
ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਵਾਹਨਾਂ 'ਤੇ ਕੀਤੀ ਸਖ਼ਤਾਈ
ਨਵਾਂਸ਼ਹਿਰ/ਬੰਗਾ - ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਬਲਾਕ ਬੰਗਾ ਵਿਖੇ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ|
ਨਵਾਂਸ਼ਹਿਰ/ਬੰਗਾ - ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਬਲਾਕ ਬੰਗਾ ਵਿਖੇ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ|
ਜਿਨ੍ਹਾਂ ਵਿਚ ਕੈਂਬ੍ਰਿਜ ਸਕੂਲ, ਸੇਂਟ ਸੋਲਜਰ ਪਬਲਿਕ ਸਕੂਲ ਸ਼ਿਵਾਲਿਕ ਸਕੂਲ, ਸਕਾਲਰ ਪਬਲਿਕ ਸਕੂਲ ਅਤੇ ਅਕਾਲ ਅਕੈਡਮੀ ਗੋਬਿੰਦਪੁਰਾ ਆਦਿ ਦੀਆਂ ਬੱਸਾਂ ਸ਼ਾਮਲ ਸਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਤਕਰੀਬਨ 8 ਸਕੂਲਾਂ ਦੀਆਂ ਕੁੱਲ 12 ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ 4 ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ।
ਇਸ ਮੌਕੇ ਟੀਮ ਵਲੋਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਸਮੇ-ਸਮੇ 'ਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਵਾਹਨਾ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ, ਜਿਵੇ ਕਿ ਸੀ.ਸੀ ਟੀ. ਵੀ ਕੈਮਰਾ, ਖਿੜਕੀ 'ਤੇ ਲੋਹੇ ਦੀ ਗਰਿੱਲ, ਫਸਟ ਏਡ ਬਾਕਸ, ਲੇਡੀ ਕੰਡਕਟਰ, ਬਸ ਡਰਾਈਵਰ ਦਾ ਸਕੂਲ ਯੂਨੀਫ਼ਾਰਮ ਵਿਚ ਹੋਣਾ, ਸੀਟ ਬੈਲਟ ਲਗਾਉਣਾ, ਸਮਰੱਥਾ ਤੋਂ ਵੱਧ ਬੱਚੇ ਸਕੂਲ ਬੱਸ ਵਿਚ ਨਾ ਬਿਠਾਉਣਾ, ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਤੋ ਇਲਾਵਾ ਸਕੂਲ ਵਾਹਨਾਂ ਦੇ ਡਰਾਈਵਰਾਂ ਕੋਲ ਵਾਹਨ ਦੇ ਕਾਗਜ਼ਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਚੰਗੀ ਸੁਰੱਖਿਆ ਦੁਆਰਾ ਹੀ ਉਨ੍ਹਾਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿਚ ਭੇਜਣ ਤੋਂ ਪਹਿਲਾਂ ਬੱਸਾਂ ਦਾ ਜਾਇਜ਼ਾ ਜਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ। ਇਸ ਦੇ ਨਾਲ ਹੀ ਰਮਨਦੀਪ ਸਿੰਘ ਏ.ਟੀ.ਓ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ 'ਤੇ ਬੱਸਾਂ ਨੂੰ ਬੰਦ ਕਰਨ ਜਾਂ ਚਲਾਨ ਕੱਟਣ 'ਤੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੇ ਡਰਾਈਵਰ, ਬੱਸਾਂ ਨੂੰ ਰੋਡ 'ਤੇ ਲਿਆਉਣ ਤੋਂ ਪਹਿਲਾਂ ਆਪਣੇ ਅਤੇ ਆਪਣੀਆਂ ਬੱਸਾਂ ਦੇ ਦਸਤਾਵੇਜ਼ ਦਰੁਸਤ ਕਰ ਲੈਣ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਗੌਰਵ ਸ਼ਰਮਾ, ਆਊਟਰੀਚ ਵਰਕਰ ਕਾਂਤਾ, ਸਿੱਖਿਆ ਵਿਭਾਗ ਤੋਂ ਰਾਜ ਕੁਮਾਰ, ਪੁਲਿਸ ਵਿਭਾਗ ਤੋਂਏ.ਐਸ.ਆਈ ਜਸਵਿੰਦਰ ਪਾਲ ਅਤੇ ਬਲਵੰਤ ਸਿੰਘ ਟ੍ਰੈਫ਼ਿਕ ਪੁਲਿਸ ਬੰਗਾ ਅਤੇ ਜੂਨੀਅਰ ਸਹਾਇਕ ਜਤਿੰਦਰ ਸਿੰਘ ਵੀ ਮੌਜੂਦ ਸਨ।
