*ਸਾਲ ਦੀ ਤੀਸਰੀ ਕੌਮੀ ਲੋਕ ਅਦਾਲਤ 13 ਸਤੰਬਰ ਨੂੰ - ਜ਼ਿਲ੍ਹਾ ਤੇ ਸੈਸ਼ਨ ਜੱਜ*

ਹੁਸ਼ਿਆਰਪੁਰ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ13 ਸਤੰਬਰ, 2025 ਨੂੰ ਜ਼ਿਲ੍ਹੇ ਵਿਚ ਸਾਲ ਦੀ ਤੀਸਰੀ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ।

ਹੁਸ਼ਿਆਰਪੁਰ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ13 ਸਤੰਬਰ, 2025 ਨੂੰ ਜ਼ਿਲ੍ਹੇ ਵਿਚ ਸਾਲ ਦੀ ਤੀਸਰੀ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। 
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਧਾਰਾ 138 ਅਧੀਨ ਐਨ.ਆਈ ਐਕਟ ਦੇ ਮਾਮਲੇ, (ਲੰਬਿਤ ਅਤੇ ਪ੍ਰੀ-ਮੁਕੱਦਮੇਬਾਜ਼ੀ ਬੈਂਕ ਰਿਕਵਰੀ ਕੇਸ ਅਤੇ ਲੇਬਰ ਵਿਵਾਦ ਦੇ ਮਾਮਲੇ), ਐਮ.ਏ.ਸੀ.ਟੀ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲ (ਗੈਰ-ਕੰਪਾਊਂਂਡੇਬਲ ਨੂੰ ਛੱਡ ਕੇ), ਵਿਆਹ ਸੰਬੰਧੀ ਝਗੜੇ, ਟ੍ਰੈਫਿਕ ਚਲਾਨ, ਮਾਲੀਆ ਕੇਸ ਅਤੇ ਹੋਰ ਸਿਵਲ, ਘੱਟ ਗੰਭੀਰ ਅਪਰਾਧਿਕ ਮਾਮਲੇ, ਕੰਪਾਊਂਡੇਬਲ ਕੇਸ ਅਤੇ ਘਰੇਲੂ ਝਗੜੇ ਆਦਿ ਦੇ ਕੇਸ ਰੱਖੇ ਜਾਣਗੇ। ਇਸ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਜੁਡੀਸ਼ੀਅਲ ਅਫ਼ਸਰਾਂ ਵੱਲੋਂ ਅਦਾਲਤਾਂ ਵਿਚ ਪ੍ਰੀ-ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਜਿਨ੍ਹਾਂ ਲੋਕਾਂ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ, ਉਨ੍ਹਾਂ ਨੂੰ ਲੋਕ ਅਦਾਲਤ ਦਾ ਲਾਭ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ 2017-2018 ਤੋਂ ਲੰਬਿਤ ਅਪੀਲਾਂ, ਜਿਨ੍ਹਾਂ ਵਿਚ ਧਿਰਾਂ ਦੇ ਝਗੜੇ ਸਾਲ 2009-2010 ਤੋਂ ਵੱਖ- ਵੱਖ ਅਦਾਲਤਾਂ ਵਿਚ ਲੰਬਿਤ ਸਨ, ਉਨ੍ਹਾਂ ਅਪੀਲਾਂ ਕੇਸਾਂ ਵਿਚ ਵੀ ਧਿਰਾਂ ਦੇ ਝਗੜਿਆਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕਰਵਾਇਆ ਗਿਆ, ਜਿਸ ਨਾਲ ਦੋਵੇਂ ਧਿਰਾਂ ਨੇ ਅਪਣੇ ਆਪ ਨੂੰ ਜੇਤੂ ਸਮਝਿਆ ਅਤੇ ਖੁਸ਼ੀ-ਖੁਸ਼ੀ ਝਗੜੇ ਦਾ ਨਿਪਟਾਰਾ ਕੀਤਾ। ਇੰਝ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਬਾਕੀ ਅਦਾਲਤਾ ਵੀ ਪ੍ਰੀ-ਲੋਕ ਅਦਾਲਤਾਂ ਲਗਾ ਕੇ ਝਗੜੇ ਰਾਜ਼ੀਨਾਮੇ ਰਾਹੀਂ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
 ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਾਰੀਆਂ ਧਿਰਾਂ ਜਿਨ੍ਹਾਂ ਦੇ ਦੀਵਾਨੀ ਮੁਕੱਦਮੇ ਜਾਂ ਕ੍ਰਿਮਨਲ ਕੰਮਪਾਉਂਡੇਬਲ ਕੇਸ ਅਦਾਲਤਾ ਵਿਚ ਲੰਬਿਤ ਹਨ, ਉਹ ਆਪਣੇ-ਆਪਣੇ ਕੇਸਾਂ ਦੀ ਦਰਖ਼ਾਸਤ ਸਬੰਧਤ ਅਦਾਲਤ ਨੂੰ ਦੇ ਕੇ ਪ੍ਰੀ-ਲੋਕ ਅਦਾਲਤ ਜਾ ਕੌਮੀ ਲੋਕ ਅਦਾਲਤ ਵਿਚ ਲਗਵਾ ਸਕਦੇ ਹਨ ਅਤੇ ਆਪਣੇ ਝਗੜੇ ਦਾ ਨਿਪਟਾਰਾ ਲੋਕ ਅਦਾਲਤ ਰਾਹੀ ਆਪਸੀ ਸਹਿਮਤੀ ਨਾਲ ਕਰ ਸਕਦੇ ਹਨ।
ਸੀ.ਜੇ.ਐਮ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੀਰਜ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਦਾਲਤਾਂ ਵਿਚ ਕੇਸ ਲਗਾ ਕੇ ਵੱਧ ਤੋਂ ਵੱਧ ਲਾਭ ਲੈਣ ਕਿਉਂਕਿ ਇਸ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ। ਲੋਕ ਅਦਾਲਤ ਵਿਚ ਹੋਏ ਫ਼ੈਸਲੇ ਅੰਤਿਮ ਹੁੰਦੇ ਹਨ ਅਤੇ ਲੋਕ ਅਦਾਲਤ ਵਿਚ ਹੋਏ ਫ਼ੈਸਲੇ ਖ਼ਿਲਾਫ਼ ਕੋਈ ਵੀ ਅਪੀਲ ਨਹੀਂ ਹੁੰਦੀ, ਇਸ ਨਾਲ ਦੋਵੇਂ ਧਿਰਾਂ ਵਿਚਕਾਰ ਪਿਆਰ ਵੱਧਦਾ ਹੈ।
ਇਸ ਤੋ ਇਲਾਵਾ ਕੋਈ ਵੀ ਵਿਅਕਤੀ ਆਪਣੀ ਕਿਸੇ ਵੀ ਤਰ੍ਹਾਂ ਦੀ ਘਰੇਲੂ ਸਮੱਸਿਆ, ਜਿਸ ਦਾ ਕੇਸ ਅਦਾਲਤ ਵਿੱਚ ਨਾ ਚੱਲਦਾ ਹੋਵੇ, ਉਸ ਨੂੰ ਹੱਲ ਕਰਵਾਊਣ ਲਈ ਵਿਚੋਲਗਿਰੀ ਦੁਆਰਾ ਉਨ੍ਹਾਂ ਦੇ ਦਫ਼ਤਰ ਕਮਰਾ ਨੰਬਰ 58, ਨਿਊ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਦੇ ਮਿਡੀਏਸ਼ਨ ਅਤੇ ਕੰਸੀਲਿਏਸ਼ਨ ਸੈਂਟਰ, ਹੁਸ਼ਿਆਰਪੁਰ ਵਿਚ ਦਰਖਾਸਤ ਦੇ ਸਕਦਾ ਹੈ, ਜਿਸ ਦੇ ਸਬੰਧ ਵਿਚ ਦੋਵੇ ਧਿਰਾਂ ਨੂੰ ਬੁਲਾ ਕੇ, ਸਹਿਮਤੀ ਨਾਲ ਝਗੜੇ ਦਾ ਨਿਪਟਾਰਾ ਕੀਤਾ ਜਾਵੇਗਾ।