ਲੁਧਿਆਣਾ, 26 ਸਤੰਬਰ:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਕੌਗਨੀਸੋਲ ਐਗਟੈਕ ਪ੍ਰਾਈਵੇਟ ਲਿਮਿਟੇਡ ('ਆਪਣੀ ਖੇਤੀ') ਨੇ ਡਿਜੀਟਲ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਤੇ ਪਸ਼ੂ ਪਾਲਕਾਂ ਤੱਕ ਵਿਗਿਆਨਕ ਗਿਆਨ ਅਤੇ ਤਕਨੀਕਾਂ ਦੇ ਵਿਆਪਕ ਪ੍ਰਸਾਰ ਨੂੰ ਸੁਖਾਲਾ ਬਣਾਉਣ ਲਈ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਹਨ।
ਇਸ ਸਮਝੌਤਾ ਪੱਤਰ 'ਤੇ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕੌਗਨੀਸੋਲ ਐਗਟੈਕ ਪ੍ਰਾਈਵੇਟ ਲਿਮਿਟੇਡ ('ਆਪਣੀ ਖੇਤੀ') ਦੇ ਪਾਰਟਨਰਸ਼ਿਪ ਅਤੇ ਅਲਾਇੰਸ ਲੀਡ ਸ਼੍ਰੀ ਚਮਕੌਰ ਸਿੰਘ ਨੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ।
ਕੌਗਨੀਸੋਲ ਐਗਟੈਕ ਪ੍ਰਾ. ਲਿਮ. 'ਆਪਣੀ ਖੇਤੀ' ਨਾਮਕ ਕਿਸਾਨ-ਕੇਂਦਰਿਤ ਡਿਜੀਟਲ ਮੰਚ ਚਲਾਉਂਦੀ ਹੈ ਅਤੇ ਮਾਹਰਾਂ ਦੀ ਸਲਾਹ, ਭਰੋਸੇਯੋਗ ਜਾਣਕਾਰੀ, ਅਸਲ ਉਤਪਾਦ ਅਤੇ ਮੰਡੀ ਨਾਲ ਸੰਪਰਕ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। 16 ਲੱਖ ਤੋਂ ਵੱਧ ਕਿਸਾਨ ਆਪਣੀ ਮੋਬਾਈਲ ਐਪਲੀਕੇਸ਼ਨ ਅਤੇ ਸੋਸ਼ਲ ਮੀਡੀਆ ਰਾਹੀਂ 'ਆਪਣੀ ਖੇਤੀ' ਨਾਲ ਜੁੜੇ ਹੋਏ ਹਨ।
ਇਸ ਸਮਝੌਤੇ ਦਾ ਉਦੇਸ਼ ਪਸ਼ੂ ਪਾਲਣ, ਪੋਲਟਰੀ ਅਤੇ ਮੱਛੀ ਪਾਲਣ ਨਾਲ ਸਬੰਧਤ ਭਰੋਸੇਯੋਗ ਅਤੇ ਵਿਗਿਆਨਕ ਜਾਣਕਾਰੀ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਡਿਜੀਟਲ-ਅਧਾਰਿਤ ਹੱਲ ਪ੍ਰਦਾਨ ਕਰਨਾ ਹੈ। ਇਹ 'ਆਪਣੀ ਖੇਤੀ' ਦੇ ਵਿਆਪਕ ਡਿਜੀਟਲ ਪਹੁੰਚ ਨੈੱਟਵਰਕ ਰਾਹੀਂ ਵੈਟਨਰੀ ਯੂਨੀਵਰਸਿਟੀ ਦੁਆਰਾ ਵਿਕਸਤ ਉਤਪਾਦਨ ਤਕਨੀਕਾਂ ਅਤੇ ਨਵੀਨਤਾਵਾਂ ਦੇ ਪ੍ਰਸਾਰ ਨੂੰ ਸੁਖਾਲਾ ਬਣਾਏਗਾ। ਇਹ ਸਹਿਯੋਗ ਤਕਨੀਕੀ ਸਲਾਹ, ਸਿਖਲਾਈ ਅਤੇ ਵਿਸਥਾਰ ਸੇਵਾਵਾਂ ਤੱਕ ਬਿਹਤਰ ਪਹੁੰਚ ਰਾਹੀਂ ਯੂਨੀਵਰਸਿਟੀ ਦੇ ਮਾਹਰਾਂ ਅਤੇ ਖੇਤੀਬਾੜੀ ਭਾਈਚਾਰਿਆਂ ਵਿਚਕਾਰ ਗਿਆਨ ਦੇ ਆਦਾਨ-ਪ੍ਰਦਾਨ ਨੂੰ ਵੀ ਉਤਸ਼ਾਹਿਤ ਕਰੇਗਾ।
ਡਾ. ਗਿੱਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਸਮੇਂ ਸਿਰ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨ ਵਿੱਚ ਡਿਜੀਟਲ ਮਾਧਿਅਮਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਹ ਸਾਂਝੇਦਾਰੀ ਕਿਸਾਨਾਂ ਅਤੇ ਮਾਹਰਾਂ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗੀ ਅਤੇ ਪਸ਼ੂ ਪਾਲਣ, ਪੋਲਟਰੀ ਅਤੇ ਮੱਛੀ ਪਾਲਣ ਦੇ ਖੇਤਰਾਂ ਵਿੱਚ ਸਾਂਝੀ ਖੋਜ, ਵਿਸਥਾਰ ਅਤੇ ਪਹੁੰਚ-ਸਬੰਧੀ ਗਤੀਵਿਧੀਆਂ ਨੂੰ ਸੁਖਾਲਾ ਬਣਾਏਗੀ।
