ਵੈਟਨਰੀ ਅਤੇ ਮੈਡੀਕਲ ਸੰਸਥਾਵਾਂ ਨੇ ਬੁੱਚੜਖਾਨਾ ਕਾਮਿਆਂ ਦੇ ਸਿਹਤ ਮਸਲਿਆਂ ਸੰਬੰਧੀ ਕੀਤੀ ਕਾਰਜਸ਼ਾਲਾ

ਲੁਧਿਆਣਾ 16 ਅਕਤੂਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਿਹਤ ਪੇਸ਼ੇਵਰਾਂ ਨੇ ਨਗਰ ਨਿਗਮ ਬੁੱਚੜਖਾਨਾ, ਚੰਡੀਗੜ੍ਹ ਦੇ ਕਾਮਿਆਂ ਨੂੰ ਜਾਗਰੂਕ ਕਰਨ ਹਿਤ ਇਕ ਕਾਰਜਸ਼ਾਲਾ ਕਰਵਾਈ। ਨਗਰ ਨਿਗਮ, ਚੰਡੀਗੜ੍ਹ ਅਤੇ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੇ ਸਹਿਯੋਗ ਅਧੀਨ ਕਰਵਾਈ ਗਈ ਇਸ ਕਾਰਜਸ਼ਾਲਾ ਦਾ ਵਿਸ਼ਾ ਸੀ ‘ਪਸ਼ੂ, ਮਨੁੱਖ ਅੰਤਰ-ਸੰਬੰਧਾਂ ਵਿੱਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਸੰਬੰਧੀ ਨਿਰੀਖਣ ਢਾਂਚਾ ਵਿਕਸਿਤ ਕਰਨਾ’। ਕਾਰਜਸ਼ਾਲਾ ਵਿੱਚ ਬੁੱਚੜਖਾਨਿਆਂ ਵਿੱਚ ਕੰਮ ਕਰਨ ਵਾਲੇ 30 ਤੋਂ ਵਧੇਰੇ ਕਾਮੇ ਸ਼ਾਮਿਲ ਹੋਏ। ਇਨ੍ਹਾਂ ਨੂੰ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਅਤੇ ਸਾਫ-ਸਫਾਈ ਅਭਿਆਸਾਂ ਦੀ ਅਹਿਮੀਅਤ ਬਾਰੇ ਦੱਸਿਆ ਗਿਆ।

          ਕਾਰਜਸ਼ਾਲਾ ਦੀ ਪ੍ਰਧਾਨਗੀ, ਡਾ. ਇੰਦਰਦੀਪ ਕੌਰ, ਮੈਡੀਕਲ ਅਧਿਕਾਰੀ, ਨਗਰ ਨਿਗਮ, ਚੰਡੀਗੜ੍ਹ ਨੇ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸੂਝਵਾਨ ਅਤੇ ਜਾਗਰੂਕ ਹੋ ਕੇ ਅਜਿਹੀਆਂ ਬਿਮਾਰੀਆਂ ਅਤੇ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਾਂ। ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ, ਵੈਟਨਰੀ ਯੂਨੀਵਰਸਿਟੀ ਅਤੇ ਡਾ. ਦੀਪਾਲੀ ਕਾਲੰਭੇ ਨੇ ਇਨ੍ਹਾਂ ਕਾਮਿਆਂ ਨੂੰ ਜਾਨਵਰਾਂ ਨਾਲ ਕੰਮ ਕਰਦਿਆਂ ਬਚਾਓ ਵਿਧੀਆਂ ਬਾਰੇ ਦੱਸਿਆ। ਡਾ. ਵੀਨੂ ਗੁਪਤਾ, ਦਯਾਨੰਦ ਮੈਡੀਕਲ ਕਾਲਜ ਨੇ ਹੱਥਾਂ ਦੀ ਸਫਾਈ ਦੀ ਮਹੱਤਤਾ ’ਤੇ ਚਾਨਣਾ ਪਾਇਆ। ਡਾ. ਹਰਮਨਮੀਤ ਕੌਰ, ਨਵੀਂ ਦਿੱਲੀ ਨੇ ਉਪਭੋਗੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਮੀਟ ਦੀ ਪੂਰਤੀ ਸੰਬੰਧੀ ਕਈ ਨੁਕਤਿਆਂ ’ਤੇ ਚਰਚਾ ਕੀਤੀ। ਡਾ. ਗੌਰਵ ਲਖਨਪਾਲ, ਵੈਟਨਰੀ ਅਧਿਕਾਰੀ ਨੇ ਸਾਰੇ ਮਾਹਿਰਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਕਿ ਭਾਈਵਾਲ ਧਿਰਾਂ ਨੇ ਇਕੱਠੇ ਹੋ ਕੇ ਬਹੁਤ ਮਹੱਤਵਪੂਰਨ ਵਿਸ਼ੇ ’ਤੇ ਚਰਚਾ ਕੀਤੀ ਹੈ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸੈਂਟਰ ਫਾਰ ਵਨ ਹੈਲਥ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਬੁੱਚੜਖਾਨਾ ਕਾਮਿਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਉਹ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਜਾਗਰੂਕ ਰਹਿਣਗੇ।