ਅੰਬਾਲਾ, 26 ਨਵੰਬਰ (ਆਰ. ਸਿੰਘ):- ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ, ਹਿੱਲ ਰੋਡ, ਅੰਬਾਲਾ ਛਾਉਣੀ ਦੇ ਦੋ ਵਿਦਿਆਰਥੀਆਂ ਸਾਗਰ ਯਾਦਵ ਅਤੇ ਮੋਹਿਤ ਪ੍ਰਜਾਪਤੀ ਨੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਗਏ ਰਾਜ ਪੱਧਰੀ 'ਭਾਰਤ ਕੋ ਜਾਨੋ' ਪ੍ਰਸ਼ਨੋਤਰੀ ਮੁਕਾਬਲੇ ਵਿੱਚ ਭਾਗ ਲੈ ਕੇ ਸੀਨੀਅਰ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।

ਸਕੂਲ ਦੇ ਪ੍ਰਿੰਸੀਪਲ ਠਾਕੁਰ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਮੁਕਾਬਲਾ ਗੁਰੂਕੁਲ ਪੁੰਡਰੀ, ਕੈਥਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਹਰਿਆਣਾ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 31 ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਦੋਵੇਂ ਵਿਦਿਆਰਥੀ 15 ਮਿੰਟ ਤੱਕ ਟਾਈਬ੍ਰੇਕਰ ਰਾਊਂਡ ਵਿੱਚ ਡਟੇ ਰਹੇ ਅਤੇ ਅੰਤ ਵਿੱਚ ਟਾਈਬ੍ਰੇਕਰ ਰਾਹੀਂ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਸਕੂਲ ਨੇ ਦੂਜਾ ਇਨਾਮ ਹਾਸਲ ਕੀਤਾ।

ਇਸ ਤੋਂ ਪਹਿਲਾਂ ਵੀ ਇਹ ਦੋਵੇਂ ਵਿਦਿਆਰਥੀ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਨੰਦ ਲਾਲ ਗੀਤਾ ਵਿਦਿਆ ਮੰਦਰ ਸਕੂਲ, ਤੇਪਲਾ (ਅੰਬਾਲਾ ਛਾਉਣੀ) ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਅੰਬਾਲਾ ਜ਼ਿਲ੍ਹੇ ਦੀਆਂ 15 ਟੀਮਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕਰ ਚੁੱਕੇ ਹਨ।

ਸਕੂਲ ਦੇ ਚੇਅਰਮੈਨ ਕੈਲਾਸ਼ ਚੰਦ ਮਲਹੋਤਰਾ, ਮੈਨੇਜਰ ਪ੍ਰਮੋਦ ਗਰਗ ਅਤੇ ਜਨਰਲ ਸਕੱਤਰ ਸੁਧੀਰ ਬਿੰਦਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਪ੍ਰਿੰਸੀਪਲ ਠਾਕੁਰ ਸਿੰਘ ਚੌਹਾਨ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।