
ਹੈੱਡਕੁਆਰਟਰ ਦੀ ਹਰੀ ਝੰਡੀ ਮਗਰੋਂ ਹੀ ਪਾਕਿ ਮਹਿਲਾ ਨਾਲ ਨਿਕਾਹ ਕੀਤਾ: ਬਰਖਾਸਤ ਸੀਆਰਪੀਐੱਫ ਜਵਾਨ
ਜੰਮੂ, 4 ਮਈ- ਪਾਕਿਸਤਾਨੀ ਮਹਿਲਾ ਨਾਲ ਆਪਣੇ ਨਿਕਾਹ ਨੂੰ ‘ਲੁਕਾਉਣ’ ਲਈ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਸੀਆਰਪੀਐੱਫ ਜਵਾਨ ਮੁਨੀਰ ਅਹਿਮਦ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਫੋਰਸ ਦੇ ਹੈੱਡਕੁਆਰਟਰ ਤੋਂ ਪ੍ਰਵਾਨਗੀ ਮਿਲਣ ਤੋਂ ਕਰੀਬ ਇੱਕ ਮਹੀਨੇ ਬਾਅਦ ਨਿਕਾਹ ਕਰਵਾਇਆ ਸੀ।
ਜੰਮੂ, 4 ਮਈ- ਪਾਕਿਸਤਾਨੀ ਮਹਿਲਾ ਨਾਲ ਆਪਣੇ ਨਿਕਾਹ ਨੂੰ ‘ਲੁਕਾਉਣ’ ਲਈ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਸੀਆਰਪੀਐੱਫ ਜਵਾਨ ਮੁਨੀਰ ਅਹਿਮਦ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਫੋਰਸ ਦੇ ਹੈੱਡਕੁਆਰਟਰ ਤੋਂ ਪ੍ਰਵਾਨਗੀ ਮਿਲਣ ਤੋਂ ਕਰੀਬ ਇੱਕ ਮਹੀਨੇ ਬਾਅਦ ਨਿਕਾਹ ਕਰਵਾਇਆ ਸੀ।
ਜੰਮੂ ਦੇ ਘਰੋਟਾ ਇਲਾਕੇ ਦੇ ਵਸਨੀਕ ਅਹਿਮਦ, ਜੋ ਅਪਰੈਲ 2017 ਵਿੱਚ ਸੀਆਰਪੀਐਫ ਵਿੱਚ ਸ਼ਾਮਲ ਹੋਇਆ ਸੀ, ਨੇ ਕਿਹਾ ਕਿ ਉਹ ਆਪਣੀ ਬਰਖਾਸਤਗੀ ਨੂੰ ਅਦਾਲਤ ਵਿੱਚ ਚੁਣੌਤੀ ਦੇਵੇਗਾ। ਅਹਿਮਦ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਇਨਸਾਫ਼ ਮਿਲੇਗਾ।’’
ਕੇਂਦਰੀ ਰਿਜ਼ਰਵ ਪੁਲੀਸ ਫੋਰਸ ਨੇ ਅਹਿਮਦ ਨੂੰ ਪਾਕਿਸਤਾਨੀ ਮਹਿਲਾ ਮੀਨਲ ਖਾਨ ਨਾਲ ਆਪਣਾ ਨਿਕਾਹ ‘ਲੁਕਾਉਣ’ ਅਤੇ ਵੀਜ਼ੇ ਦੀ ਮਿਆਦ ਮੁੱਕਣ ਦੇ ਬਾਵਜੂਦ ਜਾਣਬੁੱਝ ਕੇ ਉਸ ਨੂੰ ਭਾਰਤ ਵਿਚ ਰੱਖਣ ਦੇ ਦੋਸ਼ ਤਹਿਤ ਬਰਖਾਸਤ ਕਰ ਦਿੱਤਾ ਹੈ। ਨੀਮ ਫੌਜੀ ਬਲ ਨੇ ਕਿਹਾ ਕਿ ਉਸ ਦਾ ਇਹ ਕਾਰਾ ਕੌਮੀ ਸੁਰੱਖਿਆ ਲਈ ਨੁਕਸਾਨਦੇਹ ਸੀ।
ਅਹਿਮਦ ਨੇ ਸ਼ਨਿੱਚਰਵਾਰ ਨੂੰ ਆਪਣੇ ਘਰ ਤੋਂ ਫੋਨ ’ਤੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਸ਼ੁਰੂ ਵਿੱਚ ਮੀਡੀਆ ਰਿਪੋਰਟਾਂ ਰਾਹੀਂ ਆਪਣੀ ਬਰਖਾਸਤਗੀ ਬਾਰੇ ਪਤਾ ਲੱਗਾ। ਮੈਨੂੰ ਜਲਦੀ ਹੀ ਸੀਆਰਪੀਐਫ ਵੱਲੋਂ ਇੱਕ ਪੱਤਰ ਮਿਲਿਆ ਜਿਸ ਵਿੱਚ ਮੈਨੂੰ ਬਰਖਾਸਤਗੀ ਬਾਰੇ ਦੱਸਿਆ ਗਿਆ ਸੀ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ, ਕਿਉਂਕਿ ਮੈਂ ਪਾਕਿਸਤਾਨੀ ਮਹਿਲਾ ਨਾਲ ਆਪਣੇ ਨਿਕਾਹ ਬਾਰੇ ਲੋੜੀਂਦੀ ਪ੍ਰਵਾਨਗੀ ਮੰਗੀ ਸੀ ਤੇ ਮੈਨੂੰ ਇਸ ਦੀ ਇਜਾਜ਼ਤ ਵੀ ਦਿੱਤੀ ਗਈ।’’ ਅਹਿਮਦ ਦਾ ਖਾਨ ਨਾਲ ਨਿਕਾਹ ਉਦੋਂ ਸਾਹਮਣੇ ਆਇਆ ਜਦੋਂ ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿੱਚ 26 ਲੋਕ ਮਾਰੇ ਗਏ ਸਨ, ਦੇ ਮੱਦੇਨਜ਼ਰ ਚੁੱਕੇ ਗਏ ਕੂਟਨੀਤਕ ਉਪਾਵਾਂ ਦੇ ਹਿੱਸੇ ਵਜੋਂ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਛੱਡਣ ਲਈ ਕਿਹਾ। ਮੀਨਲ ਖਾਨ 28 ਫਰਵਰੀ ਨੂੰ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਵਿੱਚ ਦਾਖਲ ਹੋਈ ਸੀ ਅਤੇ ਉਸ ਦਾ ਥੋੜ੍ਹੇ ਸਮੇਂ ਦਾ ਵੀਜ਼ਾ 22 ਮਾਰਚ ਨੂੰ ਖਤਮ ਹੋ ਗਿਆ ਸੀ। ਹਾਲਾਂਕਿ, ਹਾਈ ਕੋਰਟ ਨੇ ਉਸ ਦੀ ਡਿਪੋਰਟੇਸ਼ਨ ’ਤੇ ਰੋਕ ਲਗਾ ਦਿੱਤੀ ਸੀ ਅਤੇ ਉਹ ਇਸ ਵੇਲੇ ਅਹਿਮਦ ਦੇ ਜੰਮੂ ਸਥਿਤ ਘਰ ਵਿੱਚ ਰਹਿ ਰਹੀ ਹੈ।
ਅਹਿਮਦ ਨੇ ਕਿਹਾ, ‘‘ਮੈਂ 31 ਦਸੰਬਰ, 2022 ਨੂੰ ਪਹਿਲਾ ਪੱਤਰ ਲਿਖਿਆ ਸੀ ਜਿਸ ਵਿੱਚ ਮੈਂ ਪਾਕਿਸਤਾਨੀ ਨਾਗਰਿਕ ਨਾਲ ਨਿਕਾਹ ਕਰਵਾਉਣ ਦੀ ਇੱਛਾ ਜਤਾਈ ਅਤੇ ਮੈਨੂੰ ਪਾਸਪੋਰਟ, ਵਿਆਹ ਦਾ ਕਾਰਡ ਅਤੇ ਹਲਫਨਾਮੇ ਦੀਆਂ ਕਾਪੀਆਂ ਨੱਥੀ ਕਰਨ ਵਰਗੀਆਂ ਰਸਮਾਂ ਪੂਰੀਆਂ ਕਰਨ ਲਈ ਕਿਹਾ ਗਿਆ। ਮੈਂ ਆਪਣਾ ਹਲਫਨਾਮਾ ਅਤੇ ਆਪਣੇ ਮਾਪਿਆਂ, ਸਰਪੰਚ ਅਤੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਮੈਂਬਰ ਦੇ ਹਲਫਨਾਮੇ ਢੁਕਵੇਂ ਤਰੀਕਿਆਂ ਰਾਹੀਂ ਜਮ੍ਹਾਂ ਕਰਵਾਏ ਅਤੇ ਅੰਤ ਵਿੱਚ 30 ਅਪਰੈਲ, 2024 ਨੂੰ ਹੈੱਡਕੁਆਰਟਰ ਤੋਂ ਪ੍ਰਵਾਨਗੀ ਮਿਲ ਗਈ।’’
ਸੀਆਰਪੀਐੱਫ ਜਵਾਨ ਨੇ ਕਿਹਾ ਕਿ ਉਸ ਨੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨਓਸੀ) ਲਈ ਅਰਜ਼ੀ ਦਿੱਤੀ ਸੀ, ਪਰ ਉਸ ਨੂੰ ਦੱਸਿਆ ਗਿਆ ਕਿ ਅਜਿਹੀ ਕੋਈ ਵਿਵਸਥਾ ਉਪਲਬਧ ਨਹੀਂ ਹੈ ਅਤੇ ਉਸ ਨੇ ਨਿਯਮਾਂ ਅਨੁਸਾਰ ਇੱਕ ਵਿਦੇਸ਼ੀ ਨਾਗਰਿਕ ਨਾਲ ਆਪਣੇ ਨਿਕਾਹ ਬਾਰੇ ਸਰਕਾਰ ਨੂੰ ਸੂਚਿਤ ਕਰਕੇ ਰਸਮੀ ਕਾਰਵਾਈਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਹਨ। ਅਹਿਮਦ ਨੇ ਕਿਹਾ, ‘‘ਅਸੀਂ ਪਿਛਲੇ ਸਾਲ 24 ਮਈ ਨੂੰ ਵੀਡੀਓ ਕਾਲ ਰਾਹੀਂ ਆਨਲਾਈਨ ਨਿਕਾਹ ਕੀਤਾ ਸੀ। ਇਸ ਤੋਂ ਬਾਅਦ ਮੈਂ ਆਪਣੀ 72ਵੀਂ ਬਟਾਲੀਅਨ ਵਿੱਚ ਵਿਆਹ ਦੀਆਂ ਤਸਵੀਰਾਂ, ‘ਨਿਕਾਹ’ ਦੇ ਕਾਗਜ਼ਾਤ ਅਤੇ ਵਿਆਹ ਸਰਟੀਫਿਕੇਟ ਜਮ੍ਹਾਂ ਕਰਵਾਏ ਜਿੱਥੇ ਮੈਨੂੰ ਤਾਇਨਾਤ ਕੀਤਾ ਗਿਆ ਸੀ।’’
ਅਹਿਮਦ ਨੇ ਕਿਹਾ, ‘‘ਜਦੋਂ ਉਹ (ਮੀਨਲ ਖ਼ਾਨ) 28 ਫਰਵਰੀ ਨੂੰ ਪਹਿਲੀ ਵਾਰ 15 ਦਿਨਾਂ ਦੇ ਵੀਜ਼ੇ ’ਤੇ ਆਈ ਸੀ, ਤਾਂ ਅਸੀਂ ਮਾਰਚ ਵਿੱਚ ਹੀ ਲੰਬੇ ਸਮੇਂ ਦੇ ਵੀਜ਼ੇ ਲਈ ਅਰਜ਼ੀ ਦਿੱਤੀ ਅਤੇ ਇੰਟਰਵਿਊ ਸਮੇਤ ਜ਼ਰੂਰੀ ਰਸਮਾਂ ਪੂਰੀਆਂ ਕੀਤੀਆਂ।’’ ਅਹਿਮਦ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਲੰਘੇ ਬੁੱਧਵਾਰ ਨੂੰ ਐਨ ਆਖਰੀ ਮੌਕੇ ਉਸ ਦੀ ਪਤਨੀ ਦੀ ਡਿਪੋਰਟੇਸ਼ਨ ’ਤੇ ਰੋਕ ਲਗਾ ਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ।
ਅਹਿਮਦ ਨੇ ਕਿਹਾ ਕਿ ਉਹ ਆਪਣੀ ਛੁੱਟੀ ਦੀ ਮਿਆਦ ਦੇ ਅੰਤ ਵਿਚ ਆਪਣੀ ਡਿਊਟੀ ’ਤੇ ਵਾਪਸ ਆ ਗਿਆ। ਉਸ ਨੂੰ 25 ਮਾਰਚ ਨੂੰ ਸੁੰਦਰਬਨੀ ਵਿਖੇ ਬਟਾਲੀਅਨ ਹੈੱਡਕੁਆਰਟਰ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ, ਪਰ 27 ਮਾਰਚ ਨੂੰ ਉਸ ਨੂੰ ਟਰਾਂਸਫਰ ਆਰਡਰ ਸੌਂਪਿਆ ਗਿਆ ਅਤੇ 15 ਦਿਨਾਂ ਦੀ ਲਾਜ਼ਮੀ ਜੁਆਇਨਿੰਗ ਮਿਆਦ ਪ੍ਰਦਾਨ ਕੀਤੇ ਬਿਨਾਂ ਭੋਪਾਲ (ਮੱਧ ਪ੍ਰਦੇਸ਼) ਵਿਖੇ 41ਵੀਂ ਬਟਾਲੀਅਨ ਵਿੱਚ ਤਾਇਨਾਤ ਕਰ ਦਿੱਤਾ ਗਿਆ।
ਅਹਿਮਦ ਨੇ ਕਿਹਾ, ‘‘ਮੈਨੂੰ ਆਰਡਰ ਦੀ ਕਾਪੀ ਦਿੱਤੀ ਗਈ ਅਤੇ ਤੁਰੰਤ ਰਿਲੀਵ ਕਰ ਦਿੱਤਾ ਗਿਆ, ਜਿਸ ਨਾਲ ਮੇਰੇ ਕੋਲ ਭੋਪਾਲ ਵਿਖੇ ਆਪਣੀ ਡਿਊਟੀ ’ਤੇ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਮੈਂ ਉਥੇ 29 ਮਾਰਚ ਨੂੰ ਜੁਆਇਨ ਕੀਤਾ। ਉੱਥੇ ਪਹੁੰਚਣ ’ਤੇ ਮੈਂ ਕਮਾਂਡਿੰਗ ਅਫਸਰ ਅਤੇ ਉਸ ਦੇ ਡਿਪਟੀ ਦੀ ਇੰਟਰਵਿਊ ਦਾ ਸਾਹਮਣਾ ਕੀਤਾ ਅਤੇ ਦਸਤਾਵੇਜ਼ੀ ਪ੍ਰਕਿਰਿਆ ਵੀ ਪੂਰੀ ਕੀਤੀ, ਜਿਸ ਵਿੱਚ ਇੱਕ ਪਾਕਿਸਤਾਨੀ ਔਰਤ ਨਾਲ ਮੇਰੇ ਨਿਕਾਹ ਦਾ ਸਪੱਸ਼ਟ ਤੌਰ ’ਤੇ ਜ਼ਿਕਰ ਕੀਤਾ ਗਿਆ ਸੀ।’’ ਅਹਿਮਦ ਨੇ ਕਿਹਾ ਕਿ ਉਸ ਨੇ ਆਪਣੀ ਬਟਾਲੀਅਨ ਡੇਟਾ ਰਿਕਾਰਡ ਬੁੱਕ ਵਿੱਚ ਵੀ ਐਂਟਰੀ ਕੀਤੀ ਹੈ। ਸੀਆਰਪੀਐਫ ਜਵਾਨ ਨੇ ਕਿਹਾ ਕਿ ਉਹ ਆਪਣੀ ਬਰਖਾਸਤਗੀ ਨੂੰ ਚੁਣੌਤੀ ਦੇਣ ਲਈ ਅਗਲੇ ਕੁਝ ਦਿਨਾਂ ਵਿੱਚ ਅਦਾਲਤ ਦਾ ਰੁੁਖ਼ ਕਰੇਗਾ। ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਅਦਾਲਤ ਤੋਂ ਇਨਸਾਫ਼ ਮਿਲੇਗਾ।’’
