ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਸਤੰਬਰ:- ਜਨਗਣਨਾ 2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਫੀਲਡ ਟ੍ਰੇਨਰਾਂ (ਐਫ.ਟੀਜ਼) ਦੇ ਦੂਜੇ ਬੈਚ ਦੀ ਤਿੰਨ ਰੋਜ਼ਾ ਸਿਖਲਾਈ 28 ਸਤੰਬਰ ਤੋਂ 30 ਸਤੰਬਰ ਤੱਕ ਕਾਨਫਰੰਸ ਹਾਲ, ਨਗਰ ਨਿਗਮ ਭਵਨ, ਸੈਕਟਰ-68, ਮੋਹਾਲੀ ਵਿਖੇ ਹੋਈ। ਇਹ ਸਿਖਲਾਈ ਪ੍ਰੋਗਰਾਮ ਪ੍ਰਮੁੱਖ ਜਨਗਣਨਾ ਅਧਿਕਾਰੀ (ਪੀ.ਸੀ.ਓ.), ਨਗਰ ਨਿਗਮ ਕਮਿਸ਼ਨਰ ਮੋਹਾਲੀ ਸੰਦੀ ਸਿੰਘ ਗਾੜ੍ਹਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਦੌਰਾਨ ਨੈਸ਼ਨਲ ਟ੍ਰੇਨਰਾਂ ਤੋਂ ਸਿਖਲਾਈ ਪ੍ਰਾਪਤ ਮਾਸਟਰ ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।
ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਸਿੰਘ ਗਾੜ੍ਹਾ ਪੀ.ਸੀ.ਐਸ. ਨੇ ਸਿਖਲਾਈ ਪ੍ਰੋਗਰਾਮ ਦੌਰਾਨ ਫੀਲਡ ਟ੍ਰੇਨਰਾਂ ਨੂੰ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ, ਸਹੀ ਢੰਗ ਅਤੇ ਆਪਸੀ ਤਾਲਮੇਲ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਜਨਗਣਨਾ 2027 ਦੇ ਫੇਜ਼-II ਦਾ ਕੰਮ ਸੁਚਾਰੂ ਅਤੇ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਨਗਰ ਨਿਗਮ ਸਮੇਤ ਕੁੱਲ 76 ਫੀਲਡ ਟ੍ਰੇਨਰਾਂ ਦੀ ਸਮਰੱਥਾ ਹੈ, ਜਿਨ੍ਹਾਂ ਨੂੰ ਦੋ ਬੈਚਾਂ ਵਿੱਚ ਸਿਖਲਾਈ ਦਿੱਤੀ ਜਾਣੀ ਹੈ। ਇਨ੍ਹਾਂ ਵਿੱਚੋਂ ਪਹਿਲੇ ਬੈਚ ਦੀ ਸਿਖਲਾਈ 22 ਤੋਂ 24 ਸਤੰਬਰ 2026 ਤੱਕ ਮੁਕੰਮਲ ਹੋ ਚੁੱਕੀ ਹੈ, ਜਦਕਿ ਦੂਜੇ ਬੈਚ ਦੀ ਸਿਖਲਾਈ ਨਗਰ ਨਿਗਮ ਦਫ਼ਤਰ ਵਿਖੇ ਹੋਈ ਹੈ। ਇਹ ਸਿਖਲਾਈ ਮੁਕੰਮਲ ਹੋਣ ਉਪਰੰਤ ਫੀਲਡ ਟ੍ਰੇਨਰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਅਸਲ ਮੈਦਾਨੀ ਅਮਲੇ, ਅਰਥਾਤ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ, ਜੋ ਆਬਾਦੀ ਦੀ ਗਿਣਤੀ ਦੇ ਕੰਮ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋਣਗੇ।
ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ 2026 ਤੱਕ ਹੋਵੇਗੀ। ਇਸ ਤੋਂ ਬਾਅਦ ਆਬਾਦੀ ਦੀ ਗਿਣਤੀ ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਵੇਗਾ ਅਤੇ 5 ਤੋਂ 9 ਜਨਵਰੀ 2027 ਤੱਕ ਸੋਧ ਦੌਰ ਚਲਾਇਆ ਜਾਵੇਗਾ। ਲੋਕ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਸਰਵੇਖਣ ਤੋਂ ਪਹਿਲਾਂ ਭਾਰਤ ਸਰਕਾਰ ਦੇ ਅਧਿਕਾਰਤ ਸਵੈ-ਗਣਨਾ ਪੋਰਟਲ/ਵੈੱਬਸਾਈਟ ਰਾਹੀਂ ਆਪਣੀ ਜਨਗਣਨਾ ਸਬੰਧੀ ਜਾਣਕਾਰੀ ਆਨਲਾਈਨ ਦਰਜ ਕਰਵਾ ਸਕਦੇ ਹਨ।
28 ਤੋਂ 30 ਸਤੰਬਰ 2026 ਤੱਕ ਇਸ ਤਿੰਨ ਰੋਜ਼ਾ ਸਿਖਲਾਈ ਦੌਰਾਨ ਆਬਾਦੀ ਦੀ ਗਿਣਤੀ ਨਾਲ ਸਬੰਧਤ ਸਾਰੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਗਿਣਤੀ ਸਮੇਂ ਪੁੱਛੇ ਜਾਣ ਵਾਲੇ 40 ਸਵਾਲਾਂ, ਉਨ੍ਹਾਂ ਨੂੰ ਸਹੀ ਢੰਗ ਨਾਲ ਪੁੱਛਣ ਦੀ ਵਿਧੀ ਅਤੇ ਸਹੀ ਜਨਗਣਨਾ ਅੰਕੜੇ ਇਕੱਠੇ ਕਰਨ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਇਸ ਤੋਂ ਇਲਾਵਾ ਪੀ.ਈ. ਮੋਬਾਈਲ ਐਪ (ਪਾਪੂਲੇਸ਼ਨ ਐਨਿਊਮੇਰੇਸ਼ਨ ਐਪ) ਚਲਾਉਣ ਅਤੇ ਗਿਣਤੀ ਬਲਾਕ ਦਾ ਲੇਆਉਟ ਨਕਸ਼ਾ ਤਿਆਰ ਕਰਨ ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਮਾਸਟਰ ਟ੍ਰੇਨਰ ਸ੍ਰੀ ਮੁਕੇਸ਼ ਕੁਮਾਰ ਅਤੇ ਸ੍ਰੀ ਵਿਸ਼ਾਲ ਧੂਮੜਾ ਵੱਲੋਂ ਫੀਲਡ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸਿਟੀ ਜਨਗਣਨਾ ਅਧਿਕਾਰੀ ਸ੍ਰੀ ਨਵਦੀਪ ਸਿੰਘ, ਪੀ.ਸੀ.ਐਸ., ਮੋਹਾਲੀ ਵੀ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਨਗਰ ਨਿਗਮ ਦਫ਼ਤਰ ਦੇ ਚਾਰਜ ਅਫ਼ਸਰ, ਚਾਰਜ ਕਲਰਕ ਅਤੇ ਤਕਨੀਕੀ ਸਹਾਇਕ ਵੀ ਮੌਜੂਦ ਸਨ।
