
ਡਿਪਟੀ ਕਮਿਸ਼ਨਰ ਵੱਲੋਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਸੀ.ਐਸ.ਆਰ. ਗਤੀਵਿਧੀਆਂ ਦਾ ਦਾਇਰਾ ਵਧਾਉਣ ਦੀ ਤਾਕੀਦ
ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਇੱਥੇ ਕੰਪਨੀਜ਼ ਐਕਟ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨਾਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਬਾਰੇ ਵਿਚਾਰਾਂ ਕਰਦਿਆਂ ਸੀ.ਐਸ.ਆਰ. ਦਾ ਦਾਇਰਾ ਹੋਰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਇੱਥੇ ਕੰਪਨੀਜ਼ ਐਕਟ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨਾਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਬਾਰੇ ਵਿਚਾਰਾਂ ਕਰਦਿਆਂ ਸੀ.ਐਸ.ਆਰ. ਦਾ ਦਾਇਰਾ ਹੋਰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸੀ.ਐਸ.ਆਰ. ਤਹਿਤ ਸਿੱਖਿਆ, ਸਿਹਤ, ਵਾਤਾਵਰਨ ਸੰਭਾਲ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਵਾਲੇ ਖੇਤਰਾਂ ਦੀ ਮਜ਼ਬੂਤੀ ਵੱਲ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਸੀ.ਐਸ.ਆਰ. ਤਹਿਤ ਮਦਦ ਕੀਤੀ ਜਾਵੇ ਤਾਂ ਕਿ ਇਹ ਬੱਚੇ ਆਪਣੇ ਸੁਪਨੇ ਸਾਕਾਰ ਕਰ ਸਕਣ। ਉਨ੍ਹਾਂ ਕਿਹਾ ਕਿ ਸੀ.ਐਸ.ਆਰ. ਤਹਿਤ ਚਾਲੂ ਵਿੱਤੀ ਸਾਲ ਲਈ ਕਾਰਜ ਯੋਜਨਾ ਤਿਆਰ ਕਰਕੇ ਅਸਰਦਾਰ ਢੰਗ ਨਾਲ ਲਾਗੂ ਕਰਨ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀ.ਐਸ.ਆਰ. ਫੰਡਾਂ ਨੂੰ ਨੌਜਵਾਨਾਂ ਦੇ ਸਰਬਪੱਖੀ ਵਿਕਾਸ, ਸਮਾਜਿਕ ਭਲਾਈ ਅਤੇ ਰੋਜ਼ਗਾਰ ਉਤਪਤੀ ਲਈ ਵੀ ਵਰਤਿਆ ਜਾਣਾ ਚਾਹੀਦਾ ਹੈ ਜਿਸ ਨਾਲ ਨੌਜਵਾਨਾਂ ਖਾਸ ਕਰਕੇ ਲੋੜਵੰਦ ਅਤੇ ਬੇਰੋਜ਼ਗਾਰਾਂ ਨੂੰ ਬੇਹੱਦ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਜ਼ਿਲ੍ਹਾ ਪ੍ਰਸ਼ਾਸਨ ਕੰਪਨੀਆਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਏਗਾ ਤਾਂ ਜੋ ਇਨ੍ਹਾਂ ਫੰਡਾਂ ਦੀ ਸੁਚੱਜੀ ਵਰਤੋਂ ਅਮਲ ਵਿੱਚ ਲਿਆਂਦੀ ਜਾ ਸਕੇ।
ਉਨ੍ਹਾਂ ਨੇ ਇਨ੍ਹਾਂ ਫੰਡਾਂ ਦੀ ਵਰਤੋਂ ਵਿੱਚ ਪੂਰਨ ਪਾਰਦਰਸ਼ਤਾ ਨੂੰ ਵੀ ਯਕੀਨੀ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਜਨਤਕ ਹਿੱਤਾਂ ਦੇ ਮੱਦੇਨਜ਼ਰ ਸੀ.ਐਸ.ਆਰ. ਦੇ ਉਪਰਾਲੇ ਨਾਲ ਸਮਾਜ ਭਲਾਈ ਦੇ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਸੀ.ਐਸ.ਆਰ. ਤਹਿਤ ਕੀਤੇ ਜਾਣ ਵਾਲੇ ਕਾਰਜਾਂ ਲਈ ਵੱਖ-ਵੱਖ ਵਿਭਾਗਾਂ ਵੱਲੋਂ ਪੂਰਨ ਸਹਿਯੋਗ ਅਤੇ ਤਾਲਮੇਲ ਕੀਤਾ ਜਾਵੇਗਾ।
