ਪੁਲੀਸ ਨੂੰ ਝੂਠੀਆਂ ਸ਼ਿਕਾਇਤਾਂ ਦੇਣ ਵਾਲਿਆਂ ਖਿਲਾਫ ਵੀ ਕੀਤੀ ਜਾ ਰਹੀ ਹੈ ਕਾਰਵਾਈ - ਹਰਸਿਮਰਨ ਸਿੰਘ ਬੱਲ

ਐਸ ਏ ਐਸ ਨਗਰ, 5 ਜੁਲਾਈ- ਮੁਹਾਲੀ ਪੁਲੀਸ ਨੇ ਜਤਿੰਦਰ ਪੰਡਿਤ ਨਾਮ ਦੇ ਇੱਕ ਵਿਅਕਤੀ ਦੇ ਖਿਲਾਫ ਬੀ.ਐਨ.ਐਸ. ਦੀ ਧਾਰਾ 217 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਬੀਤੀ ਸ਼ਾਮ 7 ਵਜੇ ਦੇ ਕਰੀਬ ਐਮਰਜੈਂਸੀ ਹੈਲਪ ਲਾਈਨ ਨੰਬਰ 112 ’ਤੇ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਤੋਂ ਇੱਕ ਲੱਖ ਰੁਪਏ ਨਕਦੀ ਅਤੇ ਮੋਟਰਸਾਈਕਲ ਖੋਹ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਅਤੇ ਥਾਣਾ ਆਈ ਟੀ ਸਿਟੀ ਦੇ ਇੰਚਾਰਜ ਇੰਸਪੈਕਟਰ ਸਤਵਿੰਦਰ ਸਿੰਘ, ਪੀ.ਐਸ.ਸੀ. ਪਾਰਟੀ ਈਕੋ-23 ’ਤੇ ਤੈਨਾਤ ਏ.ਐਸ.ਆਈ. ਗੁਰਤੇਜ ਸਿੰਘ ਅਤੇ ਡਿਊਟੀ ਅਫਸਰ ਏ.ਐਸ.ਆਈ. ਪ੍ਰੇਮ ਚੰਦ ਵੱਲੋਂ ਮੌਕੇ ’ਤੇ ਪੁੱਜ ਕੇ ਸ਼ਿਕਾਇਤਕਰਤਾ ਅਤੇ ਆਸ ਪਾਸ ਤੋਂ ਪੁੱਛ ਪੜਤਾਲ ਕੀਤੀ ਗਈ। ਉਹਨਾਂ ਦੱਸਿਆ ਕਿ ਖੂਫੀਆ ਤੇ ਐਲਾਨੀਆ ਸੋਰਸਾਂ ਤੋਂ ਤਸਦੀਕ ਕਰਨ ’ਤੇ ਸਾਹਮਣੇ ਆਇਆ ਹੈ ਕਿ ਸ਼ਿਕਾਇਤਕਰਤਾ (ਜੋ ਠੇਕੇਦਾਰੀ ਦਾ ਕੰਮ ਕਰਦਾ ਹੈ) ਦਾ ਦੂਜੀ ਧਿਰ (ਜੋ ਸਰੀਆ ਬੰਨਣ ਦੀ ਲੇਬਰ ਦਾ ਕੰਮ ਕਰਦੇ ਹਨ) ਨਾਲ ਪੈਸੇ ਦੇ ਲੈਣ ਦੇਣ ਸੰਬੰਧੀ ਆਪਸੀ ਬੋਲ ਬਾਣੀ ਹੋਈ ਸੀ। 
ਸ਼ਿਕਾਇਤਕਰਤਾ ਨੇ ਉਹਨਾਂ ਕੋਲ ਆਪਣਾ ਮੋਟਰ ਸਾਈਕਲ ਗਿਰਵੀ ਰੱਖਣ ਦੀ ਗੱਲ ਕੀਤੀ ਅਤੇ ਬਾਅਦ ਵਿੱਚ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਅਤੇ 1 ਲੱਖ ਰੁਪਏ ਖੋਹ ਹੋਣ ਸੰਬੰਧੀ ਗੱਲ ਵੀ ਝੂਠੀ ਪਾਈ ਗਈ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਝੂਠੀ ਸ਼ਿਕਾਇਤ ਦੇਣ ਵਾਲੇ ਜਤਿੰਦਰ ਪੰਡਿਤ ਵਾਸੀ ਜ਼ਿਲ੍ਹਾ ਪੱਛਮੀ ਚੰਪਾਰਨ ਬਿਹਾਰ (ਹਾਲ ਵਾਸੀ ਕਿਰਾਏਦਾਰ ਪਿੰਡ ਰੁੜਕਾ) ਦੇ ਖਿਲਾਫ ਮਾਮਲਾ ਦਰਜ ਕਰਕੇ ਇਸਤਗਾਸਾ ਇਲਾਕਾ ਮੈਜਿਸਟ੍ਰੇਟ ਦੀ ਮਾਨਯੋਗ ਅਦਾਲਤ ਵਿੱਚ ਦਿੱਤਾ ਜਾ ਰਿਹਾ ਹੈ। 
ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਹੈਲਪ ਲਾਈਨ ਨੰਬਰ 112 ’ਤੇ ਝੂਠੀ ਇਤਲਾਹ ਦੇਣ ਸੰਬੰਧੀ ਥਾਣਾ ਫੇਜ਼-11, ਐਸ.ਏ.ਐਸ. ਨਗਰ ਵਿੱਚ ਨਾਹਿਦ ਆਲਮ ਨਾਮ ਦੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਅਤੇ ਪੁਲੀਸ ਵੱਲੋਂ ਅਜਿਹੀਆਂ ਝੂਠੀਆਂ ਇਤਲਾਹਾਂ ਦੇ ਕੇ ਪ੍ਰਸ਼ਾਸਨ ਦੇ ਸਮੇਂ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।