ਚੰਡੀਗੜ੍ਹ (ਹਰਮਿੰਦਰ ਸਿੰਘ ਨਾਗਪਾਲ, 11 ਨਵੰਬਰ 2026):- ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਸ੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਨੇ ਅੱਜ ਯੂ.ਟੀ. ਸਕੱਤਰੇਤ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ 22 ਨਵੰਬਰ 2026 ਨੂੰ ਹੋਣ ਵਾਲੀ ਦੂਜੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।
ਮੀਟਿੰਗ ਵਿੱਚ ਗ੍ਰਹਿ ਸਕੱਤਰ ਸ੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ; ਖੇਡ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ; ਡਿਪਟੀ ਕਮਿਸ਼ਨਰ ਸ੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ; ਐੱਸਐੱਸਪੀ, ਟ੍ਰੈਫਿਕ ਅਤੇ ਸੁਰੱਖਿਆ, ਸ੍ਰੀ ਸੁਮੇਰ ਪ੍ਰਤਾਪ ਸਿੰਘ, ਆਈਪੀਐੱਸ; ਡਾਇਰੈਕਟਰ ਖੇਡਾਂ ਸ੍ਰੀ ਸੌਰਭ ਕੁਮਾਰ ਅਰੋੜਾ, ਪੀਸੀਐੱਸ; ਅਤੇ ਨਗਰ ਨਿਗਮ ਸਮੇਤ ਸਿਹਤ, ਪੁਲਿਸ, ਟ੍ਰਾਂਸਪੋਰਟ, ਸਕੂਲ ਸਿੱਖਿਆ, ਸੱਭਿਆਚਾਰ, ਇੰਜੀਨੀਅਰਿੰਗ, ਲੋਕ ਸੰਪਰਕ ਅਤੇ ਉੱਚ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਨੁਮਾਇੰਦੇ ਹਾਜ਼ਰ ਸਨ।
ਸੁਸ਼੍ਰੀ ਪ੍ਰੇਰਣਾ ਪੁਰੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਵੱਲੋਂ ਮੈਰਾਥਨ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੇਰਵਾ ਪੇਸ਼ ਕੀਤਾ। ਉਨ੍ਹਾਂ ਮੀਟਿੰਗ ਵਿੱਚ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਬਿਬ ਐਕਸਪੋ ਦਾ ਆਯੋਜਨ 21 ਨਵੰਬਰ 2026 ਨੂੰ ਕੀਤਾ ਜਾਵੇਗਾ।
ਤਿਆਰੀਆਂ ਦੀ ਸਮੀਖਿਆ ਕਰਦਿਆਂ ਸ੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਖੇਡ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਸਬੰਧਤ ਵਿਭਾਗਾਂ ਵਿਚਕਾਰ ਨਜ਼ਦੀਕੀ ਤਾਲਮੇਲ ਅਤੇ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੈਰਾਥਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦਾ ਸਮਾਗਮ ਹੋਵੇਗੀ, ਜਿਸ ਨਾਲ ਪ੍ਰਮੁੱਖ ਖੇਡ ਸਮਾਗਮਾਂ ਦੇ ਕੇਂਦਰ ਵਜੋਂ ਚੰਡੀਗੜ੍ਹ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਪ੍ਰਸ਼ਾਸਨ ਦੇ ਸਮੂਹਿਕ ਯਤਨਾਂ ਨਾਲ ਮੈਰਾਥਨ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਨਾਗਰਿਕਾਂ ਨੂੰ ਸੁਆਗਤਯੋਗ, ਸੁਚੱਜਾ ਅਤੇ ਯਾਦਗਾਰੀ ਤਜਰਬਾ ਮਿਲੇ। ਉਨ੍ਹਾਂ ਨੇ ਪ੍ਰਤੀਭਾਗੀਆਂ ਦੀ ਸਹੂਲਤ ਅਤੇ ਸਮਾਗਮ ਦੀ ਸਮੁੱਚੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਵਿਭਾਗਾਂ ਵਿਚਕਾਰ ਤਾਲਮੇਲ ਵਾਲੇ ਪ੍ਰਬੰਧਾਂ ਦੀ ਮਹੱਤਤਾ ਵੀ ਉਜਾਗਰ ਕੀਤੀ।
ਸ੍ਰੀ ਸੌਰਭ ਕੁਮਾਰ ਅਰੋੜਾ ਨੇ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਕਿ ਮੈਰਾਥਨ ਵਿੱਚ 7,000 ਤੋਂ ਵੱਧ ਪ੍ਰਤੀਭਾਗੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਪ੍ਰਤੀਭਾਗੀ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਰਜਿਸਟ੍ਰੇਸ਼ਨ ਅਗਲੇ ਚਾਰ ਦਿਨਾਂ ਤੱਕ ਖੁੱਲ੍ਹੀ ਰਹੇਗੀ। ਉਨ੍ਹਾਂ ਨੇ ਸਮਾਗਮ ਦੇ ਸਫਲ ਆਯੋਜਨ ਲਈ ਸਬੰਧਤ ਵਿਭਾਗਾਂ ਤੋਂ ਮਿਲਣ ਵਾਲੇ ਸੰਭਾਵਿਤ ਸਹਿਯੋਗ ਅਤੇ ਲੋੜੀਂਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ।
ਮੀਟਿੰਗ ਦੌਰਾਨ ਵਿਭਾਗਾਂ ਦੇ ਨੁਮਾਇੰਦਿਆਂ ਨੇ ਟ੍ਰੈਫਿਕ ਪ੍ਰਬੰਧਨ, ਸਿਹਤ ਅਤੇ ਮੈਡੀਕਲ ਸਹਾਇਤਾ, ਨਾਗਰਿਕ ਸਹੂਲਤਾਂ, ਸਫ਼ਾਈ, ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਸਾਰੇ ਪ੍ਰਬੰਧ ਤਾਲਮੇਲ ਨਾਲ ਯਕੀਨੀ ਬਣਾਉਣ ਲਈ ਆਪਣਾ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਦੂਜੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦਾ ਉਦੇਸ਼ ਖਿਡਾਰੀਆਂ ਅਤੇ ਦੌੜ ਪ੍ਰਤੀ ਉਤਸ਼ਾਹ ਰੱਖਣ ਵਾਲੇ ਲੋਕਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਨਾਗਰਿਕਾਂ ਵਿੱਚ ਤੰਦਰੁਸਤੀ, ਸਿਹਤਮੰਦ ਜੀਵਨਸ਼ੈਲੀ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ।
