ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ 27 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ‘ਚ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਗੜ੍ਹਸ਼ੰਕਰ 16 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਗੜ੍ਹਸ਼ੰਕਰ 16 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਤਹਿਤ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕਰੀਬ 27 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਸ੍ਰੀ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰ ਦਾ ਉਦੇਸ਼ ਹੈ ਕਿ ਹਰ ਬੱਚੇ ਨੂੰ ਵਧੀਆ ਸਿੱਖਿਆ ਦੇ ਨਾਲ-ਨਾਲ ਵਧੀਆ ਵਿਦਿਅਕ ਮਾਹੌਲ ਮਿਲੇ। ਇਸੇ ਤਰਤੀਬ ਵਿੱਚ ਗੜ੍ਹਸ਼ੰਕਰ ਹਲਕੇ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਡਿਪਟੀ ਸਪੀਕਰ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜੱਸੋਵਾਲ ਵਿੱਚ ਨਵੇਂ ਬਣੇ ਕਲਾਸ ਰੂਮ ਅਤੇ ਚਾਰਦੀਵਾਰੀ, ਸਰਕਾਰੀ ਮਿਡਲ ਸਕੂਲ ਜੱਸੋਵਾਲ ਵਿੱਚ ਕਲਾਸ ਰੂਮ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਭਰੋਵਾਲ ਵਿੱਚ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਦਦਿਆਲ ਵਿੱਚ ਇਮਾਰਤ ਦੀ ਮੁਰੰਮਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਵਾਲ ਬਿਹੜਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬਿਹੜਾਂ ਵਿੱਚ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਮੁੱਢਲੀਆਂ ਸਹੂਲਤਾਂ ਯਕੀਨੀ ਬਣਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਗੜ੍ਹਸ਼ੰਕਰ ਇਲਾਕੇ ਦੇ ਹੋਰ ਸਕੂਲਾਂ ਵਿੱਚ ਭਵਿੱਖ ਵਿੱਚ ਕਈ ਹੋਰ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ।
ਸ੍ਰੀ ਰੌੜੀ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਕਿਉਂਕਿ ਹੁਣ ਸਰਕਾਰੀ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਕ੍ਰਾਂਤੀ ਸਿਰਫ਼ ਸਰਕਾਰ ਦੀ ਹੀ ਨਹੀਂ ਸਗੋਂ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦੀ ਹੈ।
ਇਸ ਮੌਕੇ ਅਧਿਆਪਕ ਕੁਲਦੀਪ ਸਿੰਘ, ਕਮਲੇਸ਼ ਕੁਮਾਰੀ, ਰਾਮ ਰਤਨ ਕੁਮਾਰ, ਮਨਪ੍ਰੀਤ ਕੌਰ, ਸੰਦੀਪ ਰਾਣੀ, ਲਖਵਿੰਦਰ ਸਿੰਘ, ਜਗਦੀਸ਼ ਕੌਰ ਤੋਂ ਇਲਾਵਾ ਪੰਚਾਇਤ ਦੇ ਨੁਮਾਇੰਦੇ, ਪਿੰਡ ਵਾਸੀ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|