ਹੁਸ਼ਿਆਰਪੁਰ/ਦਲਜੀਤ ਅਜਨੋਹਾ:- 70ਵੀਆਂ ਪੰਜਾਬ ਸਕੂਲ ਅੰਤਰ-ਜ਼ਿਲ੍ਹਾ ਵਾਲੀਬਾਲ ਖੇਡਾਂ ਤਰਨ ਤਾਰਨ ਵਿਖੇ 6 ਅਕਤੂਬਰ ਤੋਂ 9 ਅਕਤੂਬਰ 2026 ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵੱਕਾਰੀ ਖੇਡ ਮੁਕਾਬਲਿਆਂ ਲਈ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਦੀ ਅੰਡਰ-14 ਲੜਕੀਆਂ ਦੀ ਵਾਲੀਬਾਲ ਟੀਮ ਦੀਆਂ ਅੱਠ ਖਿਡਾਰਨਾਂ ਦੀ ਚੋਣ ਹੋਈ ਹੈ। ਇਹ ਉਪਲਬਧੀ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ।
ਇਸ ਮੌਕੇ ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਸਕੱਤਰ ਡਾ. ਹਰਸ਼ਵਿੰਦਰ ਸਿੰਘ ਪਠਾਨੀਆ ਅਤੇ ਪ੍ਰਿੰਸੀਪਲ ਸ਼ੋਭਾ ਰਾਣੀ ਨੇ ਚੁਣੀਆਂ ਗਈਆਂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਇਹ ਚੋਣ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ।
ਲੈਕਚਰਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਣ ਟਰਾਇਲਾਂ ਦੌਰਾਨ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਖਿਡਾਰਨਾਂ ਦੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਆਤਮ-ਵਿਸ਼ਵਾਸ ਸਦਕਾ ਟੀਮ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਮੈਡਲ ਜਿੱਤਣ ਲਈ ਪੂਰੀ ਕੋਸ਼ਿਸ਼ ਕਰੇਗੀ।
ਅੰਡਰ-14 ਵਰਗ ਦੀਆਂ ਚੁਣੀਆਂ ਗਈਆਂ ਖਿਡਾਰਨਾਂ ਵਿੱਚ ਯਕਸ਼ਿਤਾ ਸ਼ਰਮਾ, ਵੰਸ਼ਦੀਪ, ਨਾਇਰਾ, ਅੰਨੂ, ਪ੍ਰੀਤੀ ਕੁਮਾਰੀ, ਦੀਪਿਕਾ, ਆਸ਼ਮੀ ਭਾਰਤੀ ਅਤੇ ਹਰਸ਼ਿਤਾ ਸ਼ਾਮਲ ਹਨ। ਯਕਸ਼ਿਤਾ ਸ਼ਰਮਾ ਨੂੰ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਟੀਮ ਦੇ ਕੋਚ ਮਲਕੀਅਤ ਕੁਮਾਰ, ਆਰ.ਸੀ. ਮਹਿਤਾ ਅਤੇ ਗੁਰਪ੍ਰੀਤ ਨੇ ਚੁਣੀਆਂ ਗਈਆਂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੂਰੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਸੱਚੀ ਖੇਡ ਭਾਵਨਾ ਨਾਲ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਕੂਲ ਪ੍ਰਬੰਧਨ ਅਤੇ ਸਮੂਹ ਸਟਾਫ਼ ਨੇ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪੰਜਾਬ ਪੱਧਰੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨਗੀਆਂ।
