ਨਵਾਂਸ਼ਹਿਰ (ਦੇਸ ਰਾਜ ਬਾਲੀ):- ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀ ਸੰਪੂਰਨਤਾ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਵਾਹਿਗੁਰੂ ਦੇ ਸ਼ੁਕਰਾਨੇ ਨਾਲ ਹੋਈ। ਤਿੰਨ ਰੋਜ਼ਾ ਸਮਾਗਮ ਦੇ ਆਖਰੀ ਦਿਨ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਸੁੰਦਰ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਲਿਆਂਦਾ ਗਿਆ। ਉਪਰੰਤ ਭਾਈ ਨਵਦੀਪ ਸਿੰਘ ਕਟਾਰੀਆਂ ਵਾਲਿਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਥਾ-ਵਿਚਾਰਾਂ ਰਾਹੀਂ ਗੁਰਮਤਿ ਜੀਵਨ-ਜਾਚ ਦਾ ਸੰਦੇਸ਼ ਦਿੱਤਾ, ਜਦਕਿ ਭਾਈ ਚਰਨਜੀਤ ਸਿੰਘ ਹੀਰਾ ਨੇ ਆਪਣੀ ਵਿਲੱਖਣ ਸ਼ੈਲੀ ਵਿੱਚ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਇਸ ਮੌਕੇ ਸੁਸਾਇਟੀ ਵੱਲੋਂ ਇੱਕ ਨਵੀਂ ਅਤੇ ਨਿਵੇਕਲੀ ਪਹਿਲ ਕਰਦਿਆਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਿਸ਼ਕਾਮ ਯੋਗਦਾਨ ਪਾਉਣ ਵਾਲੇ ਡਾ. ਕੁਲਵੀਰ ਸਿੰਘ ਪੁਰੇਵਾਲ ਨੂੰ ‘ਗੁਰੂ ਨਾਨਕ ਮਿਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਵਿਸ਼ੇਸ਼ ਖਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਗੁਰਮਤਿ ਵਿਚਾਰ ਰਹੇ। ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਹਵਾਲੇ ਨਾਲ ਮਨੁੱਖੀ ਜੀਵਨ ਵਿੱਚ ਨਾਮ ਸਿਮਰਨ, ਨਿਮਰਤਾ, ਸੇਵਾ, ਪਰਉਪਕਾਰ ਅਤੇ ਆਪਸੀ ਪਿਆਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਮਾਰਗ ਦਿਖਾਉਂਦੀ ਹੈ। ਗੁਰੂ ਘਰ ਵਿੱਚ ਆਉਣ ਦਾ ਅਸਲ ਮਨੋਰਥ ਕੇਵਲ ਨਤਮਸਤਕ ਹੋਣਾ ਹੀ ਨਹੀਂ, ਸਗੋਂ ਗੁਰਮਤਿ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਅਤੇ ਲੋੜਵੰਦਾਂ ਦੀ ਸੇਵਾ ਲਈ ਕਾਰਜ ਕਰਨਾ ਹੈ।
ਇਸ ਉਪਰੰਤ ਭਾਈ ਅਨੰਤਵੀਰ ਸਿੰਘ ਲਾਸ ਏਂਜਲਸ ਵਾਲਿਆਂ ਨੇ ਦੇਰ ਰਾਤ ਤੱਕ ਆਪਣੀ ਰਸਭਿੰਨੀ ਕੀਰਤਨ ਸੇਵਾ ਰਾਹੀਂ ਸੰਗਤਾਂ ਨੂੰ ਰੂਹਾਨੀ ਖੁਰਾਕ ਪ੍ਰਦਾਨ ਕੀਤੀ। ਸੰਗਤਾਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਦੀਆਂ ਹੋਈਆਂ ਗੁਰੂ ਚਰਨਾਂ ਨਾਲ ਜੁੜੀਆਂ ਰਹੀਆਂ। ਅੱਜ ਕਰਵਾਏ ਗਏ ਅੰਮ੍ਰਿਤ ਸੰਚਾਰ ਦੌਰਾਨ 31 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਦਾ ਕੀਰਤਨ ਦਰਬਾਰ ਦੌਰਾਨ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੀ ਸੰਪੂਰਨਤਾ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਸ੍ਰੀ ਮੁੱਖਵਾਕ ਦੀ ਸੇਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਸਰਵਨ ਸਿੰਘ ਜੀ ਵੱਲੋਂ ਨਿਭਾਈ ਗਈ। ਇਸ ਮੌਕੇ ਸੁਸਾਇਟੀ ਵੱਲੋਂ ਕੀਰਤਨੀ ਜਥਿਆਂ, ਕਥਾਵਾਚਕਾਂ ਤੋਂ ਇਲਾਵਾ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ, ਪੰਜ ਪਿਆਰੇ ਸਾਹਿਬਾਨ ਅਤੇ ਦਰਬਾਰ ਸਾਹਿਬ ਤੋਂ ਆਏ ਅਰਦਾਸੀਏ ਸਿੰਘ ਸਰਵਨ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਅਤੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਵੱਲੋਂ ਸਮੂਹ ਸੰਗਤਾਂ, ਰਾਗੀ ਜਥਿਆਂ, ਕਥਾਵਾਚਕਾਂ, ਸੰਤ-ਮਹਾਂਪੁਰਸ਼ਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਮਾਗਮ ਕਿਸੇ ਇੱਕ ਵਿਅਕਤੀ ਦਾ ਉਪਰਾਲਾ ਨਹੀਂ, ਸਗੋਂ ਸੰਗਤਾਂ ਦੇ ਸਹਿਯੋਗ, ਸੇਵਾਦਾਰਾਂ ਦੀ ਨਿਸ਼ਕਾਮ ਸੇਵਾ ਅਤੇ ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਦਾ ਸਾਂਝਾ ਪ੍ਰਤੀਕ ਹੈ।
ਅੱਜ ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਵਿੱਚ ਸੰਤ ਬਾਬਾ ਨਛੱਤਰ ਸਿੰਘ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ, ਨਛੱਤਰ ਪਾਲ ਐਮ.ਐਲ.ਏ., ਸਾਬਕਾ ਵਿਧਾਇਕ ਅੰਗਦ ਸਿੰਘ, ਹੇਮੰਤ ਕੁਮਾਰ ਬੌਬੀ, ਗੁਰਪ੍ਰੀਤ ਕੌਰ ਥਿਆੜਾ, ਗੁਰੂ ਨਾਨਕ ਹਸਪਤਾਲ ਢਾਹਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ, ਜਸਪਾਲ ਸਿੰਘ ਜਾਡਲੀ, ਤਰਨਜੀਤ ਸਿੰਘ ਥਾਂਦੀ, ਭਾਈ ਜੋਗਾ ਸਿੰਘ ਢਾਹਾਂ, ਗੁਰਚਰਨ ਅਰੋੜਾ, ਸੁਖਦੇਵ ਸਿੰਘ ਮਾਨ ਰਾਹੋਂ, ਬਲਵੀਰ ਸਿੰਘ ਅਲੀਪੁਰ, ਦੀਦਾਰ ਸਿੰਘ ਅਲੀਪੁਰ, ਰਮਨਦੀਪ ਸਿੰਘ ਥਿਆੜਾ, ਅੰਮ੍ਰਿਤਸਰੀ ਸਵੀਟਸ ਦੇ ਸਤਪਾਲ ਸਿੰਘ, ਤਰਲੋਕ ਸਿੰਘ ਗੜ੍ਹਸ਼ੰਕਰ, ਪ੍ਰਭਜੋਤ ਸਿੰਘ ਭਾਰਟਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ, ਤਰਲੋਕ ਸਿੰਘ ਫਲੋਰਾ, ਕੁਲਜਿੰਦਰਜੀਤ ਸਿੰਘ ਸੋਢੀ, ਦਿਲਬਾਗ ਸਿੰਘ ਰਾਹੋਂ, ਗੁਰਦੁਆਰਾ ਮਹਿੰਦੀਪੁਰ ਦੇ ਪ੍ਰਧਾਨ ਜਗਤਾਰ ਸਿੰਘ, ਗੜ੍ਹ ਪਧਾਣਾ ਦੇ ਸਰਪੰਚ ਹਰਦੀਪ ਸਿੰਘ, ਜੱਬੋਵਾਲ ਦੇ ਸਾਬਕਾ ਸਰਪੰਚ ਰਛਪਾਲ ਸਿੰਘ, ਰਾਮਰਾਇ ਪਰ ਦੀ ਸਰਪੰਚ ਗੁਰਜੀਤ ਕੌਰ, ਸੁਰਿੰਦਰ ਸਿੰਘ ਸੋਇਤਾ, ਗੁਰਦੇਵ ਸਿੰਘ ਗਹੂੰਣ, ਕੁਲਵਿੰਦਰ ਸਿੰਘ ਭੀਨ, ਬਲਵੀਰ ਸਿੰਘ ਸੋਨਾ, ਸੁੱਚਾ ਸਿੰਘ ਬਰਨਾਲਾ, ਆਈ.ਟੀ.ਓ. ਚੱਕਦਾਨਾ ਦੇ ਰਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ, ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਸੈਣੀ, ਕੈਸ਼ੀਅਰ ਜਗਦੀਪ ਸਿੰਘ, ਮਨਮੋਹਨ ਸਿੰਘ ਕੰਵਲ, ਰਜਿੰਦਰ ਸਿੰਘ ਕੰਗਾਰੂ, ਬਲਵਿੰਦਰ ਸਿੰਘ ਉਸਮਾਨਪੁਰ ਅਤੇ ਦਿਲਬਾਗ ਸਿੰਘ ਉਸਮਾਨਪੁਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਸ਼ਾਮਲ ਸਨ।
