ਗੜ੍ਹਸ਼ੰਕਰ- ਪ੍ਰਸਤਾਵਿਤ ਜ਼ਿਲ੍ਹੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਇਹ ਮੰਗ ਕਰਦਿਆਂ ਸਰਪੰਚ ਝੋਣੋਵਾਲ ਬਲਵਿੰਦਰ ਸਿੰਘ ਸੋਢੀ ਬੋਪਾਰਾਏ ਨੇ ਕਿਹਾ ਕਿ ਬੀਤ ਦਾ ਇਲਾਕਾ ਖਾਲਸਾਈ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸ਼ਾਮਲ ਹੋਣ ’ਤੇ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਜੇਕਰ ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਂਦੀ ਹੈ ਤਾਂ ਅਸੀਂ ਇਸ ਦਾ ਸਵਾਗਤ ਕਰਾਂਗੇ।
ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਬੀਤ ਇਲਾਕੇ ਤੋਂ ਕਰੀਬ 28 ਕਿਲੋਮੀਟਰ ਦੂਰ ਹੈ ਜਦੋਂਕਿ ਹੁਸ਼ਿਆਰਪੁਰ ਦੀ ਦੂਰੀ 60 ਕਿਲੋਮੀਟਰ ਹੈ। ਉਨ੍ਹਾਂ ਕਿਹਾ ਕਿ ਬੀਤ ਖੇਤਰ ਨੂੰ ਪ੍ਰਸਤਾਵਿਤ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦੇ ਨਾਲ-ਨਾਲ ਸ੍ਰੀ ਅਨੰਦਪੁਰ ਸਾਹਿਬ ਜ਼ਿਲੇ ਦੀ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਸਬ ਤਹਿਸੀਲ ਬਣਾਇਆ ਜਾਵੇ।
ਬੀਤ ਖੇਤਰ ਦੇ ਅੱਡਾ ਝੁੰਗੀਆਂ ਅਤੇ ਮਹਿੰਦਵਾਨੀ ਤੋਂ ਪੰਡੋਰੀ ਵਾਇਆ ਸ੍ਰੀ ਆਨੰਦਪੁਰ ਸਾਹਿਬ ਤੱਕ ਬੱਸਾਂ ਦੇ ਘੱਟੋ-ਘੱਟ ਪੰਜ ਰੂਟ ਅਤੇ ਮਾਤਾ ਨੈਣਾ ਦੇਵੀ ਤੱਕ ਦੋ ਰੂਟ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੌਰਾਨ ਸਾਬਕਾ ਪੰਚ ਸਤਨਾਮ ਸਿੰਘ, ਅਮਰਜੀਤ ਸਿੰਘ ਅਤੇ ਹਰਜਾਪ ਸਿੰਘ ਉਹਨਾਂ ਦੇ ਨਾਲ ਸਨ।
ਬੀਤ ਇਲਾਕੇ ਦਾ ਪ੍ਰਸਤਾਵਿਤ ਜ਼ਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਾਮਲ ਹੋਣ ਦਾ ਸਵਾਗਤ ਕਰਾਂਗੇ ਸਰਪੰਚ ਬਲਵਿੰਦਰ ਸਿੰਘ ਬੋਪਾਰਾਏ
