‘ਧਰਤੀ ਵਾਸੀਆਂ ਨੂੰ ਤੁਹਾਡੀ ਕਮੀ ਰੜਕ ਰਹੀ ਸੀ’: ਪ੍ਰਧਾਨ ਮੰਤਰੀ ਮੋਦੀ ਵੱਲੋਂ ਸੁਨੀਤਾ ਵਿਲੀਅਮਜ਼ ਦਾ ਸਵਾਗਤ

ਨਵੀਂ ਦਿੱਲੀ, 19 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਨਾਸਾ ਦੇ ਬਾਕੀ ਚਾਲਕ ਦਲ ਦਾ ਸਵਾਗਤ ਕੀਤਾ ਹੈ, ਜੋ ਨੌਂ ਮਹੀਨੇ ਪੁਲਾੜ ਵਿੱਚ ਰਹਿਣ ਮਗਰੋਂ ਧਰਤੀ ’ਤੇ ਪਰਤੇ ਹਨ।

ਨਵੀਂ ਦਿੱਲੀ, 19 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਨਾਸਾ ਦੇ ਬਾਕੀ ਚਾਲਕ ਦਲ ਦਾ ਸਵਾਗਤ ਕੀਤਾ ਹੈ, ਜੋ ਨੌਂ ਮਹੀਨੇ ਪੁਲਾੜ ਵਿੱਚ ਰਹਿਣ ਮਗਰੋਂ ਧਰਤੀ ’ਤੇ ਪਰਤੇ ਹਨ।
ਮੋਦੀ ਨੇ ਵਿਲੀਅਮਜ਼ ਨਾਲ ਆਪਣੀ ਇਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਕਿਹਾ, ‘‘ਧਰਤੀ ਤੇ ਵਾਪਸ ਆਉਣ ਉੱਤੇ ਸਵਾਗਤ ਹੈ, ਧਰਤੀ ਵਾਸੀਆਂ ਨੂੰ ਤੁਹਾਡੀ ਕਮੀ ਰੜਕ ਰਹੀ ਸੀ। ਇਹ ਉਨ੍ਹਾਂ ਦੀ ਦ੍ਰਿੜਤਾ, ਹਿੰਮਤ ਅਤੇ ਬੇਅੰਤ ਮਨੁੱਖੀ ਭਾਵਨਾ ਦਾ ਇਮਤਿਹਾਨ ਸੀ। ਸੁਨੀਤਾ ਵਿਲੀਅਮਜ਼ ਅਤੇ ਚਾਲਕ ਦਲ ਪੁਲਾੜ ਯਾਤਰੀਆਂ ਨੇ ਇੱਕ ਵਾਰ ਫਿਰ ਸਾਨੂੰ ਦਿਖਾਇਆ ਹੈ ਕਿ ਦ੍ਰਿੜਤਾ ਦਾ ਅਸਲ ਵਿੱਚ ਕੀ ਮਤਲਬ ਹੈ।’’
ਸ੍ਰੀ ਮੋਦੀ ਨੇ ਕਿਹਾ ਕਿ ਪੁਲਾੜ ਵਿਚ ਚਾਲਕ ਦਲ ਦੀ ਅਟੱਲ ਦ੍ਰਿੜਤਾ ਹਮੇਸ਼ਾ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ, ‘‘ਪੁਲਾੜ ਖੋਜ ਮਨੁੱਖੀ ਸੰਭਾਵਨਾ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ, ਸੁਪਨੇ ਦੇਖਣ ਦੀ ਹਿੰਮਤ ਕਰਨ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਹਿੰਮਤ ਰੱਖਣ ਬਾਰੇ ਹੈ।
 ਸੁਨੀਤਾ ਵਿਲੀਅਮਜ਼, ਜੋ ਇੱਕ ਟ੍ਰੇਲਬਲੇਜ਼ਰ ਅਤੇ ਆਈਕਨ ਹੈ, ਨੇ ਆਪਣੇ ਕਰੀਅਰ ਦੌਰਾਨ ਇਸ ਭਾਵਨਾ ਦੀ ਮਿਸਾਲ ਦਿੱਤੀ ਹੈ। ਸਾਨੂੰ ਉਨ੍ਹਾਂ ਸਾਰਿਆਂ ’ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਪੁਲਾੜ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਨੇ ਦਿਖਾਇਆ ਹੈ ਕਿ ਜਦੋਂ ਸ਼ੁੱਧਤਾ ਜਨੂੰਨ ਨਾਲ ਅਤੇ ਤਕਨਾਲੋਜੀ ਦ੍ਰਿੜਤਾ ਨਾਲ ਮਿਲਦੀ ਹੈ, ਤਾਂ ਕੀ ਹੁੰਦਾ ਹੈ।’’
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਚਾਲਕ ਦਲ ਨੂੰ ਵਧਾਈ ਦਿੱਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਚਾਲਕ ਦਲ ਨੂੰ ਵਧਾਈ ਦਿੱਤੀ ਹੈ। ਮੁਰਮੂ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ, ‘‘ਨਾਸਾ ਦੇ #Crew 9 ਮਿਸ਼ਨ ਦੀ ਧਰਤੀ ’ਤੇ ਸੁਰੱਖਿਅਤ ਵਾਪਸੀ ਪਿੱਛੇ ਪੂਰੀ ਟੀਮ ਨੂੰ ਵਧਾਈਆਂ! ਭਾਰਤ ਦੀ ਧੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਪੁਲਾੜ ਯਾਤਰੀਆਂ ਨੇ ਆਪਣੀ ਲਗਨ, ਸਮਰਪਣ ਅਤੇ ਕਦੇ ਨਾ ਹਾਰਨ ਵਾਲੀ ਭਾਵਨਾ ਨਾਲ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਇਤਿਹਾਸਕ ਯਾਤਰਾ ਦ੍ਰਿੜਤਾ, ਟੀਮ ਵਰਕ ਅਤੇ ਅਸਾਧਾਰਨ ਹਿੰਮਤ ਦੀ ਕਹਾਣੀ ਹੈ। ਮੈਂ ਉਨ੍ਹਾਂ ਦੇ ਅਟੱਲ ਇਰਾਦੇ ਨੂੰ ਸਲਾਮ ਕਰਦੀ ਹਾਂ ਅਤੇ ਉਨ੍ਹਾਂ ਦੀ ਸ਼ਾਨਦਾਰ ਸਿਹਤ ਦੀ ਕਾਮਨਾ ਕਰਦੀ ਹਾਂ!’’