ਲੁਧਿਆਣਾ 1 4 ਜੁਲਾਈ 2026:- ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਭਾਰਤ ਵਿੱਚ ਚਿਕਨ ਸੌਸੇਜ ਦੀ ਤਕਨੀਕੀ ਸਥਿਰਤਾ ਅਤੇ ਸੰਵੇਦੀ ਸਵੀਕ੍ਰਿਤੀ ਲਈ ਨਮੀ ਦੀ ਮਾਤਰਾ ਦੇ ਵਿਆਪਕ ਮੁਲਾਂਕਣ 'ਤੇ ਇੱਕ ਵਿਗਿਆਨਕ ਅਧਿਐਨ ਕਰਨ ਲਈ 'ਕੰਪਾਊਂਡ ਲਾਈਵਸਟਾਕ ਫੀਡ ਮੈਨੂਫੈਕਚਰਰ ਐਸੋਸੀਏਸ਼ਨ ਆਫ ਇੰਡੀਆ' ਨਾਲ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਹਨ।
ਇਸ ਸਮਝੌਤੇ 'ਤੇ ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਖੋਜ ਅਤੇ ਕਰਨਲ ਵਿਨੇ ਕੁਮਾਰ, ਕਾਰਜਕਾਰੀ ਨਿਰਦੇਸ਼ਕ , ਫੀਡ ਉਤਪਾਦਨ ਜਥੇਬੰਦੀ ਨੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਅਗਵਾਈ ਹੇਠ ਹਸਤਾਖ਼ਰ ਕੀਤੇ।
ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪ੍ਰੋਜੈਕਟ ਦੇ ਮੁੱਖ ਨਿਰੀਖਕ ਡਾ. ਨਿਤਿਨ ਮਹਿਤਾ ਨੇ ਕਿਹਾ ਕਿ ਅਧਿਐਨ ਦਾ ਉਦੇਸ਼ ਚਿਕਨ ਸੌਸੇਜ ਦੀ ਗੁਣਵੱਤਾ, ਸੁਰੱਖਿਆ, ਪੌਸ਼ਟਿਕਤਾ, ਤਕਨੀਕੀ ਸਥਿਰਤਾ, ਸ਼ੈਲਫ-ਲਾਈਫ ਅਤੇ ਸੰਵੇਦੀ ਸਵੀਕ੍ਰਿਤੀ ਲਈ ਨਮੀ ਦੀ ਮਾਤਰਾ ਦੇ ਪ੍ਰਭਾਵ 'ਤੇ ਮਜ਼ਬੂਤ ਵਿਗਿਆਨਕ ਖੋਜ ਕਰਨਾ ਹੈ। ਖੋਜ ਤੋਂ ਵਿਗਿਆਨਕ ਮਾਨਕੀਕਰਨ , ਖ਼ਪਤਕਾਰਾਂ ਦੇ ਵਿਸ਼ਵਾਸ ਨੂੰ ਵਧਾਉਣ ਅਤੇ ਸਬੂਤ-ਅਧਾਰਤ ਜਾਣਕਾਰੀ ਪ੍ਰਦਾਨ ਕਰਨ ਦੀ ਉਮੀਦ ਹੈ।
ਸ਼੍ਰੀ ਰਾਕੇਸ਼ ਸਵਾਮੀ, ਗਰੁੱਪ ਪ੍ਰੈਜ਼ੀਡੈਂਟ-ਕਾਰਪੋਰੇਟ ਅਫੇਅਰਜ਼, ਗੋਦਰੇਜ ਇੰਡਸਟਰੀਜ਼ ਗਰੁੱਪ ਅਤੇ ਜਥੇਬੰਦੀ ਦੇ ਪ੍ਰਬੰਧਕੀ ਕਮੇਟੀ ਮੈਂਬਰ ਨੇ ਟਿੱਪਣੀ ਕੀਤੀ ਕਿ ਉਦਯੋਗ-ਅਕਾਦਮਿਕ ਸਹਿਯੋਗ ਨਵੀਨਤਾ ਨੂੰ ਅੱਗੇ ਵਧਾਉਣ ਅਤੇ ਵਿਗਿਆਨ-ਅਧਾਰਤ ਗੁਣਵੱਤਾ ਮਾਪਦੰਡ ਸਥਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਉਨ੍ਹਾਂ ਕਿਹਾ ਕਿ ਅਧਿਐਨ ਦੇ ਨਤੀਜੇ ਭਾਰਤੀ ਨਾਗਰਿਕਾਂ ਲਈ ਉੱਚ-ਗੁਣਵੱਤਾ ਵਾਲੇ ਪ੍ਰੋਟੀਨ ਦੇ ਇੱਕ ਸੁਰੱਖਿਅਤ, ਪੌਸ਼ਟਿਕ ਅਤੇ ਲਾਗਤ-ਪ੍ਰਭਾਵਸ਼ਾਲੀ ਸਰੋਤ ਵਜੋਂ ਚਿਕਨ ਦੀ ਵਰਤੋਂ ਵਧਾਉਣ ਵਿੱਚ ਮਦਦ ਕਰਨਗੇ।
ਦੋਵਾਂ ਸੰਗਠਨਾਂ ਨੂੰ ਸਾਂਝੇਦਾਰੀ 'ਤੇ ਵਧਾਈ ਦਿੰਦੇ ਹੋਏ ਡਾ ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਵਿਗਿਆਨਕ ਖੋਜ ਰਾਹੀਂ ਭੋਜਨ ਵਿੱਚ ਖਪਤਕਾਰਾਂ ਦੇ ਵਿਸ਼ਵਾਸ ਨੂੰ ਬੇਹਤਰ ਕੀਤਾ ਜਾ ਸਕਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਪ੍ਰੋਜੈਕਟ ਉਤਪਾਦ ਦੀ ਗੁਣਵੱਤਾ ਨੂੰ ਵਧਾਉਣ, ਪੋਲਟਰੀ ਪ੍ਰੋਸੈਸਿੰਗ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਦੀ ਨੀਤੀ ਅਤੇ ਕਾਰਜਕਾਰੀ ਢਾਂਚੇ ਵਿੱਚ ਯੋਗਦਾਨ ਪਾਉਣ ਲਈ ਮੁੱਲਵਾਨ ਸੂਝ ਪ੍ਰਦਾਨ ਕਰੇਗਾ।
ਇਹ ਪ੍ਰੋਜੈਕਟ ਡਾ. ਨਿਤਿਨ ਮਹਿਤਾ, ਡਾ. ਜਸਪਾਲ ਸਿੰਘ ਹੁੰਦਲ, ਡਾ. ਉਦੇਬੀਰ ਚਾਹਲ ਅਤੇ ਡਾ. ਪਵਨ ਕੁਮਾਰ ਦੀ ਬਹੁ-ਅਨੁਸ਼ਾਸਨੀ ਖੋਜ ਟੀਮ ਦੁਆਰਾ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਵਿੱਚ ਕੀਤਾ ਜਾਵੇਗਾ।