ਲੁਧਿਆਣਾ, 16 ਨਵੰਬਰ 2026:- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਵੱਲੋਂ ਕੌਮੀ ਦੁੱਧ ਦਿਵਸ ਮਨਾਉਣ ਦੇ ਉਦੇਸ਼ ਨਾਲ 19 ਤੋਂ 26 ਨਵੰਬਰ 2026 ਤੱਕ ਦੁੱਧ ਵਿੱਚ ਮਿਲਾਵਟ ਦੀ ਮੁਫ਼ਤ ਜਾਂਚ ਲਈ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਉਪਰਾਲੇ ਦਾ ਮੁੱਖ ਮੰਤਵ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਾ ਅਤੇ ਇਸ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਬਾਰੇ ਜਾਗਰੂਕ ਕਰਨਾ ਹੈ। ਇੱਕ ਹਫ਼ਤੇ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਖਪਤਕਾਰਾਂ ਦੇ ਦੁੱਧ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਵਿੱਚ ਦੁੱਧ ਦੇ ਮੁੱਖ ਅੰਸ਼ਾਂ, ਜਿਵੇਂ ਕਿ ਚਿਕਨਾਈ ਅਤੇ ਚਿਕਨਾਈ ਤੋਂ ਇਲਾਵਾ ਠੋਸ ਤੱਤਾਂ (ਐਸ.ਐਨ.ਐਫ.) ਦੀ ਜਾਂਚ ਦੇ ਨਾਲ-ਨਾਲ ਆਮ ਤੌਰ ’ਤੇ ਕੀਤੀ ਜਾਣ ਵਾਲੀ ਮਿਲਾਵਟ, ਜਿਵੇਂ ਕਿ ਯੂਰੀਆ, ਖੰਡ, ਮਾਲਟੋਡੈਕਸਟ੍ਰਿਨ, ਵਾਧੂ ਪਾਣੀ ਅਤੇ ਅਮੋਨੀਅਮ ਮਿਸ਼ਰਣਾਂ ਦਾ ਪਤਾ ਲਗਾਇਆ ਜਾਵੇਗਾ। ਜਾਂਚ ਉਸੇ ਦਿਨ ਕੀਤੀ ਜਾਵੇਗੀ ਅਤੇ ਰਿਪੋਰਟਾਂ ਸਬੰਧਤ ਖਪਤਕਾਰਾਂ ਨੂੰ ਦਿੱਤੀਆਂ ਜਾਣਗੀਆਂ, ਤਾਂ ਜੋ ਉਹ ਆਪਣੇ ਦੁੱਧ ਦੀ ਗੁਣਵੱਤਾ ਅਤੇ ਸ਼ੁੱਧਤਾ ਨੂੰ ਸਮਝ ਸਕਣ। ਇਸ ਜਨਤਕ ਜਾਗਰੂਕਤਾ ਮੁਹਿੰਮ ਰਾਹੀਂ ਯੂਨੀਵਰਸਿਟੀ ਦਾ ਉਦੇਸ਼ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਵਰਤੇ ਜਾਂਦੇ ਦੁੱਧ ਬਾਰੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਕੇ ਸਮਰੱਥ ਬਣਾਉਣਾ ਅਤੇ ਦੁੱਧ ਦੀ ਗੁਣਵੱਤਾ ਤੇ ਸੁਰੱਖਿਆ ਬਾਰੇ ਸੂਝਵਾਨ ਫੈਸਲੇ ਲੈਣ ਲਈ ਜਾਗਰੂਕ ਕਰਨਾ ਹੈ।
ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣੇ ਕੱਚੇ (ਨਾ ਉਬਾਲੇ ਹੋਏ) ਦੁੱਧ ਦੇ ਲਗਭਗ 100 ਮਿਲੀਲੀਟਰ ਨਮੂਨੇ ਨੂੰ ਇੱਕ ਸਾਫ਼ ਬੋਤਲ ਵਿੱਚ ਪਾ ਕੇ ਕਾਲਜ ਦੇ ਡੇਅਰੀ ਕੈਮਿਸਟਰੀ ਵਿਭਾਗ ਵਿੱਚ ਮੁਫ਼ਤ ਜਾਂਚ ਲਈ ਲਿਆਉਣ। ਇਹ ਉਪਰਾਲਾ ਖਪਤਕਾਰ ਜਾਗਰੂਕਤਾ, ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਪ੍ਰਤੀ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।
