
ਭਾਰੀ ਮੀਂਹ ਬਣਿਆ ਕਿਸਾਨਾਂ ਲਈ ਆਫਤ, ਪਿੰਡ ਕੋਟਲੀ ਖੁਰਦ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
ਪੈਗ਼ਾਮ-ਏ-ਜਗਤ/ਮੌੜ ਮੰਡੀ 15 ਜੁਲਾਈ- ਹਲਕਾ ਮੌੜ ਦੇ ਪਿੰਡਾਂ 'ਚ ਵਰਿਆਂ ਭਾਰੀ ਮੀਂਹ ਕਿਸਾਨਾਂ ਲਈ ਆਫਤ ਬਣ ਗਿਆ,ਜਿੱਥੇ ਖੇਤਾਂ ਵਿੱਚ ਭਰੇ ਪਾਣੀ ਕਾਰਨ ਸੈਂਕੜੇ ਏਕੜ ਸਾਉਣੀ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ।
ਪੈਗ਼ਾਮ-ਏ-ਜਗਤ/ਮੌੜ ਮੰਡੀ 15 ਜੁਲਾਈ- ਹਲਕਾ ਮੌੜ ਦੇ ਪਿੰਡਾਂ 'ਚ ਵਰਿਆਂ ਭਾਰੀ ਮੀਂਹ ਕਿਸਾਨਾਂ ਲਈ ਆਫਤ ਬਣ ਗਿਆ,ਜਿੱਥੇ ਖੇਤਾਂ ਵਿੱਚ ਭਰੇ ਪਾਣੀ ਕਾਰਨ ਸੈਂਕੜੇ ਏਕੜ ਸਾਉਣੀ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਿਕ ਪਿਛਲੇ ਦੋ ਦਿਨਾਂ ਤੋਂ ਮੌੜ ਹਲਕੇ ਦੇ ਨੇੜਲੇ ਪਿੰਡਾਂ ਵਿੱਚ ਪਏ ਭਾਰੀ ਮੀਂਹ ਕਾਰਨ ਕਈ ਪਿੰਡਾਂ ਦੇ ਖੇਤ ਜਲਥਲ ਹੋ ਗਏ,ਖਾਸਕਰ ਕੋਟਲੀ ਖੁਰਦ ਪਿੰਡ ਦਾ ਕਰੀਬ 250 ਏਕੜ ਫ਼ਸਲ ਵਿੱਚ ਲੱਕ ਲੱਕ ਪਾਣੀ ਭਰ ਗਿਆ ਜਿਸ ਕਾਰਨ ਖੇਤਾਂ ਵਿੱਚ ਲਾਇਆ ਝੋਨਾ,ਬੀਜੀ ਹੋਈ ਮੂੰਗੀ ਪਾਣੀ ਵਿਚ ਡੁੱਬ ਗਈ ਹੈ ਕਈ ਫੁੱਟ ਪਾਣੀ ਭਰਨ ਦੇ ਚੱਲਦਿਆਂ ਮੱਕੀ ਦੀ ਫਸਲ ਵੀ ਮਾਰੇ ਜਾਣ ਦਾ ਖਦਸਾ ਪੈਦਾ ਹੋ ਗਿਆ। ਕਿਸਾਨਾਂ ਦੀਆਂ ਮੋਟਰਾਂ/ਟਿਊਬਵੈੱਲ ਪਾਣੀ ਵਿੱਚ ਡੁੱਬ ਗਏ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਿੰਡ ਕੋਟਲੀ ਖੁਰਦ ਇਕਾਈ ਦੇ ਪ੍ਰਧਾਨ ਭੋਲਾ ਸਿੰਘ ਨੇ ਦੱਸਿਆ ਕਿ ਸੈਂਕੜੇ ਏਕੜ ਜ਼ਮੀਨ 'ਚ ਪਾਣੀ ਭਰਨ ਕਰਕੇ ਕਿਸਾਨਾਂ ਦਾ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋ ਗਿਆ ਹੈ। ਖੇਤੀ ਤਾਂ ਪਹਿਲਾਂ ਹੀ ਸੰਕਟ ਵਿੱਚ ਸੀ ਤੇ ਪਾਣੀ ਨੇ ਫਸਲਾਂ ਡੋਬ ਦਿੱਤੀਆਂ ਹਨ। ਵੱਡੀ ਮਾਰ ਠੇਕੇ ਤੇ ਜ਼ਮੀਨ ਲੈਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪਈ ਹੈ, ਜਿੰਨਾ ਨੂੰ ਹੁਣ ਠੇਕਾ ਭਰਨਾ ਵੀ ਔਖਾ ਹੋ ਜਾਵੇਗਾ।
ਕਿਸਾਨਾਂ ਨੇ ਦੱਸਿਆ ਕਿ ਮੋਟਰਾਂ ਵਗੈਰਾ ਵੀ ਪਾਣੀ ਵਿੱਚ ਡੁੱਬ ਗਈਆਂ ਹਨ, ਮੱਕੀ ਦੀ ਫਸਲ ਦੀ ਹੁਣ ਕਟਾਈ ਕਰਨੀ ਸੀ,ਪਰ ਹੁਣ ਬਹੁਤ ਜ਼ਿਆਦਾ ਪਾਣੀ ਖੜ੍ਹਨ ਕਾਰਨ ਹੁਣ ਮੱਕੀ 'ਚ ਟਰੈਕਟਰ ਨਹੀਂ ਚੱਲਣਗੇ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਪਾਣੀ ਹੁਣ ਇੰਨਾ ਜ਼ਿਆਦਾ ਖੜ੍ਹਾ ਹੈ ਕਿ ਛੇਤੀ ਛੇਤੀ ਹੋਰ ਫ਼ਸਲ ਦੀ ਬਿਜਾਈ ਨਹੀਂ ਹੋ ਸਕੇਗੀ, ਜਿਸ ਕਾਰਨ ਪਹਿਲਾਂ ਲਗਾਏ ਝੋਨੇ ਦਾ ਖਰਚਾ ਵੀ ਹੁਣ ਸਿਰ ਟੁੱਟੇਗਾ।
ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਆਖਿਆ ਕਿ ਜਦੋ ਕਿਸਾਨਾਂ ਵੱਲੋਂ ਖੇਤਾਂ 'ਚ ਫ਼ਸਲ ਦੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਸੈਟੇਲਾਈਟ ਰਾਹੀਂ ਹੀ ਪਤਾ ਲੱਗ ਜਾਂਦਾ ਹੈ ਪਰ ਹੁਣ ਪ੍ਰਸ਼ਾਸਨ ਖੁਦ ਖੇਤਾਂ ਵਿਚ ਆਕੇ ਨੁਕਸਾਨ ਦੇਖ ਲਵੇ ਤਾਂ ਦੋ ਕਿਸਾਨਾਂ ਨੂੰ ਮੱਦਦ ਮਿਲ ਸਕੇ।
