੀ ਉਮਰ ਵਿੱਚ ਸੜਕਾਂ ‘ਤੇ ਬਾਲ ਮਜਦੂਰੀ ਕਰ ਰਹੇ ਹਨ ਅਤੇ ਇਨ੍ਹਾਂ ਬੱਚਿਆਂ ਦੀ ਪੁਰਨਵਾਸ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਖਿਲਾਫ ਜੁਰਮਾਂ, ਬਾਲ ਮਜਦੂਰੀ ਦੀ ਸ਼ਿਕਾਇਤ ਜਾਂ ਮੁਸੀਬਤ ਵਿੱਚ ਫਸੇ ਕਿਸੇ ਵੀ ਬੱਚੇ ਬਾਰੇ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੰਪਰਕ ਕਰਕੇ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਬਾਲ ਮਜਦੂਰੀ, ਬੱਚਿਆਂ ਦੀ ਸੁਰੱਖਿਆ ਅਤੇ ਬਾਲ ਭਿੱਖਿਆ ਦੇ ਖਾਤਮੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ ਤਾਂ ਜੋ ਅਜਿਹੇ ਬੱਚਿਆਂ ਲਈ ਸਿਹਤਮੰਦ ਜੀਵਨ ਯਕੀਨੀ ਬਣਾਇਆ ਜਾ ਸਕੇ ।
 ਇਸੇ ਦੌਰਾਨ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਬਾਲ ਭਲਾਈ ਕਮੇਟੀ ਅਤੇ ਜੁਵੇਨਾਇਲ ਜਸਟਿਸ ਬੋਰਡ ਦੀ ਤਿਮਾਹੀ ਮੀਟਿੰਗ ਦੌਰਾਨ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਕੀਤੀ । ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਨੂੰ ਹਦਾਇਤ ਕੀਤੀ ਕਿ ਦੇਰ-ਸਵੇਰ ਮਿਲੇ ਬੱਚਿਆਂ ਦੀ ਸੁਰੱਖਿਆ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬੇਸਹਾਰਾ ਅਤੇ ਲੋੜਵੰਦ ਬੱਚਿਆਂ ਨੂੰ 24 ਘੰਟੇ ਦੇ ਅੰਦਰ-ਅੰਦਰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਜਾਵੇ। 
ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਪੁਲਿਸ ਅਧਿਕਾਰੀਆਂ ਵੱਲੋਂ ਬਾਲ ਮਜਦੂਰੀ ਦੌਰਾਨ ਰੈਸਕਿਊ ਕੀਤੇ ਬੱਚਿਆਂ ਦੇ ਪਰਿਵਾਰਾਂ ਨੂੰ ਟਰੇਸ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਇੱਕ ਦੂਜੇ ਨਾਲ ਮਿਲਾਇਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਬੱਚਿਆਂ ਅੰਦਰ ਨਸ਼ਿਆ ਦੀ ਲਤ ਨੂੰ ਰੋਕਣ ਲਈ ਤਿਆਰ ਕੀਤੇ ਐਕਸ਼ਨ ਪਲੈਨ ਦੀ ਵੀ ਸਮੀਖਿਆ ਕੀਤੀ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਸ਼ਾ ਛੁਡਾਓ ਕੇਂਦਰ ਵਿੱਚ ਇੱਕ ਵੱਖਰਾ ਕਮਰਾ ਸਥਾਪਤ ਕੀਤਾ ਜਾਵੇ ਜਿਨ੍ਹਾਂ ਦਾ ਉੱਥੇ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾ ਸਕੇ। 
ਜਿਲ੍ਹਾ ਡਰੱਗ ਅਥਾਰਟੀ ਨੂੰ ਹਦਾਇਤ ਕੀਤੀ ਗਈ ਕਿ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸ਼ਡਿਊਲ ਐਚ, ਐਕਸ ਅਤੇ ਐਕਸ 1 ਅਧੀਨ ਆਉਂਦਿਆਂ ਦਵਾਈਆਂ ਦੀ ਵਿਕਰੀ ਬੱਚਿਆਂ ਨੂੰ ਨਾ ਕੀਤੀ ਜਾਵੇ ਅਤੇ ਅਜਿਹੀਆਂ ਦਵਾਈਆਂ ਵੇਚਣ ਵਾਲਿਆਂ ਦੁਕਾਨਾਂ ਦੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣ । ਅਵਨੀਤ ਕੌਰ ਨੇ ਜਿਲ੍ਹੇ ਵਿੱਚ ਪੀ.ਐਮ.ਕੇਅਰਸ਼ ਫਾਰ ਚਿਲਡਰਨ ਸਕੀਮ ਤਹਿਤ ਲਾਭ ਪ੍ਰਾਪਤ ਕਰ ਰਹੀ ਲਾਭਪਾਤਰੀ ਬੱਚੀ ਕੰਚਨ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਦਿਆਂ ਉਸਨੂੰ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ । 
ਉਨ੍ਹਾਂ ਨੇ ਬੱਚੀ ਨੂੰ ਸਕੀਮ ਤਹਿਤ ਪ੍ਰਾਪਤ ਹੋਣ ਵਾਲੇ ਵਿੱਤੀ ਲਾਭ ਬਾਰੇ ਬੈਂਕ ਖਾਤੇ ਦੀ ਪਾਸਬੁੱਕ ਮੌਕੇ ਤੇ ਹੀ ਸਪੁਰਦ ਕੀਤੀ। ਇਸ ਦੌਰਾਨ ਬੇਸਹਾਰਾ ਅਤੇ ਲੋੜਵੰਦ ਬੱਚਿਆਂ ਲਈ ਚਲਾਈ ਜਾ ਰਹੀ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਤਹਿਤ ਕੇਸਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਰਾਹੀਂ ਬੱਚਿਆਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹੰਭਲੇ ਮਾਰਨ ਦੀ ਤਾਕੀਦ ਕੀਤੀ ਗਈ ।