"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਖਰੜ: 7 ਮਈ, 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਨੂੰ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਘੜੂੰਆਂ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਨਗਰ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਭੰਡਾਰੀ, ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਤੋਂ ਡਾ. ਸਰੋਜ ਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਸਕੂਲ ਪ੍ਰਿੰਸੀਪਲ ਗੁਰਪਿੰਦਰ ਕੌਰ, ਪੁਲਿਸ ਦੇ ਐਸ.ਐਚ ਓ. ਬਲਵਿੰਦਰ ਸਿੰਘ, ਐਸ.ਐਮ.ਸੀ. ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ, ਡੇਰਾ ਬਾਬਾ ਜੱਗਾ ਕਮੇਟੀ ਦੇ ਪ੍ਰਧਾਨ ਸਵਰਨਜੀਤ ਤੇ ਹੋਰ ਪਤਵੰਤੇ ਹਾਜ਼ਰ ਹੋਏ। ਸਿਹਤ ਵਿਭਾਗ, ਨਗਰ ਪੰਚਾਇਤ, ਸਕੂਲ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਖਿਲਾਫ਼ ਹੰਭਲਾ ਮਾਰਨ ਦਾ ਅਹਿਦ ਲਿਆ ਗਿਆ।

ਸਿਹਤ ਵਿਭਾਗ ਤੋਂ ਮੈਡੀਕਲ ਅਫ਼ਸਰ ਡਾ. ਸਰੋਜ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ ਮਜ਼ਬੂਤ ਇਰਾਦੇ ਨਾਲ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਮੂਹ ਲੋਕਾਂ ਖਾਸਕਰ ਨੌਜਵਾਨਾਂ ਦੇ ਸਹਿਯੋਗ ਦੀ ਲੋੜ ਹੈ। ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਪੰਚਾਇਤਾਂ ਦਾ ਮਹੱਤਵਪੂਰਨ ਰੋਲ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਅੱਜ ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਇਸ ਮਾਨਸਿਕ ਸਮੱਸਿਆ ਤੋਂ ਬਚਾਉਣ ਲਈ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਕਿਹਾ ਕਿ ਜਿਥੇ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀਆਂ ਦਾ ਓ.ਓ.ਏ.ਟੀ. ਕਲੀਨਿਕਾਂ ਵਿੱਚ ਮੁਫ਼ਤ ਦਵਾਈ ਦੇ ਕੇ ਅਤੇ ਕੌਂਸਲਿੰਗ ਕਰਕੇ ਇਲਾਜ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਦੇ ਮੁੜ ਵਸੇਬੇ ਲਈ ਮੋਹਾਲੀ ਦੇ ਸੈਕਟਰ 66 ਵਿਖੇ ਨਸ਼ਾ ਮੁਕਤੀ ਕੇਂਦਰ ਵਿੱਚ ਕਿੱਤਾ ਮੁਖੀ ਕੋਰਸ ਵੀ ਮੁਫ਼ਤ ਕਰਵਾਏ ਜਾ ਰਹੇ ਹਨ। ਇਸ ਨਾਲ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਆਤਮ ਨਿਰਭਰ ਬਣਨਗੇ ਅਤੇ ਸਮਾਜ ਦੀ ਮੁੱਖਧਾਰਾ ਦਾ ਹਿੱਸਾ ਬਣਨਗੇ। ਗੌਤਮ ਰਿਸ਼ੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਖੁਦ ਨਿਗਰਾਨੀ ਕਰਨ ਅਤੇ ਬਕਾਇਦਾ ਮਤੇ ਪਾਸ ਕਰਕੇ ਆਪਣੇ ਪਿੰਡ ਨੂੰ "ਨਸ਼ਾ ਮੁਕਤ ਪਿੰਡ" ਘੋਸ਼ਿਤ ਕਰਨ ਲਈ ਪਹਿਲਕਦਮੀ ਕਰਨ।
ਨਗਰ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਭੰਡਾਰੀ ਨੇ ਸਰਕਾਰ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ਾਸਨ ਨੂੰ ਹਰ ਤਰੀਕੇ ਨਾਲ ਸਹਿਯੋਗ ਕਰਨ ਦੀ ਗੱਲ ਆਖੀ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਦੀ ਸਫਲ ਪੇਸ਼ਕਾਰੀ ਕੀਤੀ ਅਤੇ ਭਾਸ਼ਣ ਵੀ ਦਿੱਤੇ ਗਏ। ਬਾਅਦ ਵਿਚ ਵਿਦਿਆਰਥਣਾਂ ਵਲੋਂ ਹੱਥਾਂ ਵਿੱਚ ਬੈਨਰ ਤੇ ਤਖਤੀਆਂ ਫੜ੍ਹ ਕੇ ਜਾਗਰੂਕਤਾ ਰੈਲੀ ਕੱਢੀ ਗਈ। ਮੰਚ ਦਾ ਸੰਚਾਲਨ ਲੈਕਚਰਾਰ ਅੰਜੂ ਰਾਣੀ ਵਲੋਂ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ, ਪਿੰਡ ਦੇ ਮੋਹਤਬਰ ਵਿਅਕਤੀ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।