ਵੈਟਨਰੀ ਯੂਨੀਵਰਸਿਟੀ ਨੇ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਸੰਬੰਧੀ ਕੇਂਦਰੀ ਸੰਸਥਾ ਨਾਲ ਕੀਤਾ ਸਮਝੌਤਾ

ਲੁਧਿਆਣਾ 24 ਦਸੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਵਿੱਚ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਦੇ ਟਿਕਾਊ ਵਿਕਾਸ ਸੰਬੰਧੀ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਦੀ ਕੇਂਦਰੀ ਸੰਸਥਾ, ਚੇਨਈ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਹ ਸੰਸਥਾ ਇਸ ਖੇਤਰ ਦੀ ਮੋਹਰੀ ਸੰਸਥਾ ਹੈ। ਸੈਂਟਰਲ ਇੰਸਟੀਚਿਊਟ ਆਫ ਬਰੈਕਿਸ਼ਵਾਟਰ ਐਕੁਆਕਲਚਰ ਦੇ ਡਾਇਰੈਕਟਰ, ਡਾ. ਕੁਲਦੀਪ ਕੇ ਲਾਲ ਅਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਏ ਕੇ ਅਰੋੜਾ ਨੇ ਇਸ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ।

ਲੁਧਿਆਣਾ 24 ਦਸੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਵਿੱਚ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਦੇ ਟਿਕਾਊ ਵਿਕਾਸ ਸੰਬੰਧੀ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਦੀ ਕੇਂਦਰੀ ਸੰਸਥਾ, ਚੇਨਈ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਹ ਸੰਸਥਾ ਇਸ ਖੇਤਰ ਦੀ ਮੋਹਰੀ ਸੰਸਥਾ ਹੈ। ਸੈਂਟਰਲ ਇੰਸਟੀਚਿਊਟ ਆਫ ਬਰੈਕਿਸ਼ਵਾਟਰ ਐਕੁਆਕਲਚਰ ਦੇ ਡਾਇਰੈਕਟਰ, ਡਾ. ਕੁਲਦੀਪ ਕੇ ਲਾਲ ਅਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਏ ਕੇ ਅਰੋੜਾ ਨੇ ਇਸ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ। ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਕਾਲਜ ਆਫ ਫ਼ਿਸ਼ਰੀਜ਼ ਦੀ ਵਿਗਿਆਨਕ ਟੀਮ ਵੀ ਮੌਜੂਦ ਸੀ।
          ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਦੀ ਖਾਰੇ ਪਾਣੀ ਵਾਲੀ ਗ਼ੈਰ-ਉਪਜਾਊ ਭੂਮੀ ਵਿੱਚ ਝੀਂਗੇ ਦੀ ਸਫ਼ਲ ਖੇਤੀ ਕਰਕੇ ਇਸ ਜ਼ਮੀਨ ਨੂੰ ਕਮਾਈ ਯੋਗ ਬਨਾਉਣ ਹਿਤ ਵੱਡੇ ਉਪਰਾਲੇ ਕੀਤੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਕਾਰਜ ਲਈ ਉੱਤਮ ਕਵਾਲਿਟੀ ਦਾ ਬੀਜ, ਫੀਡ ਲਾਗਤ, ਬਿਮਾਰੀਆਂ ਅਤੇ ਬਰਾਮਦ ਆਧਾਰਿਤ ਮੰਡੀਕਾਰੀ ਵਿਸ਼ੇਸ਼ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰੀ ਸੰਸਥਾ ਨਾਲ ਸਾਂਝ ਪਾ ਕੇ ਅਸੀਂ ਇਨ੍ਹਾਂ ਚੁਣੌਤੀਆਂ ਦੇ ਢੁੱਕਵੇਂ ਹੱਲ ਲੱਭਾਂਗੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਇਨ੍ਹਾਂ ਖੇਤਰਾਂ ਦਾ ਹੋਰ ਵਿਕਾਸ ਕਰਾਂਗੇ।
          ਡਾ. ਕੁਲਦੀਪ ਨੇ ਕਿਹਾ ਕਿ ਇਸ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੀ ਇਹ ਕੇਂਦਰੀ ਸੰਸਥਾ ਬਾਇਓਫਲਾਕ ਵਿਧੀ ਰਾਹੀਂ ਝੀਂਗੇ ਦੇ ਬੀਜ ਲਈ ਨਰਸਰੀ ਤਿਆਰ ਕਰਨ, ਲਾਗਤ ਪ੍ਰਭਾਵੀ ਫੀਡ ਉਤਪਾਦਨ, ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਢੁੱਕਵਾਂ ਗਿਆਨ ਰੱਖਦੀ ਹੈ।
          ਡਾ. ਅਰੋੜਾ ਨੇ ਕਿਹਾ ਕਿ ਇਸ ਸਮਝੌਤੇ ਨਾਲ ਪੰਜਾਬ ਦੇ ਖਾਰੇ ਪਾਣੀ ਵਾਲੇ ਇਲਾਕੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਨਵੀਆਂ ਤਕਨਾਲੋਜੀਆਂ ਨਾਲ ਛੋਟੇ, ਮੱਧਵਰਗੀ ਅਤੇ ਵੱਡੇ ਕਿਸਾਨ ਵੀ ਬਿਹਤਰ ਉਤਪਾਦਨ ਲੈ ਸਕਣਗੇ।
          ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਕਿਹਾ ਕਿ ਇਹ ਸਮਝੌਤਾ ਜਿਥੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਉਥੇ ਇਹ ਭਾਈਵਾਲ ਧਿਰਾਂ ਭਾਵ ਕਿਸਾਨਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਵੀ ਵਿਗਿਆਨਕ ਨੁਕਤੇ ਅਤੇ ਤਕਨਾਲੋਜੀਆਂ ਸਾਂਝੀਆਂ ਕਰਨ ਵਾਲਾ ਇਕ ਵਧੀਆ ਯਤਨ ਸਾਬਿਤ ਹੋਵੇਗਾ।