ਮੁਹਾਲੀ ਦੇ ਖੇਤਰ ਵਿੱਚ ਵਧਦੀਆਂ ਝੁੱਗੀਆਂ ਦੀ ਨਵੀਂ ਆਬਾਦੀ ਨਾਲ ਬੁਨਿਆਦੀ ਢਾਂਚੇ, ਸੁਰੱਖਿਆ ਤੇ ਸਫਾਈ ਵਿਵਸਥਾ ਸੰਕਟ ਵਿੱਚ – ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 23 ਜੂਨ- ਨਗਰ ਨਿਗਮ ਦੇ ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਚੰਡੀਗੜ੍ਹ ਤੋਂ ਹਟਾਈਆਂ ਝੁੱਗੀਆਂ ਕਾਰਨ ਮੁਹਾਲੀ ’ਤੇ ਦਬਾਅ ਵਧ ਰਿਹਾ ਹੈ ਅਤੇ ਮੁਹਾਲੀ ਦੇ ਖੇਤਰ ਵਿੱਚ ਵਧਦੀਆਂ ਝੁੱਗੀਆਂ ਦੀ ਨਵੀਂ ਆਬਾਦੀ ਨਾਲ ਬੁਨਿਆਦੀ ਢਾਂਚੇ, ਸੁਰੱਖਿਆ ਤੇ ਸਫਾਈ ਵਿਵਸਥਾ ਸੰਕਟ ਵਿੱਚ ਹੈ। ਸ੍ਰੀ ਬੇਦੀ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰ, ਮੁਹਾਲੀ ਨੂੰ ਇੱਕ ਪੱਤਰ ਲਿਖ ਕੇ ਇਸ ਸੰਬੰਧੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰ ਵਿੱਚ ਉਹਨਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਢੰਗ ਨਾਲ ਕਾਰਵਾਈ ਨਾ ਹੋਈ ਤਾਂ ਮੁਹਾਲੀ ਵਿੱਚ ਗੰਭੀਰ ਕਾਨੂੰਨ ਵਿਵਸਥਾ ਦਾ ਸੰਕਟ ਖੜ੍ਹਾ ਹੋ ਸਕਦਾ ਹੈ।

ਪੱਤਰ ਵਿੱਚ ਡਿਪਟੀ ਮੇਅਰ ਨੇ ਕਿਹਾ ਹੈ ਕਿ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਨਜਾਇਜ਼ ਕਬਜ਼ਿਆਂ ਖਿਲਾਫ ਸਖਤ ਕਾਰਵਾਈਆਂ ਕਰਦਾ ਦਿਖਾਈ ਦਿੰਦਾ ਹੈ ਉੱਥੇ ਮੁਹਾਲੀ ਪ੍ਰਸ਼ਾਸਨ ਇਸ ਪੱਖੋਂ ਬੇਹੱਦ ਸੁਸਤ ਅਤੇ ਲਾਪਰਵਾਹ ਹੈ, ਜਿਸ ਕਾਰਨ ਮੁਹਾਲੀ ਵਿੱਚ ਲਗਾਤਾਰ ਨਜਾਇਜ਼ ਕਬਜ਼ੇ ਵਧਦੇ ਦਿਖਾਈ ਦਿੰਦੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫੇਜ਼ 2 ਲਾਗੇ ਦੀਆਂ ਗੈਰਕਾਨੂੰਨੀ ਝੁੱਗੀਆਂ ’ਤੇ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਝੁੱਗੀਵਾਸੀਆਂ ਨੇ ਮੁਹਾਲੀ ਦੀਆਂ ਕਈ ਕਲੋਨੀਆਂ ਜਿਵੇਂ ਅੰਬ ਸਾਹਿਬ ਕਾਲੋਨੀ, ਉਧਮ ਸਿੰਘ ਕਲੋਨੀ, ਜਗਤਪੁਰਾ, ਬੜਮਾਜਰਾ ਆਦਿ ਇਲਾਕਿਆਂ ਵੱਲ ਰੁਖ ਕਰ ਲਿਆ ਹੈ।
ਉਹਨਾਂ ਕਿਹਾ ਕਿ ਇਹ ਸਿਰਫ ਵਧਦੀਆਂ ਝੁੱਗੀਆਂ ਦੀ ਸਮੱਸਿਆ ਨਹੀਂ, ਬਲਕਿ ਭਵਿੱਖ ਵਿੱਚ ਵਧਦੇ ਅਪਰਾਧ, ਰੁਜ਼ਗਾਰ ਦੀ ਘਾਟ ਅਤੇ ਆਮ ਵਾਸੀਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ। ਉਹਨਾਂ ਕਿਹਾ ਕਿ ਬੜਮਾਜਰਾ ਵਿੱਚ ਪਹਿਲਾਂ ਹੀ ਨਵੀਆਂ ਝੁੱਗੀਆਂ ਵੱਸ ਚੁੱਕੀਆਂ ਹਨ ਜੋ ਹਾਲਾਤ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੀਆਂ ਹਨ।
ਡਿਪਟੀ ਮੇਅਰ ਨੇ ਆਪਣੇ ਪੱਤਰ ਰਾਹੀਂ ਮੁਹਾਲੀ ਦੀਆਂ ਸਾਰੀਆਂ ਝੁੱਗੀ-ਬਸਤੀਆਂ ਦਾ ਤੁਰੰਤ ਸਰਵੇ ਕਰਨ, ਨਵੇਂ ਝੁੱਗੀਵਾਸੀਆਂ ਦੀ ਪੁਲੀਸ ਰਾਹੀਂ ਜਾਂਚ ਕਰਵਾਉਣ, ਨਵੀਆਂ ਝੁੱਗੀਆਂ ਵੱਸਣ ਤੋਂ ਰੋਕਣ ਲਈ ਢਾਂਚਾਗਤ ਰੋਕਥਾਮ ਦੇ ਪ੍ਰਬੰਧ ਕਰਨ, ਗਮਾਡਾ ਅਤੇ ਨਗਰ ਪ੍ਰਸ਼ਾਸਨ ਵੱਲੋਂ ਨਿਗਰਾਨੀ ਸਖਤ ਕਰਨ ਅਤੇ ਝੁੱਗੀਵਾਸੀਆਂ ਦੀ ਪੁਨਰਵਾਸ ਨੀਤੀ ਬਾਰੇ ਯੋਜਨਾ ਤਿਆਰ ਕਰਕੇ ਲੋੜਵੰਦਾਂ ਲਈ ਕਾਨੂੰਨੀ ਰਿਹਾਇਸ਼ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ।
ਸ੍ਰੀ ਬੇਦੀ ਨੇ ਦੱਸਿਆ ਕਿ ਪੱਤਰ ਦੀ ਕਾਪੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਐਸ ਐਸ ਪੀ ਮੁਹਾਲੀ ਨੂੰ ਵੀ ਭੇਜੀ ਗਈ ਹੈ ਤਾਂ ਜੋ ਸਾਰੇ ਸੰਬੰਧਤ ਵਿਭਾਗ ਆਪਸੀ ਸਹਿਯੋਗ ਨਾਲ ਤਤਕਾਲ ਕਾਰਵਾਈ ਕਰ ਸਕਣ।