ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਨੇ ਅਜ਼ੀਮ ਸ਼ਖ਼ਸੀਅਤ ਪ੍ਰਸ਼ੋਤਮ ਦਾਸ ਭਾਰਦਵਾਜ ਨੂੰ ਦਿੱਤੀ ਸ਼ਰਧਾਂਜਲੀ

ਕੈਲਗਰੀ (ਕੈਨੇਡਾ), 26 ਫਰਵਰੀ- ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੇ ਬਾਨੀ ਅਤੇ ਪੰਜਾਬੀ ਭਾਈਚਾਰੇ ਦੀ ਹਰਮਨ ਪਿਆਰੀ ਅਜ਼ੀਮ ਹਸਤੀ, ਪ੍ਰਸ਼ੋਤਮ ਦਾਸ ਭਾਰਦਵਾਜ (ਦਾਸ ਜੀ) ਪਿਛਲੇ ਦਿਨੀਂ 85 ਸਾਲ ਦੀ ਉਮਰ 'ਚ ਪ੍ਰਲੋਕ ਸਿਧਾਰ ਗਏ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਹਿਤ ਐਸੋਸੀਏਸ਼ਨ ਦੀ ਵਿਸ਼ੇਸ਼ ਇਕੱਤਰਤਾ ਵੀਵੋ ਹਾਲ ਵਿਚ ਹੋਈ। ਮੈਂਬਰਾਂ ਤੋਂ ਇਲਾਵਾ ਦਾਸ ਜੀ ਦੀ ਸਪੁਤਰੀ, ਉਨ੍ਹਾਂ ਦਾ ਪੋਤਰਾ ਅਤੇ ਦੋਹਤਰਾ ਵੀ ਸ਼ਾਮਲ ਹੋਏ। ਸ਼ੁਰੂ ਵਿਚ ਚਲਾਈ ਰਿਕਾਰਡਿੰਗ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ, "ਚਿੱਠੀ ਨਾ ਕੋਈ ਸੰਦੇਸ਼, ਜਾਨੇ ਵੋਹ ਕੌਨ ਸਾ ਦੇਸ, ਜਹਾਂ ਤੁਮ ਚਲੇ ਗਏ"।

ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਦਾਸ ਜੀ ਦੁਆਰਾ ਐਸੋਸੀਏਸ਼ਨ ਦੀ  ਸਥਾਪਨਾ ਕਰਨ ਤੋਂ ਲੈ ਕੇ ਆਖਰੀ ਸਾਹਾਂ ਤਕ ਪਾਏ ਵਿਲੱਖਣ ਯੋਗਦਾਨ ਨੂੰ ਯਾਦ ਕੀਤਾ। ਜੈਨ ਧਰਮ ਦੇ ਚਾਰ ਸਿਧਾਂਤਾਂ ਦੇ ਹਵਾਲੇ ਨਾਲ਼ ਦਾਸ ਜੀ ਨੂੰ ਉੱਤਮ ਪੁਰਸ਼ ਦਾ ਦਰਜਾ ਦਿੱਤਾ। ਉਨ੍ਹਾਂ ਨੇ ਸੰਕਲਪ ਦੁਹਰਾਇਆ ਕਿ ਐਸੋਸੀਏਸ਼ਨ ਦਾਸ ਜੀ ਦੇ ਪਾਏ ਪੂਰਨਿਆਂ  ਨੂੰ ਅੱਗੇ ਵਧਾਏਗੀ। ਲੰਘੇ ਦਿਨ ਸਾਰੇ ਮੈਂਬਰਾਂ ਦੇ ਉਪਰਾਲੇ ਨਾਲ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਕੈਲਗਰੀ ਵਿਖੇ ਦਾਸ ਜੀ ਪ੍ਰਤੀ ਅੰਤਿਮ ਅਰਦਾਸ ਕਰਵਾਈ ਗਈ। ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਭਰੇ ਮਨ ਨਾਲ਼ ਯਾਦਾਂ ਸਾਂਝੀਆਂ ਕੀਤੀਆਂ। 
ਨਾਲ਼ ਹੀ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਵੱਲੋਂ ਭੇਜਿਆ ਗਿਆ ਸ਼ੋਕ-ਸੁਨੇਹਾ ਪੜ੍ਹ ਕੇ ਸੁਣਾਇਆ। ਕਰਮ ਸਿੰਘ ਮੁੰਡੀ, ਹਰਕੰਵਲਜੀਤ ਕੌਰ, ਮੰਜੂ ਅਗਰਵਾਲ਼, ਜਸਵੰਤ ਸਿੰਘ ਕਪੂਰ, ਤਾਰਿਕ ਮਲਿਕ, ਤਰਲੋਕ ਚੁੱਘ, ਮੁਨੱਵਰ ਅਹਿਮਦ, ਹੈਰੀ ਸੇਖੋਂ, ਰਾਜੇਸ਼ ਅੰਗਰਾਲ਼, ਸੁਰਿੰਦਰ ਢਿੱਲੋਂ, ਹਰਿੰਦਰ ਕੌਰ ਮੁੰਡੀ, ਯਾਦਵਿੰਦਰ ਸਿੱਧੂ, ਸੁਖਦੇਵ ਸਿੰਘ ਬੈਂਸ ਅਤੇ ਹੋਰ ਮੈਂਬਰਾਂ ਨੇ ਦਾਸ ਜੀ ਦੀਆਂ ਯਾਦਾਂ ਨਾਲ ਸਾਂਝ ਪੁਆਈ। 
 ਜੋਗਾ ਸਿੰਘ ਲੈਹਲ ਨੇ ਦਾਸ ਜੀ ਨੂੰ ਨਿਪੁੰਨ, ਦਾਨੀ ਅਤੇ ਬਹਾਦਰ ਹਸਤੀ ਵਜੋਂ ਯਾਦ ਕੀਤਾ, ਡਾ. ਰਾਜਵੰਤ ਕੌਰ ਮਾਨ ਨੇ ਉਨ੍ਹਾਂ ਨੂੰ ਕਰਮਯੋਗੀ , ਪੰਜਾਬੀ ਅਤੇ ਪੰਜਾਬੀਅਤ ਦਾ ਮੁਦਈ ਕਰਾਰ ਦਿੱਤਾ। ਦਾਸ ਜੀ ਦੇ ਰੁਖਸਤ ਹੋਣ ਨੂੰ ਇਨ੍ਹਾਂ ਸ਼ਬਦਾਂ ਨਾਲ਼ ਬਿਆਨ ਕੀਤਾ "ਜਿਸ ਧਜ ਸੇ ਕੋਈ ਮਕਤਲ ਮੇਂ ਗਿਆ ਵੋਹ ਸ਼ਾਨ ਸਲਾਮਤ ਰਹਿਤੀ ਹੈ"। ਕਰਮ ਸਿੰਘ ਭੁੱਲਰ ਨੇ ਮੌਕੇ ਮੁਤਾਬਕ ਢੁਕਵੇਂ ਕਾਵਿ-ਟੋਟਕੇ ਸੁਣਾ ਕੇ ਸ਼ਰਧਾ-ਸੁਮਨ ਅਰਪਣ ਕੀਤੇ। ਕੈਲਗਰੀ ਲੇਖਕ ਸਭਾ ਦੇ ਪ੍ਰਧਾਨ ਜਸਵੀਰ ਸਿਹੋਤਾ ਨੇ ਸਭਾ ਵੱਲੋਂ ਸ਼ਰਧਾਂਜਲੀ ਦਿੱਤੀ। ਸੁਖਵਿੰਦਰ ਕੌਰ ਸੁੱਖੀ ਨੇ ਦਾਸ ਜੀ ਦੀ ਬਹੁ-ਪੱਖੀ ਸ਼ਖ਼ਸੀਅਤ ਦੀ ਤਾਰੀਫ਼ ਕਰ ਕੇ ਯਾਦਾਂ ਸਾਂਝੀਆਂ ਕੀਤੀਆਂ। 
- ਰੇਡੀਓ ਰੈੱਡ ਐਫ ਐਮ ਦੇ ਚੀਫ਼ ਨਿਊਜ਼ ਡਾਇਰੈਕਟਰ ਤੇ ਹੋਸਟ ਰਿਸ਼ੀ ਨਾਗਰ ਨੇ ਦਾਸ ਜੀ ਦੀ ਪਿਤਾ ਵਰਗੀ ਛਵੀ, ਗੱਲ-ਬਾਤ ਦੀ ਮੁਹਾਰਤ, ਦਯਾ ਅਤੇ ਨਿਸ਼ਕਾਮ ਸੇਵਾ ਵਰਗੇ ਗੁਣਾਂ ਦਾ ਭਰਵਾਂ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਸੱਚੀ ਸ਼ਰਧਾਂਜਲੀ ਹੋਵੇਗੀ। ਸੁਖਮੰਦਰ ਗਿੱਲ ਨੇ ਮਹਾਨ ਗਾਇਕ ਮੁਹੰਮਦ ਰਫ਼ੀ ਸਾਹਿਬ ਦੇ ਗਾਏ ਗੀਤ "ਜੱਗ ਵਾਲ਼ਾ ਮੇਲਾ ਯਾਰੋ ਥੋੜੀ ਦੇਰ ਦਾ...." ਰਾਹੀਂ ਅਤੇ ਜਗਦੇਵ ਸਿੱਧੂ ਨੇ ਆਪਣੀ ਕਵਿਤਾ ਰਾਹੀਂ ਦਾਸ ਜੀ ਨੂੰ ਸਿਜਦਾ ਕੀਤਾ। ਪ੍ਰਸ਼ੋਤਮ ਦਾਸ ਭਾਰਦਵਾਜ ਦੀ ਸਪੁੱਤਰੀ, ਉਨ੍ਹਾਂ ਦੇ ਪੋਤਰੇ ਅਤੇ ਦੋਹਤਰੇ ਨੇ ਦਾਸ ਜੀ ਪ੍ਰਤੀ ਸੱਚੀਆਂ ਭਾਵਨਾਵਾਂ ਦਾ ਪ੍ਰਗਟਾਅ ਕੀਤਾ। ਅਖੀਰ ਵਿਚ ਵਿੱਛੜੀ ਆਤਮਾ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।