ਨਵੀਂ ਦਿੱਲੀ:- ਆਰਐਸਐਸ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਲਈ ਆਪਣੀ ਜਾਨ ਕੁਰਬਾਨ ਕਰਨ ਵਾਲਿਆਂ ਨੂੰ ਅੱਜ ਸ਼ਾਂਤੀ ਮਿਲੀ ਹੋਵੇਗੀ ਕਿਉਂਕਿ ਮੰਦਰ ਉੱਤੇ ਭਗਵਾ ਝੰਡਾ ਲਹਿਰਾਉਣ ਨਾਲ ਇਸ ਦੀ ਉਸਾਰੀ ਦਾ ਅਮਲ ਰਸਮੀ ਤੌਰ ’ਤੇ ਪੂਰਾ ਹੋ ਗਿਆ ਹੈ। 
ਮੰਦਿਰ ਵਿੱਚ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਬੋਲਦਿਆਂ ਭਾਗਵਤ ਨੇ ਕਿਹਾ ਕਿ ਝੰਡਾ ਹਮੇਸ਼ਾ ਇੱਕ ਪ੍ਰਤੀਕ ਹੁੰਦਾ ਹੈ, ਅਤੇ ਮੰਦਿਰ ਵਿੱਚ ਅਜਿਹੇ ਉੱਚੇ ਝੰਡੇ ਨੂੰ ਲਗਾਉਣ ਵਿੱਚ ਕਾਫ਼ੀ ਸਮਾਂ ਲੱਗਿਆ, ਜਿਵੇਂ ਕਿ ਮੰਦਿਰ ਦੀ ਉਸਾਰੀ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਦਿਨ ਦਾ ਸੁਪਨਾ ਦੇਖਿਆ ਸੀ ਅਤੇ ਕਈਆਂ ਨੇ ਇਸ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। 
ਭਾਗਵਤ ਨੇ ਕੁਝ ਲੋਕਾਂ ਦੇ ਨਾਮ ਯਾਦ ਕਰਦੇ ਹੋਏ ਕਿਹਾ, ‘‘ਅੱਜ ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੀ ਹੋਵੇਗੀ।’’ ਉਨ੍ਹਾਂ ਕਿਹਾ, ‘‘ਜੋ ਲੋਕ ਹਰ ਰੋਜ਼ ਪਿੱਛੇ ਰਹਿ ਕੇ ਕੰਮ ਕਰਦੇ ਸਨ, ਉਨ੍ਹਾਂ ਨੇ ਵੀ ਰਾਮ ਮੰਦਰ ਦਾ ਸੁਪਨਾ ਦੇਖਿਆ, ਹੁਣ ਅੱਜ ਜਦੋਂ ਰਸਮਾਂ ਪੂਰੀਆਂ ਹੋ ਗਈਆਂ ਹਨ; 'ਰਾਮ ਰਾਜ' ਦਾ ਝੰਡਾ ਲਹਿਰਾਇਆ ਗਿਆ ਹੈ।’’