
ਪਿੰਡ ਸਹੂੰਗੜਾ ਦੇ ਛੱਪੜ 'ਚ ਨਜਾਇਜ਼ ਢੰਗ ਨਾਲ ਪਾਈ ਮਿੱਟੀ ਕੱਢ ਕੇ ਮਸਲਾ ਹੱਲ ਕਰਾਂਗੇ - ਐਕਸੀਅਨ ਅਮਰਜੀਤ ਸਿੰਘ
ਸੜੋਆ- ਬਲਾਕ ਸੜੋਆ ਦਾ ਨਾਮਵਰ ਪਿੰਡ ਸਹੂੰਗੜਾ ਕਈ ਦਹਾਕਿਆਂ ਤੋਂ ਆਪਣੀ ਵੱਖਰੀ ਪਹਿਚਾਣ ਤੇ ਨਾਮਵਰ ਚਿਹਰਿਆਂ ਕਾਰਨ ਸਦਾ ਹੀ ਸੁਰਖੀਆਂ ਵਿੱਚ ਰਿਹਾ ਹੈ। ਇਸ ਪਿੰਡ ਦੀ ਪਿਛਲੀ ਪੰਚਾਇਤ ਨੇ ਇਸ ਦੇ ਚਿਹਰੇ ਦੀ ਹੋਰ ਵੱਖਰੀ ਪਹਿਚਾਣ ਬਣਾਉਣ ਲਈ ਕੋਈ ਵੱਡਾ ਮਾਅਰਕੇ ਦਾ ਕੰਮ ਤਾਂ ਕੀ ਕਰਨਾ ਸੀ, ਸਗੋਂ ਐਸ ਸੀ ਭਾਈਚਾਰੇ ਦੇ ਲੋਕਾਂ ਦੇ ਗੰਦੇ ਪਾਣੀ ਵਾਲਾ ਛੱਪੜ ਜੋ ਲਗਭਗ ਬਜੁਰਗ 13 ਕਨਾਲ ਦੇ ਕਰੀਬ ਦੱਸਦੇ ਸਨ। ਜੋ ਦੋ ਹਿੱਸਿਆਂ ਵਿੱਚ ਵੰਡਿਆਂ ਜਾ ਚੁੱਕਾ ਹੈ।
ਸੜੋਆ- ਬਲਾਕ ਸੜੋਆ ਦਾ ਨਾਮਵਰ ਪਿੰਡ ਸਹੂੰਗੜਾ ਕਈ ਦਹਾਕਿਆਂ ਤੋਂ ਆਪਣੀ ਵੱਖਰੀ ਪਹਿਚਾਣ ਤੇ ਨਾਮਵਰ ਚਿਹਰਿਆਂ ਕਾਰਨ ਸਦਾ ਹੀ ਸੁਰਖੀਆਂ ਵਿੱਚ ਰਿਹਾ ਹੈ। ਇਸ ਪਿੰਡ ਦੀ ਪਿਛਲੀ ਪੰਚਾਇਤ ਨੇ ਇਸ ਦੇ ਚਿਹਰੇ ਦੀ ਹੋਰ ਵੱਖਰੀ ਪਹਿਚਾਣ ਬਣਾਉਣ ਲਈ ਕੋਈ ਵੱਡਾ ਮਾਅਰਕੇ ਦਾ ਕੰਮ ਤਾਂ ਕੀ ਕਰਨਾ ਸੀ, ਸਗੋਂ ਐਸ ਸੀ ਭਾਈਚਾਰੇ ਦੇ ਲੋਕਾਂ ਦੇ ਗੰਦੇ ਪਾਣੀ ਵਾਲਾ ਛੱਪੜ ਜੋ ਲਗਭਗ ਬਜੁਰਗ 13 ਕਨਾਲ ਦੇ ਕਰੀਬ ਦੱਸਦੇ ਸਨ। ਜੋ ਦੋ ਹਿੱਸਿਆਂ ਵਿੱਚ ਵੰਡਿਆਂ ਜਾ ਚੁੱਕਾ ਹੈ।
ਇਕ ਹਿੱਸਾ ਮੌਜੂਦਾ ਦੌਰ ਵਿੱਚ ਆਪਣੀ ਹੋਣੀ ਦਾ ਰੋਣਾ ਰੋ ਰਿਹਾ ਹੈ। ਜੋ ਲਗਭਗ 9 ਕਨਾਲ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਦੇ ਸਾਹਮਣੇ ਚੜ੍ਹਦੇ ਪਾਸੇ ਗੁੱਗਾ ਜਾਹਰ ਪੀਰ ਦੇ ਦਰਬਾਰ ਦੇ ਸਾਹਮਣੇ ਇਕ 4 ਕਨਾਲ ਦੇ ਹਿੱਸੇ ਵਿੱਚ ਛੱਪੜ ਦਾ ਹੋਰ ਪਾਣੀ ਪੈ ਜਾਂਦਾ ਸੀ। ਜੋ 13 ਕਨਾਲ ਵਾਲੇ ਛੱਪੜ ਦਾ ਹੀ ਹਿੱਸਾ ਸੀ। ਪਰ ਅਫਸੋਸ ਸਮੇਂ ਸਮੇਂ ਦੀਆਂ ਪੰਚਾਇਤਾਂ ਦੇ ਦੌਰ ਵਿੱਚ ਚੜ੍ਹਦੇ ਪਾਸੇ ਵਾਲੇ 4 ਕਨਾਲ ਵਾਲੇ ਛੱਪੜ ਦੇ ਹਿੱਸੇ ਵਿੱਚ ਮਿੱਟੀ ਦੀ ਭਰਤੀ ਪਾ ਕੇ ਉਸਦਾ ਨਾਮੋਂ ਨਿਸ਼ਾਨ ਖਤਮ ਕਰਕੇ ਲੋਕਾਂ ਨੇ ਕਬਜੇ ਕਰਕੇ ਆਪਣਾ ਥਾਂ ਬਣਾ ਲਿਆ ਹੈ।
ਬਾਕੀ ਬਚਦੇ 9 ਕਨਾਲ ਵਿੱਚ ਪਿਛਲੀ 2018 ਤੋਂ 2024 ਦੀ ਪੰਚਾਇਤ ਨੇ ਵਿਕਾਸ ਦੇ ਧੁਰੇ ਨੂੰ ਮੂਧੇ ਮੂੰਹ ਸੁੱਟਣ ਦੀ ਨੀਅਤ ਨਾਲ 1100/1200 ਟਰਾਲੀ ਮਿੱਟੀ ਦੀ ਛੱਪੜ ਵਿੱਚ ਪਾ ਕੇ ਉਸ ਦੇ ਦਾਇਰੇ ਨੂੰ ਹੀ ਛੋਟੀ ਜਿਹੀ ਛੱਪੜੀ ਦਾ ਰੂਪ ਦੇ ਕੇ ਪਿੰਡ ਦੇ ਘਰਾਂ ਦਾ ਗੰਦਾ ਪਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਸਮੇਤ ਲੋਕਾਂ ਦੇ ਘਰਾਂ ਅੱਗੇ ਖੜਾ ਕਰ ਦਿੱਤਾ। ਜਿਸ ਨਾਲ ਪਿੰਡ ਦੇ ਲੋਕਾਂ ਸਮੇਤ ਰਾਹਗੀਰਾਂ ਦੀਆਂ ਮੁਸ਼ਕਿਲਾਂ 'ਚ ਬੇਸ਼ੁਮਾਰ ਵਾਧਾ ਹੋ ਗਿਆ। ਐਸ ਸੀ ਛੱਪੜ ਦਾ ਮਸਲਾ ਪਿੰਡ ਦੇ ਲੋਕਾਂ ਲਈ ਵਰਦਾਨ ਦੀ ਥਾਂ ਸਰਾਪ ਬਣ ਗਿਆ।
ਹੁਣ ਇਸ ਸੜਕ ਵਿਚ ਖੜੇ ਗੰਦੇ ਪਾਣੀ ਦੀ ਮੁਸ਼ਕਿਲ ਨੂੰ ਹੱਲ ਕਰਵਾਉਣ ਲਈ ਸਾਬਕਾ ਪੰਚ ਗੁਰਮੇਲ ਸਿੰਘ (ਜੋ ਕਿ ਸਾਬਕਾ ਸਰਪੰਚ ਤੇ ਪੂਰੀ ਪੰਚਾਇਤ ਦਾ ਪਹਿਲਾਂ ਕੱਟੜ ਸਮਰਥਕ ਸੀ, ਨੂੰ ਇਹ ਦਰਖਾਸਤ ਆਪਣੀ ਪੰਚਾਇਤ ਸਮੇਂ ਦੇਣ ਦਾ ਚੇਤਾ ਕਿਉਂ ਨਹੀਂ ਆਇਆ। ਇਹ ਪਹਿਲੂ ਵੀ ਧਿਆਨ ਦੇਣ ਯੋਗ ਹੈ) ਨੇ ਐਸ ਡੀ ਐਮ ਦਫਤਰ ਬਲਾਚੌਰ ਵਿਖੇ ਦਰਖਾਸਤ ਦੇ ਦਿੱਤੀ। ਜਿਸ ਦੇ ਫੌਰੀ ਹੱਲ ਲਈ ਐਸ ਡੀ ਐਮ ਵਲੋਂ ਐਕਸੀਅਨ ਸਮੇਤ ਹੋਰ ਅਫਸਰ ਸਾਹਿਬਾਨ ਦੀ ਡਿਊਟੀ ਲਗਾਈ।
ਪੰਚਾਇਤੀ ਰਾਜ ਦੇ ਐਕਸੀਅਨ ਅਮਰਜੀਤ ਸਿੰਘ ਨਵਾਂਸ਼ਹਿਰ, ਐਸ ਡੀ ਓ ਹਰਮਨਜੀਤ ਸਿੰਘ ਤੇ ਬੀ ਡੀ ਓ ਅਸ਼ੋਕ ਕੁਮਾਰ ਵਲੋਂ ਪਿੰਡ ਦੇ ਪੰਚਾਇਤ ਘਰ 'ਚ 28 ਤਾਰੀਖ ਨੂੰ ਆਉਣ ਵਾਰੇ ਚਿੱਠੀ ਜਾਰੀ ਕੀਤੀ। ਪਿੰਡ ਪਹੁੰਚ ਕੇ ਅਫਸਰ ਸਾਹਿਬਾਨ ਵਲੋਂ ਮਸਲੇ ਵਾਲੇ ਛੱਪੜ ਦਾ ਦੌਰਾ ਕੀਤਾ। ਬਾਅਦ ਵਿੱਚ ਐਕਸੀਅਨ ਅਮਰਜੀਤ ਸਿੰਘ, ਐਸ ਡੀ ਓ ਹਰਮਨਜੀਤ ਸਿੰਘ ਤੇ ਐਸ ਡੀ ਓ ਅਸ਼ੋਕ ਕੁਮਾਰ ਵਲੋਂ ਬੰਦ ਕਮਰੇ ਵਿੱਚ ਪਹਿਲਾਂ ਪੁਰਾਣੀ ਪੰਚਾਇਤ ਦੇ ਬਿਆਨ ਸੁਣੇ।
ਜਿਸ ਵਿੱਚ ਉਹਨਾਂ ਨੇ ਆਪਣੇ ਪਿੰਡ ਵਿਚ ਹੋਰ ਗੰਦ ਪਾਉਣ ਵਾਲੇ ਪ੍ਰੋਜੈਕਟ ਤੇ ਅਮਲ ਕਰਨ ਦੀ ਬੇਨਤੀ ਕੀਤੀ ਤੇ ਆਪਣਾ ਸਾਰਾ ਕਸੂਰ ਨਵੀਂ ਪੰਚਾਇਤ ਦੇ ਗਲੇ ਵਿਚ ਪਾਉਣ ਦੀ ਕੋਝੀ ਚਾਲ ਚੱਲੀ ਤੇ ਕਿਹਾ ਪੰਚਾਇਤ ਹੁਣ ਮਸਲੇ ਨੂੰ ਜਾਣਬੁੱਝ ਕੇ ਨਹੀਂ ਸੁਲਝਾ ਰਹੀ। ਮੌਜੂਦਾ ਅਫਸਰ ਸਾਹਿਬਾਨ ਨੇ ਪਿਛਲੀ ਪੰਚਾਇਤ ਦੇ ਪ੍ਰੋਜੈਕਟ ਵਾਰੇ ਆਖਿਆ ਕਿ ਇਹ ਪ੍ਰੋਜੈਕਟ ਪਿੰਡ ਦੇ ਵਿਕਾਸ ਨੂੰ ਕੋਈ ਪੱਕਾ ਹੱਲ ਨਹੀਂ ਦੇ ਸਕਦਾ। ਫਿਰ ਮੌਜੂਦਾ ਪੰਚਾਇਤ ਦੇ ਬਿਆਨ ਸੁਣੇ ਜਿਸ ਵਿੱਚ ਮੌਜੂਦਾ ਨਵੇਂ ਬਣੇ ਸੂਝਵਾਨ ਸਰਪੰਚ ਡਾਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੰਚਾਇਤ ਨੂੰ ਅਜੇ ਚਾਰਜ ਨਹੀਂ ਮਿਲਿਆ। ਜਿਸ ਕਰਕੇ ਇਹ ਮਸਲਾ ਲਟਕ ਗਿਆ ਹੈ। ਮੀਟਿੰਗ ਉਪਰੰਤ ਐਕਸੀਅਨ ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੀ ਪੰਚਾਇਤ ਨੇ ਇਸ ਛੱਪੜ ਵਿੱਚ ਜੋ ਨਜਾਇਜ ਢੰਗ ਨਾਲ ਮਿੱਟੀ ਪਾਈ ਹੈ ਉਸ ਨੂੰ ਕੱਢਿਆ ਜਾਵੇਗਾ, ਫਿਰ ਪਾਣੀ ਦਾ ਮਸਲਾ ਹੱਲ ਹੋਵੇਗਾ।
ਐਕਸੀਅਨ ਅਮਰਜੀਤ ਸਿੰਘ ਨੇ ਹੋਰ ਕਿਹਾ ਕਿ ਪੰਚਾਇਤ ਨੇ ਜੋ 4 ਕਨਾਲ ਜਮੀਨ ਪੰਚਾਇਤ ਦੇ ਨਾਮ ਤੇ ਖਰੀਦੀ ਹੈ, ਉਸ ਵਿੱਚ ਪਿੰਡ ਦੇ ਸਾਰੇ ਛੱਪੜਾਂ ਜਿਹਨਾਂ ਦਾ ਰਕਬਾ ਲਗਭਗ ਜੋ 23 ਕਨਾਲ ਬਣਦਾ ਹੈ, ਵਿੱਚ ਸਾਰੇ ਪਿੰਡ ਦਾ ਪਾਣੀ ਨਹੀਂ ਪੈ ਸਕਦਾ। ਇਸ ਮੌਕੇ ਐਸ ਡੀ ਓ ਹਰਮਨਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਪਿੰਡ ਹੋਰ ਵੱਡੀ ਮੁਸੀਬਤ ਵਿੱਚ ਫਸ ਜਾਵੇਗਾ।
ਇਸ ਤੋਂ ਇਲਾਵਾ ਪਿੰਡ ਦੇ ਸਾਰੇ ਛੱਪੜਾਂ ਦੀ ਮਿਣਤੀ ਕਰਵਾਈ ਜਾਵੇਗੀ, ਜਿਸ ਵਿੱਚ ਗੁੱਗਾ ਜਾਹਰ ਪੀਰ ਦੇ ਸਾਹਮਣੇ ਵਾਲੇ 4 ਕਨਾਲ ਦੇ ਛੱਪੜ ਨੂੰ ਵੀ ਕਬਜੇ ਛੁਡਾ ਕੇ ਖਾਲੀ ਕਰਵਾ ਕੇ ਉਸ ਵਿਚ ਗੰਦਾ ਪਾਣੀ ਪਾਇਆ ਜਾਵੇਗਾ। ਪਿੰਡ ਦੀ ਸ਼ਾਮਲਾਟ ਵਾਲੀ ਜਮੀਨ ਦੀ ਮਿਣਤੀ ਵੀ ਕਰਵਾ ਕੇ ਉਸ ਵਿਚ ਗੰਦੇ ਪਾਣੀ ਦੇ ਪਾਉਣ ਦਾ ਹੱਲ ਲੱਭਿਆ ਜਾਵੇਗਾ।
ਬੀ ਡੀ ਪੀ ਓ ਨੇ ਕੀ ਕਿਹਾ :-
ਬਲਾਕ ਪੰਚਾਇਤ ਅਫ਼ਸਰ ਸੜੋਆ ਨੇ ਮੌਕੇ ਤੇ ਦੋਵਾਂ ਧਿਰਾਂ ਦੇ ਬਿਆਨ ਸੁਣੇ ਉਪਰੰਤ ਕਿਹਾ ਕਿ ਛੱਪੜ ਵਿੱਚੋਂ ਪਾਈ ਹੋਈ ਮਿੱਟੀ ਕੱਢ ਕੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇਗਾ। ਜੋ ਇਸ ਗੰਦੇ ਨਾਲ ਸੜਕ ਦਾ ਨੁਕਸਾਨ ਹੋਇਆ ਹੈ ਉਸ ਨੂੰ ਲੁੱਕ ਦੀ ਥਾਂ ਹੁਣ ਕੰਕਰੀਟ ਨਾਲ ਪੱਕਾ ਬਣਾਇਆ ਜਾਵੇਗਾ। ਹੁਣ ਫਿਲਹਾਲ ਆਰਜੀ ਤੌਰ ਤੇ ਪਾਣੀ ਕੱਢਿਆ ਜਾਵੇਗਾ, ਜਿਸ ਨਾਲ ਸੜਕ ਨੂੰ ਹੋਰ ਟੁੱਟਣ ਤੋਂ ਬਚਾਇਆ ਜਾ ਸਕੇ ਤੇ ਲੋਕ ਸੁਰੱਖਿਅਤ ਲੰਘ ਸਕਣ। ਕੰਕਰੀਟ ਨਾਲ ਸੜਕ ਨੂੰ ਬਣਾਉਣ ਦੀ ਮਨਜੂਰੀ ਵਿਭਾਗ ਨੂੰ ਮਿਲ ਚੁੱਕੀ ਹੈ।
ਏ ਡੀ ਸੀ (ਵਿਕਾਸ) ਨੇ ਕੀ ਕਿਹਾ :-
ਜਦੋਂ ਇਸ ਮਸਲੇ ਸੰਬੰਧੀ ਏ ਡੀ ਸੀ (ਵਿਕਾਸ) ਸ਼ਹੀਦ ਭਗਤ ਸਿੰਘ ਨਗਰ ਤੋਂ ਅਵਨੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਪਹਿਲਾਂ ਇਸ ਵਾਰੇ ਪੂਰੀ ਜਾਣਕਾਰੀ ਲਵਾਂਗੀ ਤੇ ਫਿਰ ਜੋ ਵੀ ਜਾਇਜ ਹੱਲ ਹੋ ਸਕਿਆ ਉਹ ਕੀਤਾ ਜਾਵੇਗਾ।
ਇਸ ਮੌਕੇ ਸਰੰਪਚ ਡਾਕਟਰ ਹਰਭਜਨ ਸਿੰਘ, ਸੈਕਟਰੀ ਰਾਕੇਸ਼ ਕੁਮਾਰ, ਸੁਪਰਡੈਂਟ ਪਰਮਾਨੰਦ ਲੱਕੀ, ਪੰਚ ਕੁਲਦੀਪ ਸਿੰਘ, ਪੰਚ ਰਸ਼ਪਾਲ ਸਿੰਘ, ਪੰਚ ਗੁਰਪਾਲ ਕੌਰ, ਪੰਚ ਅਜੀਤਪਾਲ ਸਿੰਘ ਖੇਲਾ, ਪੰਚ ਨਿਰਮਲ ਕੌਰ, ਪੰਚ ਊਸ਼ਾ ਰਾਣੀ, ਨੰਬਰਦਾਰ ਤੇ ਸਾਬਕਾ ਸਰਪੰਚ ਸਤਨਾਮ ਸਿੰਘ ਖੇਲਾ, ਨੰਬਰਦਾਰ ਓਮ ਪ੍ਰਕਾਸ਼ ਸਿੰਘ, ਨੰਬਰਦਾਰ ਮੁਖਤਿਆਰ ਸਿੰਘ, ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਗੀਚਾ ਸਿੰਘ ਸਹੂੰਗੜਾ, ਸਾਬਕਾ ਸਰਪੰਚ ਤੇ ਪੁਰਾਣੀ ਪੰਚਾਇਤ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।
