ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ 'ਪਦਮ ਸ਼੍ਰੀ' ਐਵਾਰਡ ਦੇਣ ਦਾ ਐਲਾਨ
ਪਟਿਆਲਾ, 27 ਜਨਵਰੀ- ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ਼੍ਰੀ' ਐਵਾਰਡ ਦੇਣ ਦਾ ਐਲਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਨੇ ਹਾਲ ਹੀ ਵਿੱਚ ਪੈਰਿਸ ਵਿਖੇ ਹੋਈਆਂ ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

ਉਹ ਯੂਨੀਵਰਸਿਟੀ ਦੇ ਅਰਥ-ਸ਼ਾਸਤਰ ਵਿਭਾਗ ਵਿਖੇ ਪੀ-ਐੱਚ. ਡੀ. ਖੋਜਾਰਥੀ ਵਜੋਂ ਆਪਣਾ ਖੋਜ ਕਾਰਜ ਕਰ ਰਿਹਾ ਹੈ। ਹਰਵਿੰਦਰ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਵਸਨੀਕ ਹੈ। 2020 ਦੌਰਾਨ ਜਪਾਨ ਦੇ ਟੋਕੀਓ ਵਿੱਚ ਹੋਈਆਂ ਪੈਰਾ-ਓਲਿੰਪਕ ਖੇਡਾਂ ਦੌਰਾਨ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। 2018 ਵਿੱਚ ਉਸ ਨੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਇਸ ਹੋਣਹਾਰ ਖਿਡਾਰੀ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਨਾਲ਼ ਆਪਣਾ ਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ। ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਕੌਮੀ ਪੱਧਰ ਦਾ ਇਹ ਐਵਾਰਡ ਪ੍ਰਾਪਤ ਕਰਕੇ ਹਰਵਿੰਦਰ ਸਿੰਘ ਨੇ ਆਪਣਾ ਅਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਹੋਰ ਵੀ ਉੱਚਾ ਕਰ ਦਿੱਤਾ ਹੈ।
ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਕਿਹਾ ਕਿ ਹਰਵਿੰਦਰ ਦਾ ਆਪਣੀਆਂ ਪ੍ਰਾਪਤੀਆਂ ਦੇ ਬਲਬੂਤੇ ਰਾਸ਼ਟਰ ਪਧਰੀ ਐਵਾਰਡ ਤਕ ਪਹੁੰਚਣਾ ਅਤੇ ਅੰਤਰਰਾਸ਼ਟਰੀ ਤਗਮੇ ਪ੍ਰਾਪਤ ਕਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਬੁਲੰਦ ਹੌਸਲੇ ਅਤੇ ਸਖਤ ਮਿਹਨਤ ਨਾਲ਼ ਹਰ ਕਿਸਮ ਦੀਆਂ ਚੁਣੌਤੀਆਂ ਨੂੰ ਸਰ ਕੀਤਾ ਜਾ ਸਕਦਾ ਹੈ।