ਹੁਸ਼ਿਆਰਪੁਰ- ਪੁਸੂ ਪਾਲਣ ਵਿਭਾਗ, ਵਿੱਚ ਕੰਮ ਕਰਦੇ ਵੈਟਨਰੀ ਇੰਸਪੈਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਵੈਟਰਨਰੀ ਇੰਸਪੈਕਟਰ ਵਿਭਾਗ ਦੀ ਰੀੜ ਦੀ ਹੱਡੀ ਹਨ। ਇਸ ਕੇਡਰ ਵੱਲੋਂ ਵਿਭਾਗ ਦਾ ਸਭ ਤੋਂ ਵੱਧ ਕੰਮ ਕੀਤਾ ਜਾਂਦਾ ਹੈ, ਸਾਰੀਆਂ ਸਰਕਾਰੀ ਸਕੀਮਾਂ ਭਾਵੇਂ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਹੋਣ ਭਾਵੇਂ ਪੰਜਾਬ ਸਰਕਾਰ ਦੀਆਂ ਸਕੀਮਾਂ ਹੋਣ, ਇਸ ਕੇਡਰ ਵੱਲੋਂ ਗਰਾਊਂਡ ਲੈਵਲ ਤੇ ਲਾਗੂ ਕੀਤੀਆਂ ਜਾਂਦੀਆਂ ਹਨ।
ਵਿਭਾਗ ਵਿੱਚ 2010 ਪੋਸਟਾਂ ਵੈਟਨਰੀ ਇੰਸਪੈਕਟਰਾਂ ਦੀਆਂ ਹਨ, ਜੋ ਕਿ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦਾ 50% ਹਨ, ਵਿਭਾਗ ਦਾ ਵੱਡਾ ਹਿੱਸਾ ਹੋਣ ਕਰਕੇ ਸਭ ਤੋਂ ਵੱਧ ਕੰਮ ਇਸ ਕੇਡਰ ਵੱਲੋਂ ਹੀ ਕੀਤਾ ਜਾਂਦਾ ਹੈ, ਜਿਸ ਤੋਂ ਵਿਭਾਗ ਦੀ ਅਫਸਰ ਸ਼ਾਹੀ ਭਲੀ ਭਾਂਤ ਜਾਣੂ ਹੈ।
ਵੈਟਨਰੀ ਇੰਸਪੈਕਟਰਾਂ ਦੀਆਂ ਮੰਗਾਂ ਵਿੱਚ ਸਭ ਤੋਂ ਵੱਡਾ ਅੜਿਕਾ ਵੀ ਵਿਭਾਗ ਦੀ ਅਫਸਰ ਸ਼ਾਹੀ ਬਣੀ ਹੋਈ ਹੈ, ਵੈਟਨਰੀ ਇੰਸਪੈਕਟਰਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਕੈਬਨਿਟ ਮੰਤਰੀ ਮਾਣਯੋਗ ਗੁਰਮੀਤ ਸਿੰਘ ਖੁਡੀਆਂ ਨਾਲ ਐਸੋਸੀਏਸ਼ਨ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨਾਲ ਵੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਸੀ।
ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਵੱਲੋਂ ਵੈਟਨਰੀ ਇੰਸਪੈਕਟਰਾਂ ਦੀਆਂ ਮੰਗਾਂ ਸਬੰਧੀ ਸਹਿਮਤੀ ਦੇਣ ਦੇ ਬਾਵਜੂਦ ਵੀ ਹੁਣ ਤੱਕ ਕਿਸੇ ਇੱਕ ਵੀ ਮੰਗ ਉੱਪਰ ਪੰਜਾਬ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇੰਜ ਮਹਿਸੂਸ ਹੋ ਰਿਹਾ ਹੈ, ਜਿਵੇਂ ਪੰਜਾਬ ਸਰਕਾਰ, ਅਫਸਰ ਸ਼ਾਹੀ ਦੇ ਦਬਾਅ ਹੇਠਾਂ ਕੰਮ ਕਰ ਰਹੀ ਹੈ।
ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਰਕ ਟੂ ਰੂਲ ਕੀਤਾ ਹੋਇਆ ਹੈ। ਜੋ ਕਿ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਜਾਰੀ ਹੈ, ਇਸ ਦੇ ਨਾਲ ਹੀ ਹਰ ਤਰ੍ਹਾਂ ਦੀ ਆਨਲਾਈਨ ਰਿਪੋਰਟਿੰਗ ਦਾ ਵੀ ਬਾਈਕਾਟ ਕੀਤਾ ਹੋਇਆ ਹੈ, ਜਿਸ ਨਾਲ ਮੂੰਹ ਖੁਰ ਦੀ ਵੈਕਸੀਨੇਸ਼ਨ ਦੀ ਆਨਲਾਈਨ ਰਿਪੋਰਟਿੰਗ ਦਾ ਕੰਮ ਠੱਪ ਪਿਆ ਹੈ, ਜਿਸ ਨਾਲ ਵਿਭਾਗ ਦੀ ਅਫਸਰ ਸ਼ਾਹੀ ਵਿੱਚ ਬਹੁਤ ਖਲਬਲੀ ਮਚੀ ਹੋਈ ਹੈ।
ਵਿਭਾਗ ਦੀ ਅਫਸਰਸ਼ਾਹੀ ਫੀਲਡ ਵਿੱਚ ਕੰਮ ਕਰਦੇ ਵੈਟਨਰੀ ਇੰਸਪੈਕਟਰਾਂ ਤੇ ਆਪਣਾ ਦਬਾਅ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਪੱਤਰ ਜਾਰੀ ਕਰ ਰਹੀ ਹੈ, ਪਰ ਪੰਜਾਬ ਭਰ ਦੇ ਵੈਟਰਨਰੀ ਇੰਸਪੈਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਅੜੇ ਹੋਏ ਹਨ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਸੂਬਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਲੈਦੀ।
