ਆਦਮਪੁਰ:- ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਚ ਸੋਮਵਾਰ ਸਵੇਰੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਗੰਗੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਗਲੌਕ 9 ਐੱਮਐੱਮ ਪਿਸਤੌਲ ਵੀ ਬਰਾਮਦ ਕਰ ਲਿਆ।
ਪੁਲਿਸ ਅਨੁਸਾਰ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ, ਜਦੋਂ ਦਵਿੰਦਰ ਸਿੰਘ ਉਰਫ਼ ਬਾਜਾ ਵਾਸੀ ਡਮੁੰਡਾ ਮਨਪ੍ਰੀਤ ਉਰਫ਼ ਗੰਗੂ ਦੇ ਘਰ ਗਿਆ ਸੀ। ਕੁਝ ਸਮੇਂ ਬਾਅਦ ਘਰ ਦੇ ਇੱਕ ਕਮਰੇ ਅੰਦਰ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਾਰਦਾਤ ਸਮੇਂ ਕਮਰੇ ਵਿੱਚ ਪੰਜ ਵਿਅਕਤੀ ਮੌਜੂਦ ਸਨ। ਜਾਂਚ ਦੌਰਾਨ ਹਰਮਨ, ਵਰੁਣ ਅਤੇ ਆਕਾਸ਼ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਗਲੌਕ 9 ਐੱਮਐੱਮ ਪਿਸਤੌਲ ਨਾਲ 10 ਤੋਂ 12 ਰਾਊਂਡ ਫਾਇਰ ਕੀਤੇ ਗਏ, ਜਿਸ ਕਾਰਨ ਕਮਰੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ।
ਐੱਸਐੱਸਪੀ ਵਿਰਕ ਨੇ ਦੱਸਿਆ ਕਿ ਮ੍ਰਿਤਕ ਦਵਿੰਦਰ ਸਿੰਘ ਉਰਫ਼ ਬਾਜਾ ਇੱਕ ਹਾਰਡਕੋਰ ਅਪਰਾਧੀ ਸੀ ਅਤੇ ਹਾਲ ਹੀ ਵਿੱਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਤਿੰਨ ਗੰਭੀਰ ਅਪਰਾਧਿਕ ਕੇਸ ਦਰਜ ਸਨ ਅਤੇ ਉਹ ਪਹਿਲਾਂ ਇੱਕ ਪੁਲਿਸ ਮੁਕਾਬਲੇ ਵਿੱਚ ਵੀ ਗ੍ਰਿਫ਼ਤਾਰ ਹੋ ਚੁੱਕਾ ਸੀ। ਮੁੱਢਲੀ ਜਾਂਚ ਵਿੱਚ ਕਤਲ ਦਾ ਕਾਰਨ ਪੁਰਾਣੀ ਨਿੱਜੀ ਰੰਜਿਸ਼ ਸਾਹਮਣੇ ਆ ਰਿਹਾ ਹੈ। ਥਾਣਾ ਆਦਮਪੁਰ ਵਿੱਚ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਆਦਮਪੁਰ ਚ ਦਿਨਦਿਹਾੜੇ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ ਗਲੌਕ ਪਿਸਤੌਲ ਸਣੇ ਮੁੱਖ ਮੁਲਜ਼ਮ ਗ੍ਰਿਫ਼ਤਾਰ
