ਖਰੜ (ਦਵਿੰਦਰ ਕੌਰ):- ਪਿੰਡ ਝੂੰਗੀਆਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਅਧੂਰੇ ਪਏ ਕਮਿਊਨਿਟੀ ਸੈਂਟਰ (ਸਰਕਾਰੀ ਮੈਰਿਜ ਪੈਲੇਸ) ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਹਲਕਾ ਖਰੜ ਦੇ ਇੰਚਾਰਜ ਸ. ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ ਸਾਢੇ ਚਾਰ ਸਾਲਾਂ ਤੋਂ ਰੁਕਿਆ ਹੋਇਆ ਸੀ ਅਤੇ ਪਹਿਲਾਂ ਸਿਰਫ਼ ਇਸ ਦਾ ਮੁੱਢਲਾ ਢਾਂਚਾ ਹੀ ਤਿਆਰ ਕੀਤਾ ਗਿਆ ਸੀ।

ਸ. ਗੋਲਡੀ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਸ ਨੂੰ ਮੁੜ ਸ਼ੁਰੂ ਕਰਵਾਉਣ ਲਈ ਪ੍ਰਕਿਰਿਆ ਆਰੰਭ ਕੀਤੀ। ਹੁਣ ਇਸ ਪ੍ਰੋਜੈਕਟ ਦੇ ਬਾਕੀ ਰਹਿੰਦੇ ਫਿਨਿਸ਼ਿੰਗ ਦੇ ਕੰਮ ਲਈ 3.27 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਰੀਬ 7 ਏਕੜ ਰਕਬੇ ਵਿੱਚ ਫੈਲਿਆ ਇਹ ਕਮਿਊਨਿਟੀ ਸੈਂਟਰ ਲਗਭਗ ਪੌਣੇ 7 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਤਿਆਰ ਹੋਵੇਗਾ। ਇਸ ਦੇ ਮੁਕੰਮਲ ਹੋਣ ਨਾਲ ਖਰੜ ਹਲਕੇ ਦੇ ਲੋਕਾਂ ਨੂੰ ਵਿਆਹ-ਸ਼ਾਦੀਆਂ, ਸਮਾਜਿਕ ਸਮਾਗਮਾਂ ਅਤੇ ਮੀਟਿੰਗਾਂ ਲਈ ਸਰਕਾਰੀ ਹਾਲ ਦੀ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਆਹ-ਸ਼ਾਦੀਆਂ ਲਈ ਨਿੱਜੀ ਮੈਰਿਜ ਪੈਲੇਸਾਂ ’ਤੇ ਲੋਕਾਂ ਨੂੰ ਕਾਫ਼ੀ ਖਰਚਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਇਹ ਸਰਕਾਰੀ ਕਮਿਊਨਿਟੀ ਸੈਂਟਰ ਇਲਾਕੇ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ ਅਤੇ ਲੋਕਾਂ ਨੂੰ ਘੱਟ ਖਰਚੇ ਵਿੱਚ ਆਪਣੇ ਸਮਾਗਮ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਉਮੀਦ ਜਤਾਈ ਕਿ 31 ਮਾਰਚ ਤੋਂ ਪਹਿਲਾਂ ਇਸ ਕਮਿਊਨਿਟੀ ਸੈਂਟਰ ਦਾ ਕੰਮ ਮੁਕੰਮਲ ਕਰਕੇ ਇਸ ਨੂੰ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਜਾਵੇਗਾ।

ਇਸ ਮੌਕੇ ਪ੍ਰਭਜੋਤ ਸਿੰਘ ਖਾਲਸਾ, ਗੋਵਿੰਦਰ ਸਿੰਘ ਚੀਮਾ ਅਤੇ ਪਿੰਡ ਝੂੰਗੀਆਂ ਦੇ ਲਖਵੀਰ ਸਿੰਘ ਚੀਮਾ ਨੇ ਆਪਣੇ ਸੰਬੋਧਨ ਦੌਰਾਨ ਸ. ਪਰਮਿੰਦਰ ਸਿੰਘ ਗੋਲਡੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰੁਕਿਆ ਹੋਇਆ ਇਹ ਕੰਮ ਮੁੜ ਸ਼ੁਰੂ ਕਰਵਾਉਣਾ ਇਲਾਕੇ ਦੇ ਲੋਕਾਂ ਲਈ ਮਹੱਤਵਪੂਰਨ ਉਪਰਾਲਾ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।

ਇਸ ਮੌਕੇ ਕਾਰਜ ਸਾਧਕ ਅਧਿਕਾਰੀ (ਈ.ਓ.) ਸ. ਅਸ਼ੋਕ ਪਥਰੀਆ ਸਮੇਤ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼, ਗੋਵਿੰਦਰ ਸਿੰਘ ਚੀਮਾ, ਪ੍ਰਭਜੋਤ ਸਿੰਘ ਖਾਲਸਾ, ਪਰਮਿੰਦਰ ਭਾਟੀਆ, ਰਾਮ ਸਰੂਪ, ਰਾਜਵੀਰ ਰਾਜੀ, ਜੁਝਾਰ ਸਿੰਘ, ਲਖਵੀਰ ਸਿੰਘ ਚੀਮਾ, ਪੰਛੀ ਜੀ ਸਾਬਕਾ ਐਮ.ਸੀ., ਮੋਹਨ ਸਿੰਘ, ਬਲਜੀਤ ਸਿੰਘ ਮੀਡੀਆ ਇੰਚਾਰਜ, ਪ੍ਰਿੰਸ ਧਾਲੀਵਾਲ, ਸੁਖਵਿੰਦਰ ਸਿੰਘ ਸਮੇਤ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।