ਸਮੀਰ ਕਟਾਰੀਆ ਦੇ ਕਤਲ ਦਾ ਦੋਸ਼ੀ ਮੁਕਾਬਲੇ 'ਚ ਜ਼ਖ਼ਮੀਂ, ਤਿੰਨ ਹੋਰ ਗ੍ਰਿਫ਼ਤਾਰ

ਪਟਿਆਲਾ, 31 ਜਨਵਰੀ - ਪਟਿਆਲਾ ਪੁਲਿਸ ਨੇ ਇਥੇ ਪਾਸੀ ਰੋਡ 'ਤੇ ਨੌਜਵਾਨ ਸਮੀਰ ਕਟਾਰੀਆ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਇੱਕ ਨੂੰ ਮੁਕਾਬਲੇ ਦੌਰਾਨ ਜ਼ਖ਼ਮੀਂ ਕਰ ਦੇਣ ਦਾ ਦਾਅਵਾ ਕੀਤਾ ਹੈ।

ਪਟਿਆਲਾ, 31 ਜਨਵਰੀ - ਪਟਿਆਲਾ ਪੁਲਿਸ ਨੇ ਇਥੇ ਪਾਸੀ ਰੋਡ 'ਤੇ ਨੌਜਵਾਨ ਸਮੀਰ ਕਟਾਰੀਆ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਇੱਕ ਨੂੰ ਮੁਕਾਬਲੇ ਦੌਰਾਨ ਜ਼ਖ਼ਮੀਂ ਕਰ ਦੇਣ ਦਾ ਦਾਅਵਾ ਕੀਤਾ ਹੈ।
ਇਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਉਪਰੋਕਤ ਵਾਰਦਾਤ ਤੋਂ ਬਾਅਦ ਸੀ ਆਈ ਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਸਿਵਲ ਲਾਈਨ ਦੇ ਐਸ ਐੱਚ ਓ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਦੋ ਟੀਮਾਂ ਦਾ ਗਠਨ ਕੀਤਾ ਜਿਨ੍ਹਾਂ ਮੈਪਿੰਗ ਅਤੇ ਖੁਫ਼ੀਆ ਸ੍ਰੋਤਾਂ ਦੀ ਸੂਚਨਾ 'ਤੇ ਦੋਸ਼ੀਆਂ ਦੀ ਪਛਾਣ ਕੀਤੀ। 30 ਜਨਵਰੀ ਨੂੰ ਪਹਿਲਾਂ ਦਿਨੇਸ਼ ਕੁਮਾਰ ਉਰਫ਼ ਦੀਨੂ ਉਰਫ਼ ਬਿੱਲਾ ਨੂੰ ਦੋਲਾ ਰੇਲਵੇ ਫਾਟਕ (ਧੂਰੀ) ਨੇੜੇ ਗ੍ਰਿਫ਼ਤਾਰ ਕੀਤਾ। 31 ਜਨਵਰੀ ਨੂੰ ਪੱਕੀ ਸੂਹ 'ਤੇ ਇੱਕ ਹੋਰ ਮੁਲਜ਼ਮ ਅਭਿਸ਼ੇਕ, ਜੋ ਜਗਤਪੁਰ (ਧੂਰੀ) ਦਾ ਰਹਿਣ ਵਾਲਾ ਹੈ, ਨਾਲ ਪੁਲਿਸ ਦਾ ਮੁਕਾਬਲਾ ਹੋਇਆ, ਜਿਸ ਵਿੱਚ ਉਹ ਜ਼ਖ਼ਮੀਂ ਹੋ ਗਿਆ। ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਕੋਲੋਂ .32 ਬੋਰ ਦਾ ਪਿਸਤੌਲ 3 ਰੌਂਦ ਵੀ ਬਰਾਮਦ ਕੀਤੇ ਗਏ ਹਨ। ਦੋ ਹੋਰ ਕਥਿਤ ਦੋਸ਼ੀਆਂ ਸਾਹਿਲ ਕੁਮਾਰ ਤੇ ਯੋਗੇਸ਼ ਮੌਰਿਆ ਨੂੰ ਪਟਿਆਲਾ 'ਚ ਲੱਕੜ ਮੰਡੀ ਨੇੜੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ। ਐਸ ਐਸ ਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।