ਪਟਿਆਲਾ (ਕਾਕਾ ਰਾਮ ਵਰਮਾ):- ਪੰਜਾਬ ਪੁਲਿਸ ਦੇ ਆਵਾਜਾਈ ਸਿੱਖਿਆ ਸੈੱਲ, ਪਟਿਆਲਾ ਦੀ ਇੰਸਪੈਕਟਰ ਸਰਬਜੀਤ ਕੌਰ ਅਤੇ ਏਐਸਆਈ ਰਾਮ ਸ਼ਰਨ ਵੱਲੋਂ ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਨਾਲ ਮਿਲ ਕੇ ਇੱਕ ਟੀਮ ਵਜੋਂ ਸਿੱਖਿਆ ਸੰਸਥਾਵਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਅਤੇ ਫ਼ਰਜ਼ਾਂ, ਫਸਟ ਏਡ, ਸੀਪੀਆਰ ਅਤੇ ਫਾਇਰ ਸੇਫਟੀ ਤੋਂ ਇਲਾਵਾ ਨਸ਼ਿਆਂ, ਅਪਰਾਧਾਂ, ਸਾਈਬਰ ਕ੍ਰਾਈਮ, ਕਿਡਨੈਪਿੰਗ, ਘਰੋਂ ਭੱਜਣ ਮਗਰੋਂ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਅਤੇ ਪੋਕਸੋ ਐਕਟ ਤਹਿਤ ਮਿਲਣ ਵਾਲੀਆਂ ਸਜ਼ਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਦੋਸਤਾਂ ਨਾਲ ਮਤਭੇਦ ਹੋਣ ਜਾਂ ਮਾਪਿਆਂ ਤੋਂ ਨਾਰਾਜ਼ ਹੋਣ ਕਾਰਨ ਘਰੋਂ ਭੱਜਣ ਵਾਲੀਆਂ ਲੜਕੀਆਂ ਅਤੇ ਲੜਕਿਆਂ ਨੂੰ ਦੂਜੇ ਰਾਜਾਂ ਜਾਂ ਵਿਦੇਸ਼ਾਂ ਵਿੱਚ ਲਿਜਾਇਆ ਜਾ ਸਕਦਾ ਹੈ, ਹੋਟਲਾਂ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਗ਼ਲਤ ਲੋਕਾਂ ਦੇ ਹੱਥ ਵੇਚਿਆ ਜਾ ਸਕਦਾ ਹੈ। ਜਾਗਰੂਕਤਾ ਸੰਦੇਸ਼ ਅਨੁਸਾਰ, ਉਨ੍ਹਾਂ ਨੂੰ ਖ਼ਰੀਦਣ ਵਾਲੇ ਲੋਕਾਂ ਵੱਲੋਂ ਨਸ਼ਿਆਂ ਦੀ ਖ਼ਰੀਦ-ਵੇਚ, ਵੇਸਵਾਗਿਰੀ, ਹੋਟਲਾਂ ਵਿੱਚ ਨੱਚਣ ਅਤੇ ਰਾਤ ਸਮੇਂ ਅਮੀਰ ਲੋਕਾਂ ਦਾ ਜਿਨਸੀ ਸ਼ੋਸ਼ਣ ਕਰਨ ਵਰਗੇ ਗ਼ੈਰ-ਕਾਨੂੰਨੀ ਕੰਮ ਕਰਵਾਏ ਜਾ ਸਕਦੇ ਹਨ। ਅਜਿਹੇ ਲੜਕੇ-ਲੜਕੀਆਂ ਨੂੰ ਗ਼ੁਲਾਮਾਂ ਵਾਂਗ ਰੱਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਆਪਣੇ ਪਰਿਵਾਰਾਂ ਕੋਲ ਵਾਪਸ ਪਰਤਣ ਦੇ ਰਸਤੇ ਹਮੇਸ਼ਾ ਲਈ ਬੰਦ ਹੋ ਸਕਦੇ ਹਨ।

ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਹਰ ਸਾਲ ਲੱਖਾਂ ਲੜਕੇ-ਲੜਕੀਆਂ ਮਨੁੱਖੀ ਤਸਕਰੀ ਕਰਨ ਵਾਲੇ ਲੋਕਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਜਿਹੜੇ ਲੜਕੇ-ਲੜਕੀਆਂ ਅਜਿਹੇ ਗ਼ਲਤ ਅਤੇ ਗ਼ੈਰ-ਕਾਨੂੰਨੀ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨਾਲ ਕੁੱਟਮਾਰ ਅਤੇ ਤਸ਼ੱਦਦ ਕੀਤਾ ਜਾ ਸਕਦਾ ਹੈ। ਜਾਗਰੂਕਤਾ ਸੈਸ਼ਨ ਦੌਰਾਨ ਅੰਗਾਂ ਦੀ ਤਸਕਰੀ ਦੇ ਖ਼ਤਰਿਆਂ ਬਾਰੇ ਵੀ ਦੱਸਿਆ ਗਿਆ, ਜਿਸ ਵਿੱਚ ਗੁਰਦੇ, ਅੱਖਾਂ, ਜਿਗਰ ਅਤੇ ਦਿਲ ਵਰਗੇ ਅੰਗਾਂ ਨੂੰ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਕੱਢ ਕੇ ਵੇਚਣ ਅਤੇ ਮਨੁੱਖੀ ਮਾਸ ਨੂੰ ਜਾਨਵਰਾਂ ਦੇ ਮਾਸ ਵਿੱਚ ਮਿਲਾ ਕੇ ਵੇਚਣ ਦੇ ਦਾਅਵਿਆਂ ਦਾ ਜ਼ਿਕਰ ਕੀਤਾ ਗਿਆ।

ਅਧਿਆਪਕਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਅਤੇ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਰੈੱਡ ਕਰਾਸ ਤੋਂ ਸੇਵਾਮੁਕਤ ਹੋਣ ਮਗਰੋਂ ਵੀ ਵਿਦਿਆਰਥੀਆਂ ਨੂੰ ਸੁਰੱਖਿਆ, ਸਨਮਾਨ, ਖ਼ੁਸ਼ਹਾਲੀ, ਤਰੱਕੀ, ਫਸਟ ਏਡ, ਸੀਪੀਆਰ ਅਤੇ ਫਾਇਰ ਸੇਫਟੀ ਬਾਰੇ ਜਾਗਰੂਕ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।