ਹੁਸ਼ਿਆਰਪੁਰ, 03 ਅਕਤੂਬਰ (ਦਲਜੀਤ ਅਜਨੋਹਾ):- ਹੁਸ਼ਿਆਰਪੁਰ ਦੇ ਆਊਟਡੋਰ ਸਟੇਡੀਅਮ ਵਿੱਚ 1 ਅਕਤੂਬਰ 2026 ਤੋਂ 3 ਅਕਤੂਬਰ 2026 ਤੱਕ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਦੀਆਂ ਵਾਲੀਬਾਲ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।

ਸਕੂਲ ਦੀਆਂ ਵਾਲੀਬਾਲ ਟੀਮਾਂ ਨੇ ਅੰਡਰ-21 ਅਤੇ ਅੰਡਰ-14 ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ, ਜਦਕਿ ਅੰਡਰ-17 ਵਰਗ ਦੀਆਂ ਖਿਡਾਰਨਾਂ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਮਾਣ ਵਾਲਾ ਅਧਿਆਇ ਜੋੜਿਆ।

ਇਨ੍ਹਾਂ ਮੁਕਾਬਲਿਆਂ ਦੌਰਾਨ ਟੀਮ ਦੀ ਕਪਤਾਨ ਮੀਨਾਕਸ਼ੀ ਸਮੇਤ ਲਵਪ੍ਰੀਤ ਅਤੇ ਯਕਸ਼ਿਤਾ ਨੇ ਬਿਹਤਰੀਨ ਖੇਡ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਸਕੱਤਰ ਡਾ. ਹਰਸ਼ਵਿੰਦਰ ਸਿੰਘ ਪਠਾਨੀਆ, ਪ੍ਰਿੰਸੀਪਲ ਸ਼ੋਭਾ ਰਾਣੀ ਅਤੇ ਮਨੀਸ਼ਾ ਜੋਸ਼ੀ ਤੇ ਮੋਨਿਕਾ ਨੇ ਖਿਡਾਰਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕੋਚ ਮਲਕੀਅਤ ਕੁਮਾਰ, ਆਰ.ਸੀ. ਮਹਿਤਾ ਅਤੇ ਗੁਰਪ੍ਰੀਤ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਅਸ਼ੀਰਵਾਦ ਦਿੱਤਾ। ਉਨ੍ਹਾਂ ਨੇ ਖਿਡਾਰਨਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਅਤੇ ਲਗਨ ਨਾਲ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਸਕੂਲ ਪ੍ਰਬੰਧਨ ਨੇ ਦੱਸਿਆ ਕਿ ਸਕੂਲ ਦੀਆਂ 22 ਖਿਡਾਰਨਾਂ ਰਾਜ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ।

ਇਸ ਮੌਕੇ ਸਕੂਲ ਪ੍ਰਬੰਧਨ ਨੇ ਦੱਸਿਆ ਕਿ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਪਿੱਛੇ ਸਰਦਾਰ ਹਰਜੀਤ ਸਿੰਘ ਗਿੱਲ (ਐਨਆਰਆਈ) ਅਤੇ ਸਰਦਾਰ ਕੁਲਦੀਪ ਸਿੰਘ (ਐਨਆਰਆਈ, ਸੇਵਾਮੁਕਤ ਡੀਐਸਓ) ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ। ਉਨ੍ਹਾਂ ਵੱਲੋਂ ਖਿਡਾਰਨਾਂ ਨੂੰ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਖਿਡਾਰਨਾਂ ਨੂੰ ਇਸੇ ਤਰ੍ਹਾਂ ਉਨ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ।

ਇਸ ਤੋਂ ਇਲਾਵਾ ਸਰਦਾਰ ਚੰਚਲ ਸਿੰਘ, ਸੇਵਾਮੁਕਤ ਕਮਾਂਡੈਂਟ, ਬੀਐਸਐਫ ਅਤੇ ਅੰਤਰਰਾਸ਼ਟਰੀ ਖਿਡਾਰੀ ਤੇ ਏਅਰਫੋਰਸ ਦੇ ਸੇਵਾਮੁਕਤ ਕੋਚ ਅਸ਼ਵਨੀ ਸ਼ਰਮਾ ਦਾ ਵੀ ਇਨ੍ਹਾਂ ਪ੍ਰਾਪਤੀਆਂ ਵਿੱਚ ਅਹਿਮ ਯੋਗਦਾਨ ਰਿਹਾ।

ਸਕੂਲ ਪ੍ਰਬੰਧਨ ਨੇ ਕਿਹਾ ਕਿ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਉੱਚ ਪੱਧਰੀ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਕੂਲ ਦੀਆਂ ਖਿਡਾਰਨਾਂ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੀਆਂ।

ਇਸ ਦੇ ਨਾਲ ਹੀ ਪੰਜਾਬ ਸਕੂਲ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੀ ਇਸ ਸਕੂਲ ਦੀਆਂ ਵਾਲੀਬਾਲ ਦੀਆਂ 24 ਖਿਡਾਰਨਾਂ ਭਾਗ ਲੈਣਗੀਆਂ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ।