ਦੇਸ਼ ਵਿਆਪੀ ਹੜਤਾਲ 'ਚ ਪਟਿਆਲਾ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਦੀ ਵੱਡੀ ਰੈਲੀ, ਸਰਕਾਰੀ ਨੀਤੀਆਂ ਦਾ ਕੀਤਾ ਵਿਰੋਧ

ਪਟਿਆਲਾ, 9 ਜੁਲਾਈ : ਅੱਜ ਪਟਿਆਲਾ ਵਿਖੇ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਦਾ ਜਬਰਦਸਤ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ਮੁਕੰਮਲ ਤੌਰ ਤੇ ਬੰਦ ਕਰਕੇ ਕਰਮਚਾਰੀਆਂ ਨੇ ਹੜਤਾਲ ਕੀਤੀ। ਸਮੁੱਚੀਆਂ ਬੈਂਕਾਂ ਵਿੱਚ ਮੁਕੰਮਲ ਹੜਤਾਲ ਹੋਈ, ਪੋਸਟਲ ਇੰਪਲਾਈਜ਼, ਬਿਜਲੀ ਕਰਮਚਾਰੀ, ਇੰਸ਼ੋਰੈਂਸ, ਐਲ.ਆਈ.ਸੀ., ਆਂਗਣਵਾੜੀ ਅਤੇ ਆਸ਼ਾ ਵਰਕਰ ਆਦਿ ਅਦਾਰਿਆਂ ਦੇ ਕਰਮਚਾਰੀ ਪੂਰੇ ਦਿਨ ਦੀ ਹੜਤਾਲ ਕਰਕੇ ਰੇਲਵੇ ਸਟੇਸ਼ਨ ਪਟਿਆਲਾ ਦੇ ਸਾਹਮਣੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਏ।

ਪਟਿਆਲਾ, 9 ਜੁਲਾਈ : ਅੱਜ ਪਟਿਆਲਾ ਵਿਖੇ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਦਾ ਜਬਰਦਸਤ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ਮੁਕੰਮਲ ਤੌਰ ਤੇ ਬੰਦ ਕਰਕੇ ਕਰਮਚਾਰੀਆਂ ਨੇ ਹੜਤਾਲ ਕੀਤੀ। ਸਮੁੱਚੀਆਂ ਬੈਂਕਾਂ ਵਿੱਚ ਮੁਕੰਮਲ ਹੜਤਾਲ ਹੋਈ, ਪੋਸਟਲ ਇੰਪਲਾਈਜ਼, ਬਿਜਲੀ ਕਰਮਚਾਰੀ, ਇੰਸ਼ੋਰੈਂਸ, ਐਲ.ਆਈ.ਸੀ., ਆਂਗਣਵਾੜੀ ਅਤੇ ਆਸ਼ਾ ਵਰਕਰ ਆਦਿ ਅਦਾਰਿਆਂ ਦੇ ਕਰਮਚਾਰੀ ਪੂਰੇ ਦਿਨ ਦੀ ਹੜਤਾਲ ਕਰਕੇ ਰੇਲਵੇ ਸਟੇਸ਼ਨ ਪਟਿਆਲਾ ਦੇ ਸਾਹਮਣੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਏ। 
ਹੜ੍ਹਤਾਲੀ ਕਰਮਚਾਰੀ ਏਟਕ, ਇੰਟਕ, ਸੀਟੂ, ਸੀ.ਟੀ.ਯੂ. ਪੰਜਾਬ, ਇਫਟੂ ਅਤੇ ਫੈਡਰੇਸ਼ਨਾਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਬੈਂਕ, ਬੀਮਾ, ਐਲ.ਆਈ.ਸੀ. ਅਤੇ ਕਈ ਸੇਵਾ ਮੁਕਤ ਕਰਮਚਾਰੀ ਜਥੇਬੰਦੀਆਂ ਦੇ ਵਰਕਰ ਵੀ ਰੈਲੀ ਵਿੱਚ ਸ਼ਾਮਲ ਹੋਏ। ਇਸ ਰੈਲੀ ਦੀ ਅਗਵਾਈ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ, ਬਲਦੇਵ ਰਾਜ ਬੱਤਾ, ਉਤਮ ਸਿੰਘ ਬਾਗੜੀ, ਹਰੀ ਸਿੰਘ ਦੌਣ ਕਲਾਂ, ਤਰਸੇਮ ਸਿੰਘ, ਦਰਸ਼ਨ ਸਿੰਘ ਲੁਬਾਣਾ, ਐਸ.ਕੇ. ਗੌਤਮ, ਦਰਸ਼ਨ ਸਿੰਘ ਬੇਲੂਮਾਜਰਾ ਆਦਿ ਆਗੂ ਕਰ ਰਹੇ ਸਨ। ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਆਮ ਕਿਸਾਨ ਵੀ ਸ਼ਾਮਲ ਹੋਏ।
ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ, ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਮੋਦੀ ਸਰਕਾਰ ਦੀਆਂ ਸਨਅਤੀ ਅਤੇ ਗਰੀਬ ਮਜਦੂਰ ਵਿਰੋਧੀ ਆਰਥਕ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਕੇ ਖਤਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਅਦਾਰਿਆਂ ਦੇ ਕੀਮਤੀ ਅਸਾਸੇ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। 44 ਕੇਂਦਰੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਲੇਬਰ ਕੋਡਜ਼ ਵਿੱਚ ਤਬਦੀਲ ਕਰਕੇ ਅਮਲ ਵਿੱਚ ਲੇਬਰ ਕਾਨੂੰਨ ਖਤਮ ਹੀ ਕਰ ਦਿੱਤੇ ਗਏ ਹਨ। ਜਿਸ ਨਾਲ ਹੁਣ ਕਾਰਪੋਰੇਟਾਂ ਨੂੰ ਮਜਦੂਰਾਂ ਦੀ ਲੁੱਟ ਕਰਨ ਦੀ ਕਾਨੂੰਨੀ ਗਰੰਟੀ ਮਿਲ ਗਈ ਹੈ। ਅਦਾਲਤੀ ਸੁਣਵਾਈ ਦੇ ਮੌਕੇ ਸੀਮਤ ਕਰ ਦਿੱਤੇ ਗਏ ਹਨ। ਪੁਰਾਣੀ ਪੈਨਸ਼ਨ ਖਤਮ ਕਰ ਦਿੱਤੀ ਗਈ ਹੈ, ਠੇਕੇੇਦਾਰੀ ਸਿਸਟਮ ਤਹਿਤ ਕੰਟਰੈਕਟ ਅਤੇ ਆਊਟ ਸੋਰਸ ਨੌਕਰੀਆਂ ਤੇ ਲੱਗੇ ਹੋਏ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾ ਰਹੀਆਂ, ਜਿਹਨਾਂ ਦੀ 2 ਦਹਾਕਿਆਂ ਤੋਂ ਆਰਥਕ ਲੁੱਟ ਹੋ ਰਹੀ ਹੈ। ਮਹਿੰਗਾਈ ਬੇਰੋਕ ਵੱਧ ਰਹੀ ਹੈ, ਸਿਹਤ ਤੇ ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ, ਜਿਸ ਕਰਕੇ ਇਹ ਸੇਵਾਵਾਂ ਗਰੀਬਾਂ ਦੇ ਵੱਸ ਤੋਂ ਬਾਹਰ ਹੋ ਗਈਆਂ ਹਨ। ਘੱਟੋ—ਘੱਟ ਉਜਰਤਾ 26000/— ਰੁਪਏ ਪ੍ਰਤੀ ਮਹੀਨਾ ਕਰਨੀ ਬਣਦੀ ਹੈ। ਜ਼ੋ ਕਿ ਮੌਜੂਦਾ 11000/— ਰੁਪਏ ਹੀ ਮਿਲ ਰਹੀ ਹੈ। ਸਕੀਮ ਵਰਕਰਜ਼ ਜਿਵੇਂ ਕਿ ਆਂਗਣਵਾੜੀ, ਆਸ਼ਾ ਕਰਮੀ ਅਤੇ ਮਿਡ—ਡੇ—ਮੀਲ ਵਰਕਰਜ਼ ਦਹਾਕਿਆਂ ਤੋਂ ਨਿਗੁਣੀਆਂ ਤਨਖਾਹਾਂ ਤੇ ਹਨ ਜਿਨ੍ਹਾਂ ਨੂੰ ਨਾ ਹੀ ਵਰਕਰ ਦਾ ਦਰਜਾ ਦਿੱਤਾ ਜਾ ਰਿਹਾ ਹੈ ਨਾ ਹੀ ਉਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ।
ਅੱਜ ਦੀ ਇਸ ਰੈਲੀ ਨੂੰ ਜਿਹਨਾਂ ਵੱਖੋ—ਵੱਖ ਜਥੇਬੰਦੀਆਂ ਦੇ ਹੋਰ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਸਰਵ ਸ੍ਰੀ ਐਸ.ਕੇ. ਗੌਤਮ ਬੈਂਕ ਯੂਨੀਅਨ ਆਗੂ ਦਰਸ਼ਨ ਸਿੰਘ ਲੁਬਾਣਾ, ਜੈ ਰਾਮ, ਰਾਮ ਸਿੰਘ, ਬਹਾਦਰ ਸਿੰਘ, ਰਮਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਸ਼ਾਦੀਪੁਰ, ਹਰੀ ਸਿੰਘ ਦੌਣ ਕਲਾਂ, ਦਰਸ਼ਨ ਸਿੰਘ ਬੇਲੂਮਾਜਰਾ, ਸੁਨੀਤਾ ਜ਼ੋਸ਼ੀ, ਹਰਸ਼ਰਨਜੀਤ ਕੌਰ, ਨਾਹਰ ਸਿੰਘ ਸੇਵਾਮੁਕਤ ਐਸ.ਪੀ., ਮੋਹਨ ਸਿੰਘ, ਉਤਮ ਸਿੰਘ ਬਾਗੜੀ ਆਦਿ ਸ਼ਾਮਲ ਸਨ।