ਫੁੱਟਬਾਲ ਆਈ ਲੀਗ 15 ਨਵੰਬਰ ਤੋਂ ਮਾਹਿਲਪੁਰ ਵਿੱਚ ਹੋਵੇਗੀ- ਬਜਾਜ ਤੇ ਸੰਘਾ

ਮਾਹਿਲਪੁਰ - ਇਸ ਸਾਲ ਫੁਟਬਾਲ ਆਈ ਲੀਗ ਦੇ ਮੁਕਾਬਲੇ 15 ਨਵੰਬਰ ਤੋਂ ਮਾਹਿਲਪੁਰ ਵਿੱਚ ਸ਼ੁਰੂ ਹੋ ਰਹੇ ਹਨ l ਮਿਨਰਵਾ ਕਲੱਬ ਦੇ ਮਾਲਕ ਰਣਜੀਤ ਸਿੰਘ ਬਜਾਜ ਨੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ l ਉਹਨਾਂ ਅੱਗੇ ਕਿਹਾ ਕਿ ਮਾਹਿਲਪੁਰ ਵਿੱਚ ਸਰਕਾਰੀ ਸੈਕੰਡਰੀ ਸਕੂਲ ਦੇ ਪਿੱਛੇ ਉਸਾਰੇ ਗਏ ਸਟੇਡੀਅਮ ਨੂੰ ਕੌਮੀ ਪੱਧਰ ਦੀ ਰੰਗਤ ਦਿੱਤੀ ਜਾ ਰਹੀ ਹੈl ਜਿਸ ਵਿੱਚ ਕੌਮਾਂਤਰੀ ਪੱਧਰ ਦੇ ਮੁਕਾਬਲੇ ਆਯੋਜਿਤ ਕੀਤੇ ਜਾਇਆ ਕਰਨਗੇ l

ਮਾਹਿਲਪੁਰ - ਇਸ ਸਾਲ ਫੁਟਬਾਲ ਆਈ ਲੀਗ ਦੇ ਮੁਕਾਬਲੇ 15 ਨਵੰਬਰ ਤੋਂ ਮਾਹਿਲਪੁਰ ਵਿੱਚ ਸ਼ੁਰੂ ਹੋ ਰਹੇ ਹਨ l ਮਿਨਰਵਾ ਕਲੱਬ ਦੇ ਮਾਲਕ ਰਣਜੀਤ ਸਿੰਘ ਬਜਾਜ ਨੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ l ਉਹਨਾਂ ਅੱਗੇ ਕਿਹਾ ਕਿ  ਮਾਹਿਲਪੁਰ ਵਿੱਚ ਸਰਕਾਰੀ ਸੈਕੰਡਰੀ ਸਕੂਲ ਦੇ ਪਿੱਛੇ ਉਸਾਰੇ ਗਏ ਸਟੇਡੀਅਮ ਨੂੰ ਕੌਮੀ ਪੱਧਰ ਦੀ ਰੰਗਤ ਦਿੱਤੀ ਜਾ ਰਹੀ ਹੈl ਜਿਸ ਵਿੱਚ ਕੌਮਾਂਤਰੀ ਪੱਧਰ ਦੇ ਮੁਕਾਬਲੇ ਆਯੋਜਿਤ ਕੀਤੇ ਜਾਇਆ ਕਰਨਗੇ l 
ਉਹਨਾਂ ਅੱਗੇ ਕਿਹਾ ਕਿ ਫੁਟਬਾਲ ਦੀ ਨਰਸਰੀ ਨੂੰ ਹਰਿਆ ਭਰਿਆ ਬਣਾਉਣ ਦੇ ਉਦੇਸ਼ ਨਾਲ ਮਿਨਰਵਾ ਕਲੱਬ ਵੱਲੋਂ ਗਰਾਸ ਰੂਟ ਫੁਟਬਾਲ ਅਕੈਡਮੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਕੌਮੀ ਪੱਧਰ ਦੇ ਕੋਚ ਖਿਡਾਰੀਆਂ ਨੂੰ ਕੋਚਿੰਗ ਦੇਣਗੇ l ਉਹਨਾਂ ਇਹ ਜਿੰਮੇਵਾਰੀ ਮਾਹਿਲਪੁਰ ਇਲਾਕੇ ਦੇ ਕੌਮਾਂਤਰੀ ਫੁਟਬਾਲਰ ਅਤੇ ਕੋਚ ਹਰਮਨਜੋਤ ਸਿੰਘ ਖਾਬੜਾ ਨੂੰ ਸੌਂਪਦਿਆਂ ਮਾਣ ਮਹਿਸੂਸ ਕੀਤਾ। ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਆਖਿਆ ਕਿ ਕਲੱਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਯਤਨ ਕੀਤੇ ਜਾ ਰਹੇ ਸਨ ਕਿ ਮਾਹਿਲਪੁਰ ਵਿੱਚ ਕੌਮਾਂਤਰੀ ਪੱਧਰ ਦੇ ਫੁਟਬਾਲ ਮੁਕਾਬਲੇ ਹੋਣ ਜਿਸ ਦੀ ਜਿੰਮੇਵਾਰੀ ਹੁਣ ਮਿਨਰਵਾ ਕਲੱਬ ਨੇ ਚੁੱਕ ਲਈ ਹੈ। ਹੁਣ ਇਸ ਧਰਤੀ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਫੁਟਬਾਲ ਵਿੱਚ ਆਪਣੇ ਜੌਹਰ ਦਿਖਾ ਕੇ ਓਲੰਪੀਅਨ ਜਰਨੈਲ ਸਿੰਘ ਬਣਨਗੇ l 
ਇਸ ਅਕੈਡਮੀ ਦੇ ਸ਼ੁਰੂ ਹੋਣ ਨਾਲ ਮਾਹਿਲਪੁਰ ਦੇ ਖਿਡਾਰੀ ਪ੍ਰੋਫੈਸ਼ਨਲ ਪੱਧਰ ਤੇ ਸ਼ਾਨਦਾਰ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਣਗੇ ਅਤੇ ਭਾਰਤੀ ਟੀਮ ਵਿੱਚ ਮਾਹਿਲਪੁਰ ਦੇ ਨਾਮ ਨੂੰ ਚਮਕਾਉਣਗੇ l ਉਹਨਾਂ ਪੂਰੇ ਇਲਾਕੇ ਅਤੇ ਕਲੱਬ ਵੱਲੋਂ ਰਣਜੀਤ ਸਿੰਘ ਬਜਾਜ ਦਾ ਸਨਮਾਨ ਕਰਦਿਆਂ ਕਿਹਾ ਕਿ ਅਜਿਹੇ ਸੱਚੇ ਸੁੱਚੇ ਸਪੂਤ ਭਾਰਤ ਨੂੰ ਲੋੜੀਂਦੇ ਹਨ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਅਤੇ ਜਨਰਲ ਸਕੱਤਰ  ਡਾ. ਪਰਮਪ੍ਰੀਤ ਕੈਂਡੋਵਾਲ ਨੇ ਸਟੇਡੀਅਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਦੋ ਹਫਤਿਆਂ ਅੰਦਰ ਇਹ ਸਟੇਡੀਅਮ ਹਰ ਪੱਖੋਂ ਮੁਕੰਮਲ ਹੋ ਜਾਵੇਗਾ। ਮਾਸਟਰ ਬਨਿੰਦਰ ਸਿੰਘ ਨੇ ਕੋਚਿੰਗ ਸਟਾਫ ਦੀ ਰਿਹਾਇਸ਼ ਦੇ ਪ੍ਰਬੰਧਾਂ ਨੂੰ ਸਿਰੇ ਚੜ੍ਹਾਇਆ l ਇਹਨਾਂ ਉਪਰਾਲਿਆਂ ਵਾਸਤੇ ਵਿੰਗ ਕਮਾਂਡਰ ਐਚ ਐਸ ਢਿੱਲੋਂ ਨੇ ਰਣਜੀਤ ਸਿੰਘ ਬਜਾਜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
      ਇਸ ਮੌਕੇ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਇਸ ਆਈ ਲੀਗ ਦੀ ਐਂਟਰੀ ਫੀਸ ਕੋਈ ਨਹੀਂ ਹੋਵੇਗੀ ਜਦ ਕਿ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਇਹ ਮੁਕਾਬਲੇ ਐਂਟਰੀ ਫੀਸ ਨਾਲ ਦੇਖੇ ਜਾਂਦੇ ਹਨ l ਇਸ ਲਈ ਕੌਮਾਂਤਰੀ ਪੱਧਰ ਦੇ ਫੁੱਟਬਾਲ ਦਾ ਆਨੰਦ ਮਾਨਣ ਦਾ ਇਲਾਕਾ ਨਿਵਾਸੀਆਂ ਲਈ ਇਹ ਸੁਨਹਿਰੀ ਮੌਕਾ ਹੈ। ਮਿਨਰਵਾ ਕਲੱਬ ਵੱਲੋਂ ਸਟੇਡੀਅਮ ਦੀ ਸਮੁੱਚੀ ਜਿੰਮੇਵਾਰੀ ਸੰਭਾਲ ਲਈ ਗਈ ਹੈ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਸਟੇਡੀਅਮ ਦਾ ਨਾਮ ਕੋਚ ਅਲੀ ਹਸਨ ਸਟੇਡੀਅਮ ਰੱਖਿਆ ਜਾਵੇ। ਇਸ ਉਦੇਸ਼ ਦੀ ਪੂਰਤੀ ਵਾਸਤੇ ਕਲੱਬ ਵੱਲੋਂ ਵੀ ਵਿਸ਼ੇਸ਼ ਉਪਰਾਲੇ ਜਾਰੀ ਹਨ।  ਇਸ ਮੌਕੇ ਖੇਡ ਲੇਖਕ ਅਤੇ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਕਿਹਾ ਕਿ ਇਸ ਈਵੈਂਟ ਨਾਲ ਮਾਹਿਲਪੁਰ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦਾ ਆਰੰਭ ਹੋ ਜਾਵੇਗਾ। ਦਹਾਕਿਆਂ ਪਹਿਲਾਂ ਜੋ ਫੁਟਬਾਲ ਦੀ ਸ਼ਾਨ ਕਾਇਮ ਸੀ ਉਹ ਮੁੜ ਕਾਇਮ ਹੋ ਜਾਵੇਗੀ। ਉਹਨਾਂ ਆਪਣੀਆਂ ਪੁਸਤਕਾਂ ਦਾ ਸੈੱਟ ਕਲੱਬ ਪ੍ਰਧਾਨ ਨੂੰ ਭੇਟ ਕੀਤਾ।
     ਇਸ ਮੀਟਿੰਗ ਵਿੱਚ ਕਲੱਬ ਦੇ ਐਗਜੈਕਟਿਵ ਮੈਂਬਰ ਅੱਛਰ ਕੁਮਾਰ ਜੋਸ਼ੀ, ਸੂਰਜ ਭਾਨ ਹਾਂਡਾ, ਅਮਰੀਕ ਸਿੰਘ, ਪ੍ਰਿੰ. ਜਗਮੋਹਣ ਸਿੰਘ, ਪ੍ਰਿੰ. ਸੁਖਇੰਦਰ ਸਿੰਘ ਮਿਨਹਾਸ, ਪ੍ਰਿੰ. ਹਰਜਿੰਦਰ ਸਿੰਘ ਗਿੱਲ, ਤਰਲੋਚਨ ਸਿੰਘ ਸੰਧੂ, ਹਰਮਨਜੋਤ ਸਿੰਘ ਖਾਬੜਾ, ਤਕਦੀਰ ਸਿੰਘ ਬੈਂਸ,ਬੀ ਐਸ ਬਾਗਲਾ, ਗੁਰਨਾਮ ਸਿੰਘ, ਠੇਕੇਦਾਰ ਜਗਜੀਤ ਸਿੰਘ, ਜਮਸ਼ੇਰ ਸਿੰਘ ਤੰਬੜ, ਰਾਜੂ ਚੰਡੀਗੜ੍ਹ ਅਤੇ ਸੁਖਮਨ ਸਿੰਘ ਖੜੌਦੀ ਆਦਿ ਹਾਜ਼ਰ ਹੋਏ l