ਮੋਹਾਲੀ/ਚੰਡੀਗੜ੍ਹ, 28 ਨਵੰਬਰ (ਗੁਰਜੀਤ ਬਿੱਲਾ):- ਪੰਜਾਬ ਸਰਕਾਰ ਨੇ ਆਈਪੀਐਸ ਅਧਿਕਾਰੀ ਅਤੇ ਡੀਆਈਜੀ ਹਰਪ੍ਰੀਤ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਹੈ। ਹੁਣ ਉਹ ਡੀਆਈਜੀ ਵਿਜੀਲੈਂਸ ਦੇ ਨਾਲ-ਨਾਲ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।
ਜ਼ਿਕਰਯੋਗ ਹੈ ਕਿ ਅਗਸਤ 2025 ਵਿੱਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਹਰਪ੍ਰੀਤ ਸਿੰਘ ਨੂੰ ਆਈਪੀਐਸ ਵਜੋਂ ਤਰੱਕੀ ਦਿੱਤੀ ਸੀ। ਹਰਪ੍ਰੀਤ ਸਿੰਘ ਸਾਲ 1994 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੇ ਪਿਤਾ ਸਵਰਗੀ ਜਗਜੀਤ ਸਿੰਘ ਆਈ.ਏ.ਐੱਸ. ਅਧਿਕਾਰੀ ਰਹਿ ਚੁੱਕੇ ਸਨ।
ਇਸ ਤੋਂ ਬਾਅਦ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਹ ਸੁਲਤਾਨਪੁਰ ਲੋਧੀ (ਕਪੂਰਥਲਾ), ਅਮਲੋਹ (ਸ੍ਰੀ ਫਤਿਹਗੜ੍ਹ ਸਾਹਿਬ) ਅਤੇ ਮੋਹਾਲੀ (ਐੱਸ.ਏ.ਐੱਸ. ਨਗਰ) ਵਿਖੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਤੇ ਡਿਟੈਕਟਿਵ, ਅੰਮ੍ਰਿਤਸਰ ਦਿਹਾਤੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਹੈੱਡਕੁਆਰਟਰ (ਗੁਰਦਾਸਪੁਰ), ਪਠਾਨਕੋਟ ਅਤੇ ਮੋਹਾਲੀ ਵਿਖੇ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾਵਾਂ ਨਿਭਾਈਆਂ ਅਤੇ ਮੁੱਖ ਮੰਤਰੀ ਸੁਰੱਖਿਆ ਵਿੱਚ ਵੀ ਤਾਇਨਾਤ ਰਹੇ। ਇਸ ਤੋਂ ਇਲਾਵਾ ਉਹ ਮਾਨਸਾ, ਬਟਾਲਾ ਅਤੇ ਖੰਨਾ ਵਿਖੇ ਐੱਸ.ਐੱਸ.ਪੀ. ਵਜੋਂ ਵੀ ਤਾਇਨਾਤ ਰਹੇ।
