
ਖਿੜ ਰਹੀਆਂ ਕਰੂੰਬਲਾਂ ਦਾ ਮਾਲੀ ਮੁਕੇਸ਼ ਕੁਮਾਰ
ਮਾਹਿਲਪੁਰ- ਜ਼ਿੰਦਗੀ ਦੇ ਸੰਘਰਸ਼ ਵਿੱਚ ਹਿੰਮਤੀ ਇਨਸਾਨ ਹਮੇਸ਼ਾ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ਪ੍ਰਾਪਤ ਕਰਦੇ ਹਨ। ਜਿਹੜੇ ਬਿਨ ਮਿਹਨਤ ਤੋਂ ਕਿਸਮਤ ਨੂੰ ਕੋਸਦੇ ਹਨ ਉਹ ਉੱਥੇ ਦੇ ਉੱਥੇ ਰਹਿ ਜਾਂਦੇ ਹਨ। ਆਪਣੀ ਜ਼ਿੰਦਗੀ ਵਿੱਚ ਮਿਹਨਤ ਅਤੇ ਘਾਲਣਾ ਘਾਲਣ ਵਾਲਾ ਸਾਹਿਤਕਾਰ ਮੁਕੇਸ਼ ਕੁਮਾਰ ਅੱਜ ਕੱਲ ਆਸਟਰੇਲੀਆ ਵਿੱਚ ਵਸਦਾ ਹੈ।
ਮਾਹਿਲਪੁਰ- ਜ਼ਿੰਦਗੀ ਦੇ ਸੰਘਰਸ਼ ਵਿੱਚ ਹਿੰਮਤੀ ਇਨਸਾਨ ਹਮੇਸ਼ਾ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ਪ੍ਰਾਪਤ ਕਰਦੇ ਹਨ। ਜਿਹੜੇ ਬਿਨ ਮਿਹਨਤ ਤੋਂ ਕਿਸਮਤ ਨੂੰ ਕੋਸਦੇ ਹਨ ਉਹ ਉੱਥੇ ਦੇ ਉੱਥੇ ਰਹਿ ਜਾਂਦੇ ਹਨ। ਆਪਣੀ ਜ਼ਿੰਦਗੀ ਵਿੱਚ ਮਿਹਨਤ ਅਤੇ ਘਾਲਣਾ ਘਾਲਣ ਵਾਲਾ ਸਾਹਿਤਕਾਰ ਮੁਕੇਸ਼ ਕੁਮਾਰ ਅੱਜ ਕੱਲ ਆਸਟਰੇਲੀਆ ਵਿੱਚ ਵਸਦਾ ਹੈ।
ਉਸਨੇ ਆਪਣੇ ਜੀਵਨ ਦੀ ਸ਼ੁਰੂਆਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮਾਹਿਲ ਗਹਿਲਾਂ ਤੋਂ ਸ਼ੁਰੂ ਕੀਤੀ ਤਾਂ ਹਿੰਮਤ ਨਾਲ ਔਖੀਆਂ ਸੌਖੀਆਂ ਰਾਹਾਂ ਦਾ ਪਾਂਧੀ ਬਣ ਗਿਆ। ਸਧਾਰਨ ਜੀਵਨ ਜਿਉਂਦਿਆਂ ਉੱਚੀਆਂ ਸੋਚਾਂ ਦਾ ਹਾਣੀ ਬਣਿਆ ਤਾਂ ਐਮ ਕੌਮ ਅਤੇ ਬੀਐਡ ਤੱਕ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਸਿੱਖਿਆ ਨੂੰ ਸਮਰਪਿਤ ਹੋ ਗਿਆ। ਉਸ ਦੇ ਮਨ ਵਿੱਚ ਇੱਕੋ ਗੱਲ ਹਮੇਸ਼ਾ ਚਲਦੀ ਰਹਿੰਦੀ ਕਿ ਇਹ ਆਲਾ ਦੁਆਲਾ ਰੋਸ਼ਨ ਹੋਵੇ ਤੇ ਆਲੇ ਦੁਆਲੇ ਨੂੰ ਸੋਹਣਾ ਤੇ ਸਚੱਜਾ ਬਣਾਉਣ ਲਈ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ।
ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਉਸਨੇ ਇੱਕ ਸਿੱਖਿਆ ਦਾ ਬੂਟਾ ਲਾਇਆ ਸੰਤ ਬਾਬਾ ਸੇਵਾ ਸਿੰਘ ਖਾਲਸਾ ਪਬਲਿਕ ਸਕੂਲ ਨੌਰਾ। ਇਹ ਸਕੂਲ ਉਸ ਦੀ ਮਿਹਨਤ, ਦਿਆਨਤਦਾਰੀ, ਹਿੰਮਤ ਅਤੇ ਲਗਨ ਦਾ ਸਬੂਤ ਦਿੰਦਾ ਹੋਇਆ ਅੱਜ ਵੀ ਬੜੀ ਸ਼ਾਨ ਨਾਲ ਇਲਾਕੇ ਦੀ ਸੇਵਾ ਕਰ ਰਿਹਾ ਹੈ । ਮਿਸ਼ਨਰੀ ਭਾਵਨਾ ਨਾਲ ਇਸ ਸਕੂਲ ਦਾ ਸੰਚਾਲਨ ਮੁਕੇਸ਼ ਕੁਮਾਰ ਅਤੇ ਉਸਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਰਾਹੀਂ ਖਿੜ ਰਹੀਆਂ ਕਰੂੰਬਲਾਂ ਨੂੰ ਸ਼ਿੰਗਾਰਿਆ ਅਤੇ ਸੰਵਾਰਿਆ ਜਾਂਦਾ ਹੈ।
ਅਸੀਂ 1995 ਵਿੱਚ ਨਿੱਕੀਆਂ ਕਰੂੰਬਲਾਂ ਮੈਗਜ਼ੀਨ ਸ਼ੁਰੂ ਕੀਤਾ ਤਾਂ ਉਹ ਇਸ ਦਾ ਪਾਠਕ ਬਣਿਆ। ਪਾਠਕ ਬਣ ਕੇ ਉਸ ਨੇ ਇਸ ਵਿੱਚੋਂ ਪ੍ਰੇਰਨਾ ਲਈ ਤਾਂ ਕਵਿਤਾ ਦੀ ਸਿਰਜਣਾ ਆਰੰਭੀ। ਉਸਦੀ ਪਹਿਲੀ ਕਵਿਤਾ ਵੀ ਇਸੇ ਮੈਗਜ਼ੀਨ ਵਿੱਚ ਛਪੀ। ਇਸ ਤੋਂ ਪ੍ਰੇਰਿਤ ਹੋ ਕੇ ਉਸ ਨੇ ਹੋਰ ਰਚਨਾਵਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਜੋ ਇਸ ਮੈਗਜ਼ੀਨ ਦਾ ਸ਼ਿੰਗਾਰ ਬਣਦੀਆਂ ਰਹੀਆਂ।
ਮੇਰੇ ਵੱਲੋਂ ਉਸ ਦੀਆਂ ਰਚਨਾਵਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਰਹੀ ਤਾਂ ਉਹ ਪ੍ਰੇਰਿਤ ਹੋ ਕੇ ਹੋਰ ਅੱਗੇ ਤੋਂ ਅਗੇਰੇ ਵੱਧਦਾ ਗਿਆ। ਬੱਚਿਆਂ ਨਾਲ ਬੱਚਾ ਬਣ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਪੜ੍ਹਨ ਲੱਗ ਪਿਆ ਤੇ ਜਦੋਂ ਉਸਨੂੰ ਬੱਚਿਆਂ ਦੀ ਮਾਨਸਿਕਤਾ ਦਾ ਗਿਆਨ ਹੋਇਆ ਤਾਂ ਉਹਨਾਂ ਦੇ ਪੱਧਰ ਦੀਆਂ ਕਵਿਤਾਵਾਂ ਰਚਣ ਲੱਗ ਪਿਆ।
ਇਹ ਕਵਿਤਾਵਾਂ ਜਦੋਂ ਬੱਚਿਆਂ ਨੇ ਪੜ੍ਹੀਆਂ ਤਾਂ ਉਹ ਉਸਦੇ ਦੀਵਾਨੇ ਬਣਨ ਲੱਗ ਪਏ। ਕਾਰਨ ਸੀ ਉਸ ਦੀ ਰਚਨਾ ਵਿੱਚ ਬਾਲ ਮਨ ਦੀਆਂ ਬਾਤਾਂ। ਜਦੋਂ ਬੱਚਿਆਂ ਨੂੰ ਆਪਣੇ ਹਾਣ ਦੀਆਂ ਬਾਤਾਂ ਮਿਲਣ ਤਾਂ ਉਹ ਇੰਨਾਂ ਘੁਲ ਮਿਲ ਜਾਂਦੇ ਹਨ ਕਿ ਉਹ ਆਪੇ ਨੂੰ ਵੀ ਭੁੱਲ ਜਾਂਦੇ ਹਨ। ਇਸ ਤਰ੍ਹਾਂ ਮੁਕੇਸ਼ ਦੀਆਂ ਰਚਨਾਵਾਂ ਵਿੱਚ ਇੰਨਾ ਰਸ ਅਤੇ ਆਨੰਦ ਹੈ ਕਿ ਬੱਚੇ ਆਪਣਾ ਆਪ ਹੀ ਭੁੱਲਕੇ ਰਚਨਾਵਾਂ ਨਾਲ ਇੱਕ ਮਿਕ ਹੋ ਜਾਂਦੇ ਹਨ।
ਜੀਵਨ ਦੇ ਹਰ ਪੰਨੇ ਤੇ ਸੁਨਹਿਰੀ ਅੱਖਰ ਉਕਰਨ ਵਾਲੀਆਂ ਰਚਨਾਵਾਂ ਦੀ ਇਹ ਪੁਸਤਕ 'ਪੜ੍ਹ ਕੇ ਅਸੀਂ ਹੈ ਹੋਣਾ ਪਾਸ' ਬੜੇ ਲੰਮੇ ਸਮੇਂ ਤੋਂ ਬਾਅਦ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਵਾਸਤੇ ਵੀ ਮੈਂ ਉਸਨੂੰ ਹਮੇਸ਼ਾ ਉਤਸ਼ਾਹਿਤ ਕਰਦਾ ਰਿਹਾ ਹਾਂ। ਪਰ ਉਹ ਆਪਣੇ ਕੰਮ ਵਿੱਚ ਇੰਨਾ ਵਿਅਸਤ ਰਹਿੰਦਾ ਹੈ ਕਿ ਉਸ ਨੂੰ ਇਹੋ ਜਿਹੀਆਂ ਗੱਲਾਂ ਦਾ ਚਿੱਤ ਚੇਤਾ ਹੀ ਨਹੀਂ ਆਉਂਦਾ। ਵਿਦੇਸ਼ਾਂ ਵਿੱਚ ਵਸਦੇ ਲੋਕ ਕਿੰਨੇ ਮਸਰੂਫ਼ ਹਨ ਇਸ ਗੱਲ ਦਾ ਤੁਸੀਂ ਅੰਦਾਜ਼ਾ ਖੁਦ ਲਾ ਸਕਦੇ ਹੋ।
ਜਦੋਂ ਉਹ ਇੰਡੀਆ ਆਉਂਦਾ ਤਾਂ ਮੈਂ ਇੱਕੋ ਗੱਲ ਕਹਿੰਦਾ ਕਿ ਆਪਣੀ ਕਿਤਾਬ ਛਪਵਾ ਲਵੋ ਕਿਉਂਕਿ ਇਹ ਰਿਕਾਰਡ ਹੋਰ ਕਿਸੇ ਢੰਗ ਨਾਲ ਸਾਂਭਿਆ ਨਹੀਂ ਜਾ ਸਕਣਾ। ਕਰੂੰਬਲਾਂ ਨਿਊਜ਼ ਅਤੇ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਵਿੱਚ ਪ੍ਰਕਾਸ਼ਿਤ ਹੋਈਆਂ ਕਵਿਤਾਵਾਂ ਨੇ ਉਸ ਅੰਦਰ ਮੁੜ ਇਸ ਜੋਤ ਨੂੰ ਜਗਾ ਦਿੱਤਾ ਤੇ ਉਹ ਮੁੜ ਰਚਨਾ ਕਰਨ ਵਿੱਚ ਸਰਗਰਮ ਹੋ ਗਿਆ। ਇਸੇ ਸਰਗਰਮੀ ਦੇ ਨਤੀਜੇ ਵਜੋਂ ਹਥਲੀ ਪੁਸਤਕ ਤੁਹਾਡੇ ਤੱਕ ਪੁੱਜੀ ਹੈ।
ਬਾਲ ਜੀਵਨ ਦੇ ਹਰ ਪੰਨੇ ਨੂੰ ਫਰੋਲਦੀ ਇਹ ਪੁਸਤਕ 'ਪੜ੍ਹਕੇ ਅਸੀਂ ਹੈ ਹੋਣਾ ਪਾਸ' ਬੱਚਿਆਂ ਅੰਦਰ ਨਵੇਂ ਸੁਪਨੇ ਬੀਜਦੀ ਹੈ। ਇਹ ਸੁਪਨੇ ਹਨ ਉਹਨਾਂ ਅੰਦਰ ਜੀਵਨ ਦੀਆਂ ਤਹਿਆਂ ਨੂੰ ਫਰੋਲਣ ਦੇ ਅਤੇ ਜੀਵਨ ਨੂੰ ਸਹੀ ਰੰਗ ਢੰਗ ਨਾਲ ਜਿਉਣ ਦੇ। ਬਾਲ ਜੀਵਨ ਨੂੰ ਸ਼ਿੰਗਾਰਨ ਤੇ ਸੰਵਾਰਨ ਵਿੱਚ ਪੁਸਤਕਾਂ ਅਤੇ ਬਾਲ ਰਸਾਲਿਆਂ ਦਾ ਕਿੰਨਾ ਮਹੱਤਵ ਹੈ? ਇਸ ਸਭ ਕਾਸੇ ਬਾਰੇ ਕਵੀ ਨੇ ਬਹੁਤ ਸ਼ਾਨਦਾਰ ਕਵਿਤਾਵਾਂ ਸਿਰਜੀਆਂ ਹਨ। ਇਹ ਕਵਿਤਾਵਾਂ ਹੱਕ ਸੱਚ ਤੇ ਪਹਿਰਾ ਦੇਣ ਲਈ ਤਿਆਰ ਕਰਦੀਆਂ ਹਨ ਅਤੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਦਾ ਇੱਕੋ ਇੱਕ ਜਰੀਆ ਬਣਦੀਆਂ ਹਨ।
ਬੱਚਿਆਂ ਲਈ ਪ੍ਰੇਰਨਾਦਾਇਕ ਅਤੇ ਉਨ੍ਹਾਂ ਦੇ ਜੀਵਨ ਅੰਦਰ ਰੌਸ਼ਨੀਆਂ ਭਰਨ ਵਾਲੀਆਂ ਇਹ ਕਵਿਤਾਵਾਂ ਜੀਵਨ ਦੇ ਰਾਹਾਂ ਵਿੱਚ ਚਿਰਾਗ਼ ਬਾਲ਼ਦੀਆਂ ਹਨ। ਮੈਨੂੰ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਇਹਨਾਂ ਕਵਿਤਾਵਾਂ ਨੂੰ ਪੜ੍ਹਨ ਵਾਲੇ ਪਾਠਕ ਅਤੇ ਬੱਚੇ ਜੀਵਨ ਦੇ ਸੰਘਰਸ਼ ਵਿੱਚ ਕਾਮਯਾਬ ਇਨਸਾਨ ਬਣਨਗੇ। ਉਸਦੀ ਸਿਰਜਣਾ ਦਾ ਅਸਲ ਵਿੱਚ ਮਨੋਰਥ ਵੀ ਇਹੀ ਹੈ ਕਿ ਅਜੋਕੇ ਸਮੇਂ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਖੁਰ ਰਹੀਆਂ ਹਨ ਉਹਨਾਂ ਨੂੰ ਬਚਾਇਆ ਜਾਵੇ ਤਾਂ ਕਿ ਆਉਣ ਵਾਲੀ ਪਨੀਰੀ ਆਦਰਸ਼ ਨਾਗਰਿਕ ਬਣ ਸਕੇ।
ਪਿੰਡ ਮਾਹਿਲ ਗਹਿਲਾਂ ਵਿੱਚ ਪਿਤਾ ਗੁਰਦਿਆਲ ਚੰਦ ਅਤੇ ਮਾਤਾ ਲੱਜਿਆਵਤੀ ਦੀ ਕੁੱਖ ਨੂੰ ਮੁਕੇਸ਼ ਕੁਮਾਰ ਨੇ 11 ਮਈ 1965 ਨੂੰ ਭਾਗ ਲਾਏ। ਉਸ ਦੀ ਛੋਟੀ ਭੈਣ ਪ੍ਰਵੀਨ ਕੁਮਾਰੀ ਉਸ ਲਈ ਪ੍ਰੇਰਨਾ ਅਤੇ ਪ੍ਰੀਤ ਦੀ ਦੇਵੀ। ਮਾਪਿਆਂ ਨੇ ਉਸਦੀ ਸ਼ਖਸ਼ੀਅਤ ਨੂੰ ਘੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਮਾਨਦਾਰੀ ਦੀ ਕਿਰਤ ਕਮਾਈ ਨਾਲ ਮੁਕੇਸ਼ ਨੂੰ ਪੜ੍ਹਾਇਆ ਲਿਖਾਇਆ ਅਤੇ ਉੱਚੀ ਮੰਜ਼ਿਲ ਦਾ ਪਾਂਧੀ ਬਣਾਇਆ। ਮਾਪਿਆਂ ਵੱਲੋਂ ਦਿੱਤੇ ਗੁਰ ਉਸ ਦੇ ਜੀਵਨ ਨੂੰ ਉਚੇਰਾ ਕਰਨ ਵਿੱਚ ਉਸਦੇ ਸੰਗੀ ਸਾਥੀ ਬਣੇ। ਇਸੇ ਕਰਕੇ ਅੱਜ ਵੀ ਉਹ ਪਰਉਪਕਾਰੀ ਕਾਰਜਾਂ ਨੂੰ ਪਹਿਲ ਦਿੰਦਾ ਹੈ।
ਮਾਹਿਲ ਗਹਿਲਾਂ ਦੇ ਸਰਕਾਰੀ ਸਕੂਲ ਤੋਂ ਦਸਵੀਂ ਪਾਸ ਕਰਕੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਫਗਵਾੜੇ ਤੋਂ ਬੀ ਕੌਮ ਦੀ ਡਿਗਰੀ ਪਹਿਲੇ ਦਰਜੇ ਵਿੱਚ ਪਾਸ ਕੀਤੀ। ਇਸੇ ਤਰ੍ਹਾਂ ਐਮ ਕਾਮ ਸ਼ਿਮਲਾ ਯੂਨੀਵਰਸਿਟੀ ਤੋਂ ਅਤੇ 1991 ਵਿੱਚ ਫ਼ਰੀਦਕੋਟ ਕਾਲਜ ਤੋਂ ਪਹਿਲੇ ਦਰਜੇ ਵਿੱਚ ਬੀ.ਐਡ ਵੀ ਕਰ ਲਈ। ਖੁਦ ਨੌਕਰੀ ਕਰਨ ਦੀ ਬਜਾਏ ਉਹ ਨੌਕਰੀਆਂ ਦੇਣ ਵਾਲਾ ਬਣ ਗਿਆ। 1992 ਵਿੱਚ ਸੰਤ ਬਾਬਾ ਸੇਵਾ ਸਿੰਘ ਖਾਲਸਾ ਪਬਲਿਕ ਸਕੂਲ ਨੌਰਾ ਜ਼ਿਲ੍ਹਾ ਨਵਾਂਸ਼ਹਿਰ ਦੀ ਸਥਾਪਨਾ ਕਰਕੇ ਲਗਭਗ 20 ਮੈਂਬਰਾਂ ਨੂੰ ਰੁਜ਼ਗਾਰ ਤੇ ਲਾ ਦਿੱਤਾ।
ਉਸਦੇ ਉੱਦਮ ਨੇ ਜਿੱਥੇ ਰੁਜ਼ਗਾਰ ਪੈਦਾ ਕੀਤਾ ਉੱਥੇ ਸਿੱਖਿਆ ਦੇ ਖੇਤਰ ਵਿੱਚ ਨਵਾਂ ਅਧਿਆਇ ਵੀ ਜੋੜ ਦਿੱਤਾ। ਸਕੂਲ ਵਿੱਚ ਪੜ੍ਹਦੇ ਬੱਚੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ। ਇੱਕ ਮਾਹਿਰ ਮਨੋਵਿਗਿਆਨੀ ਵਾਂਗ ਉਹ ਬੱਚਿਆਂ ਦੀ ਹੀ ਮਾਨਸਿਕਤਾ ਨਹੀਂ ਪੜ੍ਹਦਾ ਸਗੋਂ ਸਟਾਫ਼ ਮੈਂਬਰ ਵੀ ਅਜਿਹੇ ਭਰਤੀ ਕਰਦਾ ਹੈ ਜੋ ਇਸ ਖੇਤਰ ਨੂੰ ਤਨੋ ਮਨੋ ਸਮਰਪਿਤ ਹੋਣ। ਇਹਨਾਂ ਕਾਰਜਾਂ ਵਿੱਚ ਉਸਦੇ ਖਿਆਲਾਂ ਦੀ ਹਾਨਣ ਜੀਵਨ ਸਾਥਣ ਪ੍ਰੇਮ ਲਤਾ ਅਹਿਮ ਭੂਮਿਕਾ ਅਦਾ ਕਰ ਰਹੀ ਹੈ।
ਬੇਟੀ ਨਵਦੀਪ ਕੌਰ ਅਮਨ ਅਤੇ ਬੇਟਾ ਅਸ਼ਮਨ ਕੁਮਾਰ ਵੀ ਮਾਪਿਆਂ ਦੁਆਰਾ ਪਾਈਆਂ ਸੰਦਲੀ ਪੈੜਾਂ ਤੇ ਚੱਲ ਰਹੇ ਹਨ। 1997 ਤੋਂ ਸੰਨ 2002 ਤੱਕ ਉਹ ਸਰਕਾਰੀ ਅਧਿਆਪਕ ਦੀਆਂ ਜ਼ਿੰਮੇਵਾਰੀਆਂ ਪਿੰਡ ਸੂਰਾਪੁਰ ਅਤੇ ਬਹਿਰਾਮ ਵਿਖੇ ਬਾਖੂਬੀ ਨਿਭਾਉਂਦਾ ਰਿਹਾ। ਬਾਅਦ ਵਿੱਚ ਆਸਟਰੇਲੀਆ ਦੀ ਧਰਤੀ ਤੇ ਪੰਜਾਬ ਅਤੇ ਪੰਜਾਬੀਅਤ ਦੇ ਝੰਡੇ ਗੱਡੇ। ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇੱਥੋਂ ਦੀਆਂ ਸੰਸਥਾਵਾਂ ਨਾਲ ਸੰਪਰਕ ਕਰਕੇ ਪੰਜਾਬੀ ਭਾਸ਼ਾ ਦੀ ਪੜ੍ਹਾਈ ਆਰੰਭੀ। ਆਪ ਇੱਕ ਜਮਾਂਦਰੂ ਅਧਿਆਪਕ ਹੋਣ ਕਰਕੇ ਵਿੱਦਿਆ ਅਤੇ ਵਿਦਿਆਰਥੀਆਂ ਦੇ ਦੀਵਾਨੇ ਹਨ।
