ਕਰਨਾਲ, 21 ਅਕਤੂਬਰ (ਪ੍ਰਵੀਨ ਵਾਲੀਆ):- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਸੂਬਾ ਪ੍ਰਧਾਨ ਰਤਨ ਮਾਨ ਨੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਬਿਜਲੀ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦਾ ਐਲਾਨ ਨਾ ਕੀਤਾ ਗਿਆ ਤਾਂ ਭਾਜਪਾ ਨੂੰ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।
ਬੁੱਧਵਾਰ ਨੂੰ ਦਾਦੂਪੁਰ ਰੋਡਾਨ ਸਥਿਤ ਮਰਾਠਾ ਭਵਨ ਵਿੱਚ ਕਰਵਾਈ ਗਈ ਕਿਸਾਨ-ਮਜ਼ਦੂਰ ਮਹਾਪੰਚਾਇਤ ਦੌਰਾਨ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇ ਲਗਾ ਕੇ ਲੋਕਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਮਹਾਪੰਚਾਇਤ ਦਾ ਸੰਚਾਲਨ ਸੂਬਾ ਸੰਗਠਨ ਸਕੱਤਰ ਸ਼ਾਮ ਸਿੰਘ ਮਾਨ ਨੇ ਕੀਤਾ। ਭਾਕਿਯੂ ਦੇ ਸੀਨੀਅਰ ਕਿਸਾਨ ਆਗੂ ਪ੍ਰੇਮਚੰਦ ਸ਼ਾਹਪੁਰ ਅਤੇ ਕੋਰ ਕਮੇਟੀ ਦੇ ਚੇਅਰਮੈਨ ਯਸ਼ਪਾਲ ਰਾਣਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮਹਾਪੰਚਾਇਤ ਵਿੱਚ ਖੇੜੀ ਨਰੂ, ਘੋਘੜੀਪੁਰ, ਕਤਲਾਹੇੜੀ, ਸ਼ਾਹਪੁਰ, ਔਗੰਦ ਅਤੇ ਦਾਦੂਪੁਰ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਰਤਨ ਮਾਨ ਨੇ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੈਸਿਆਂ ਨਾਲ ਖੜ੍ਹਾ ਕੀਤਾ ਗਿਆ ਹੈ। ਇਸ ਲਈ ਵਿਭਾਗ ’ਤੇ ਨਿੱਜੀ ਕੰਪਨੀਆਂ ਨੂੰ ਕਿਸੇ ਵੀ ਕੀਮਤ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਸਰਕਾਰ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਨਾਲ ਖਪਤਕਾਰਾਂ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਲੋਕਾਂ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਹੈ।
ਕਿਸਾਨ ਆਗੂ ਰਤਨ ਮਾਨ ਨੇ ਆਪਣੇ ਸੰਬੋਧਨ ਵਿੱਚ ਐਲਾਨ ਕੀਤਾ ਕਿ ਬਿਜਲੀ ਵੰਡ ਲਈ ਨਿੱਜੀ ਕੰਪਨੀਆਂ ਨੂੰ ਲਾਇਸੈਂਸ ਦੇਣ, ਸਮਾਰਟ ਮੀਟਰ ਯੋਜਨਾ ਲਾਗੂ ਕਰਨ ਅਤੇ ਕਿਸਾਨਾਂ ਦੇ ਵਿਰੁੱਧ ਐਗਰੀ-ਡਿਸਕਾਮ ਬਣਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਸਾਰੇ ਵਰਗਾਂ ਦੇ ਬਿਜਲੀ ਖਪਤਕਾਰਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਭਾਕਿਯੂ ਦੇ ਸਾਬਕਾ ਪ੍ਰਧਾਨ ਰਾਮ ਸਿੰਘ ਦਾਦੂਪੁਰ, ਕਿਸਾਨ ਆਗੂ ਨਫੇ ਸਿੰਘ ਤਾਵੜੇ, ਹਿਸਮ ਸਿੰਘ, ਮੇਹਰ ਸਿੰਘ, ਬਾਬੂਰਾਮ, ਸ਼ੇਰ ਸਿੰਘ ਕਸ਼ਯਪ, ਈਸ਼ਮ ਸਿੰਘ ਅਤੇ ਸੂਰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਮੌਜੂਦ ਸਨ।
ਦਾਦੂਪੁਰ ਭਾਕਿਯੂ ਕਮੇਟੀ ਦਾ ਗਠਨ
ਦਾਦੂਪੁਰ ਪਿੰਡ ਵਿੱਚ ਭਾਕਿਯੂ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਵਿੱਚ ਕਰਮਬੀਰ ਸਿੰਘ, ਬਾਬੂਰਾਮ ਪਹਿਲਵਾਨ, ਸਤਪਾਲ, ਮੋਹਰ ਸਿੰਘ, ਗਿਆਨ ਚੰਦ, ਬਾਲੀਰਾਮ, ਸੁਭਾਸ਼, ਜਸਬੀਰ ਸਿੰਘ ਅਤੇ ਜੈਪ੍ਰਕਾਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵਿੱਚ ਸ਼ਾਮਲ ਹੋਏ ਬਾਬੂਰਾਮ ਪਹਿਲਵਾਨ ਅਤੇ ਕਰਮਬੀਰ ਸਿੰਘ ਨੇ ਪਿੰਡ ਵੱਲੋਂ ਅੰਦੋਲਨ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ।
