ਪਟਿਆਲਾ, 26 ਨਵੰਬਰ (ਪੈਗਾਮ-ਏ-ਜਗਤ):- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਪੰਜਾਬ ਦੀਆਂ ਸਿਹਤ ਸੰਸਥਾਵਾਂ ਵਿੱਚ ਕੰਮ ਕਰਦੇ ਚੌਥਾ ਦਰਜਾ, ਕੰਟਰੈਕਟ, ਆਊਟਸੋਰਸ ਅਤੇ ਯੂਜ਼ਰ ਚਾਰਜਿਜ਼ ਮੁਲਾਜ਼ਮਾਂ ਅਤੇ ਮਲੇਰੀਆ ਦੇ ਐਂਟੀ ਲਾਰਵਾ (ਬ੍ਰੀਡਿੰਗ) ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪਿਛਲੇ ਚਾਰ ਸਾਲਾਂ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਵਿਭਾਗ ਅਧੀਨ ਸੰਸਥਾਵਾਂ ਦੇ ਅਧਿਕਾਰੀਆਂ ਨਾਲ ਪੱਤਰ-ਵਿਹਾਰ ਅਤੇ ਮੀਟਿੰਗਾਂ ਰਾਹੀਂ ਮੰਗਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਪਰ ਕਿਸੇ ਵੀ ਪੱਧਰ ’ਤੇ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਤਨਖ਼ਾਹ ਵਿੱਚ ਕੀਤੇ ਵਾਧੇ, ਜਿਸ ਵਿੱਚ 15 ਫ਼ੀਸਦੀ ਵਾਧਾ ਵੀ ਸ਼ਾਮਲ ਹੈ, ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਲੰਬੇ ਸਮੇਂ ਤੋਂ ਡੀ.ਸੀ. ਰੇਟਾਂ, ਆਊਟਸੋਰਸ ਅਤੇ ਯੂਜ਼ਰ ਚਾਰਜਿਜ਼ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਫ਼ੈਸਲਿਆਂ ਦੇ ਬਾਵਜੂਦ ਵਿਭਾਗ ਵਿੱਚ ਐਡਜਸਟ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਵਿੱਚ ਸਰਕਾਰੀ ਸਿਵਲ ਹਸਪਤਾਲ, ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰਦੇ ਮੁਲਾਜ਼ਮ ਅਤੇ ਸਫ਼ਾਈ ਸੇਵਕ ਆਦਿ ਸ਼ਾਮਲ ਹਨ। ਸਰਕਾਰੀ ਹਦਾਇਤਾਂ ਦੇ ਬਾਵਜੂਦ ਇਨ੍ਹਾਂ ਦਾ ਡਾਟਾ ਵੀ ਤਿਆਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਆਊਟਸੋਰਸ ਠੇਕੇਦਾਰ ਅਤੇ ਏਜੰਸੀਆਂ ਮੁਲਾਜ਼ਮਾਂ ਨੂੰ ਘੱਟੋ-ਘੱਟ ਤਨਖ਼ਾਹ, ਬੋਨਸ ਅਤੇ ਹੋਰ ਸਹੂਲਤਾਂ ਜਿਵੇਂ ਈ.ਪੀ.ਐੱਫ., ਈ.ਐੱਸ.ਆਈ., ਵਰਦੀਆਂ ਅਤੇ ਕੰਮ ਕਰਨ ਲਈ ਲੋੜੀਂਦਾ ਸਾਮਾਨ ਵੀ ਨਹੀਂ ਦੇ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਮੰਤਰੀ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੁਲਾਜ਼ਮਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ।
ਦਰਸ਼ਨ ਸਿੰਘ ਲੁਬਾਣਾ ਨੇ ਭੁੱਖ ਹੜਤਾਲ ਅਤੇ ਰੈਲੀ ਤੋਂ ਬਾਅਦ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਜਨਵਰੀ 2025 ਅਤੇ 2026 ਵਿੱਚ ਸਿਹਤ ਮੰਤਰੀ, ਸਿਹਤ ਸਕੱਤਰ ਅਤੇ ਸਿਹਤ ਅਧਿਕਾਰੀਆਂ ਨਾਲ ਪੜਾਅਵਾਰ ਮੀਟਿੰਗਾਂ ਕੀਤੀਆਂ ਗਈਆਂ, ਪਰ ਮੰਗਾਂ ਲਾਗੂ ਕਰਨ ਦਾ ਮਸਲਾ ਅੱਜ ਵੀ ਜਿਉਂ ਦਾ ਤਿਉਂ ਹੈ। ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਮੁਲਾਜ਼ਮਾਂ ਨੂੰ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐਂਟੀ ਲਾਰਵਾ ਕਰਮਚਾਰੀਆਂ ਨਾਲ ਵੀ ਵੱਡਾ ਧੱਕਾ ਹੋ ਰਿਹਾ ਹੈ। ਉਨ੍ਹਾਂ ਲਈ ਘੱਟੋ-ਘੱਟ ਤਨਖ਼ਾਹ ਅਤੇ ਸਹੂਲਤਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।
ਭੁੱਖ ਹੜਤਾਲ ਕੈਂਪ ਤੋਂ ਐਲਾਨ ਕੀਤਾ ਗਿਆ ਕਿ ਜੇਕਰ ਸਿਹਤ ਮੰਤਰੀ ਵੱਲੋਂ ਮੁੜ ਗੱਲਬਾਤ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 12 ਦਸੰਬਰ 2026 ਨੂੰ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਤ੍ਰਿਪੜੀ ਟਾਊਨ ਤੋਂ ਬਾਜ਼ਾਰ ਤੱਕ ਪੁਤਲਾ ਫੂਕ ਰੈਲੀ ਅਤੇ ਮਾਰਚ ਕੀਤਾ ਜਾਵੇਗਾ। ਮੰਗ ਕੀਤੀ ਗਈ ਕਿ ਜੰਗਲਾਤ ਵਿਭਾਗ, ਸਿੱਖਿਆ ਵਿਭਾਗ ਅਤੇ ਸਕੂਲਾਂ ਦੇ ਮਿਡ-ਡੇ ਮੀਲ ਨਾਲ ਸਬੰਧਤ ਮੰਗਾਂ ਲਾਗੂ ਕੀਤੀਆਂ ਜਾਣ; ਸਫ਼ਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ, ਜਿਸ ਵਿੱਚ 3,000 ਸਫ਼ਾਈ ਸੇਵਕਾਂ ਅਤੇ 5,000 ਨਾਲ ਸਬੰਧਤ ਮੰਗਾਂ ਸ਼ਾਮਲ ਹਨ; ਚੌਕੀਦਾਰਾਂ ਦੀ ਭਰਤੀ ਕੀਤੀ ਜਾਵੇ; ਤਨਖ਼ਾਹ ਸਕੇਲ ਦਿੱਤੇ ਜਾਣ; ਮਹਿੰਗਾਈ ਭੱਤਾ ਦਿੱਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
ਭੁੱਖ ਹੜਤਾਲ ਵਿੱਚ ਸ਼ਾਮਲ ਪ੍ਰਮੁੱਖ ਆਗੂਆਂ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਸ਼ਿਵ ਚਰਨ, ਰਾਮ ਕਿਸ਼ਨ, ਇੰਦਰਪਾਲ ਵਾਲੀਆ, ਅਜੈ ਕੁਮਾਰ ਨਾਭਾ, ਸੂਰਜ ਪਾਲ ਯਾਦਵ, ਰਾਜੇਸ਼ ਗੋਲੂ, ਪ੍ਰਕਾਸ਼ ਲੁਬਾਣਾ, ਧਰਮਿੰਦਰ ਕੁਮਾਰ, ਤਰਲੋਚਨ ਮਾਰੂ, ਸਤਨਾਮ ਸਿੰਘ, ਬਲਵਿੰਦਰ ਸਿੰਘ, ਸ਼ਾਮ ਸਿੰਘ, ਗੁਰਿੰਦਰ ਗੁਰੀ, ਹਰਦੀਪ ਸਿੰਘ, ਹਰਬੰਸ ਵਰਮਾ, ਮੋੜ ਨਾਥ ਸ਼ਰਮਾ, ਰਾਜੇਸ਼ ਸੀ.ਐੱਮ.ਓ., ਲਖਵੀਰ ਸਿੰਘ, ਅਮਰ ਨਾਥ, ਵਰਿੰਦਰ ਗਾਗਤ, ਦਿਆ ਸ਼ੰਕਰ ਆਦਿ ਮੁਲਾਜ਼ਮ ਸ਼ਾਮਲ ਹੋਏ। ਭੁੱਖ ਹੜਤਾਲ ਕੈਂਪ ਤੋਂ ਇਨ੍ਹਾਂ ਮੁਲਾਜ਼ਮਾਂ ਨੇ ਸਾਥੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਕੀਤੇ ਜਾਣ ਵਾਲੇ ਵਾਹਨ ਮਾਰਚ ਵਿੱਚ ਵੀ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ।
